ਸੰਯੁਕਤ ਮੋਰਚੇ ਦੇ ਬੈਨਰ ਹੇਠ ਲਾਇਆ ਮੋਰਚਾ
ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਲੰਮੇ ਸਮੇਂ ਤੋਂ ਸੰਗਤ ਮੰਗ ਕਰਦੀ ਆ ਰਹੀ ਸੀ, ਆਖਰ ਭਾਰਤ, ਪਾਕਿਸਤਾਨ ਸਰਕਾਰ ਨੇ ਇਹ ਲਾਂਘਾ ਖੋਲਿਆ। ਭਾਰਤ ਵਾਲੇ ਪਾਸੇ ਲਾਂਘੇ ਲਈ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ। ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਤਿੰਨ ਪਿੰਡਾਂ ਦੇ ਕਿਸਾਨਾਂ ਨੇ ਕਰਤਾਰਪੁਰ ਕੋਰੀਡੋਰ ਦੇ ਮੁੱਖ ਗੇਟ ਸਾਹਮਣੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੋਰੀਡੋਰ ਅੰਦਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ। ਦੋਸ਼ ਲਾਇਆ ਕਿ ਜਦੋਂ ਕੋਰੀਡੋਰ ਬਣਾਉਣ ਵਾਸਤੇ ਕੇਂਦਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਸੀ, ਉਸ ਸਮੇਂ ਕਿਹਾ ਗਿਆ ਸੀ ਕਿ ਬਣਦੇ ਮੁਆਵਜ਼ੇ ਸਮੇਤ ਜ਼ਮੀਨ ਦੇਣ ਵਾਲੇ ਹਰ ਕਿਸਾਨ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ਜਾਂ ਪੰਜ ਲੱਖ ਰੁਪਏ ਦਿੱਤੇ ਜਾਣਗੇ। ਇੱਕ ਮੈਂਬਰ ਦੀ ਪੈਨਸ਼ਨ ਵੀ ਲਾਈ ਜਵੇਗੀ ਪਰ ਅਜੇ ਤਕ ਇਹ ਵਾਅਦੇ ਖਾਲੀ ਲਿਫਾਫੇ ਹੀ ਸਾਬਤ ਹੋਏ ਹਨ। ਤੇ ਕਈ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਕਿਸਾਨਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਬਣਨ ਨਾਲ ਉਨ੍ਹਾਂ ਦੀਆਂ ਜ਼ਮੀਨਾਂ ਨੀਵੀਆਂ ਹੋ ਗਈਆਂ, ਪਾਣੀ ਦਾ ਨਿਕਾਸ ਨਹੀਂ ਹੁੰਦਾ ਤੇ ਫਸਲਾਂ ਖ਼ਰਾਬ ਹੋ ਜਾਂਦੀਆਂ ਨੇ। ਜ਼ਮੀਨਾਂ ਵਿੱਚ ਲੱਗੇ ਟਿਊਬਵੈਲ, ਪਸ਼ੂ ਸ਼ੈਡ ਤੇ ਦਰੱਖਤਾਂ ਦੇ ਮੁਆਵਜ਼ੇ ਦੇ ਪ੍ਰਪੋਜ਼ਲ ਬਣਾ ਕੇ ਭੇਜੇ ਸੀ, ਉਹ ਮੁਆਵਜ਼ਾ ਵੀ ਨਹੀਂ ਮਿਲਿਆ। ਲਾਂਘੇ ਦੇ ਉਦਘਾਟਨ ਸਮੇਂ 46 ਕਿਲ੍ਹੇ ਜ਼ਮੀਨ ਵਿੱਚ ਲਗਾਏ ਗਏ ਟੈਂਟ ਸਿਟੀ ਤੇ ਪੰਡਾਲ ਉਸ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਬਾਰੇ ਲਗਤਾਰ ਪ੍ਰਸ਼ਾਸਨਕ ਅਧਿਕਾਰੀਆਂ ਤੱਕ ਪਹੁੰਚ ਕਰਦੇ ਰਹੇ ਪਰ ਕੀਤੇ ਕੋਈ ਸੁਣਵਾਈ ਨਹੀਂ ਹੋਈ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ, ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
Comment here