ਸਿਆਸਤਖਬਰਾਂ

ਕਰਜ਼ੇ ਨੇ ਨਿਗਲੇ ਦੋ ਮਿੱਟੀ ਦੇ ਪੁੱਤ

ਮਾਨਸਾ, ਫਾਜ਼ਿਲਕਾ-ਕੌਣ ਆਖੇ ਰਾਣੀ ਨੂੰ ਕਿ ਅੱਗਾ ਢਕ… ਕਿਸਾਨੀ ਮੁੱਦੇ ਤੇ ਜੋਰਸ਼ੋਰ ਨਾਲ ਸਿਆਸਤ ਕਰ ਰਹੀ ਪੰਜਾਬ ਦੀ ਕਾਂਗਰਸ ਸਰਕਾਰ ਤੇ ਇਹ ਕਹੌਤ ਸਹੀ ਢੁਕਦੀ ਹੈ। ਲਖੀਮਪੁਰ ਖੀਰੀ ਚ ਵਾਪਰੇ ਦੁਖਦ ਘਟਨਾਕ੍ਰਮ ਦੀ ਭੇਟ ਚੜੇ ਕਿਸਾਨਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਉਣ ਲਈ ਕਾਂਗਰਸ ਦੇ ਵਡੇ ਕਾਫਲੇ ਜਾ ਰਹੇ ਨੇ। ਇਧਰ ਪੰਜਾਬ ਚ ਮਾੜੇ ਸਿਸਟਮ ਦੀ ਭੇਟ ਚੜ ਰਹੇ ਕਿਸਾਨਾਂ ਦੇ ਵਾਰਸਾਂ ਨਾਲ ਕਾਣੀ ਵੰਡ ਕਿਉਂ?ਪੰਜਾਬ ਦੀ ਨਰਮਾ ਪੱਟੀ ਚ ਗੁਲਾਬੀ ਸੁੰਡੀ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਮੂਹਰੇ ਹਨੇਰ ਵਿਛਾ ਦਿਤਾ ਹੈ, ਹਰ ਦਿਨ ਨਰਮੇ ਦੀ ਤਬਾਹੀ ਕਾਰਨ ਪਰੇਸ਼ਾਨ ਕਿਸਾਨ ਤੇ ਖੇਤ ਮਜ਼ਦੂਰ ਵਲੋਂ ਖੁਦਕੁਸ਼ੀ ਦਾ ਕੋਈ ਨਾ ਕੋਈ ਮਾਮਲਾ ਆਉਂਦਾ ਹੈ। ਸਿਰ ਤੇ ਕਿਸਾਨੀ ਝੰਡੇ ਟੰਗ ਕੇ ਸਿਆਸੀ ਪਖੰਡ ਕਰਨ ਵਾਲੇ ਮੌਜੂਦਾ ਸੱਤਾਧਾਰੀਆਂ ਨੂੰ ਪੰਜਾਬ ਚ ਮਚਦੇ ਕਿਸਾਨਾਂ ਮਜ਼ਦੂਰਾਂ ਦੇ ਸਿਵੇ ਕਿਉਂ ਨਹੀਂ ਦਿਸ ਰਹੇ? ਕਿ ਇਥੇ ਵੀ ਗੰਦਾ ਸਿਸਟਮ ਕਿਸਾਨਾਂ ਮਜ਼ਦੂਰਾਂ ਨੂੰ ਕੁਚਲ ਰਿਹਾ ਹੈ, ਦਰੜ ਰਿਹਾ ਹੈ। ਕਲ ਵੀ ਨਰਮਾ ਪੱਟੀ ਵਾਲੇ ਮਾਨਸਾ ਜ਼ਿਲ੍ਹੇ ਤੇ ਪਿੰਡ ਘੁਦੂਵਾਲਾ ਦੇ ਇਕ ਕਿਸਾਨ ਨੇ ਫਸਲ ਦੀ ਬਰਬਾਦੀ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਕਿਸਾਨ ਨੇ ਖੁਦਕੁਸ਼ੀ ਕਰ ਲਈ।
ਪਿੰਡ ਘੁੱਦਵਾਲਾ ਵਿਖੇ ਕਿਸਾਨ ਦਰਸ਼ਨ ਸਿੰਘ ਪੁੱਤਰ ਕੌਰ ਸਿੰਘ ਵਾਸੀ ਪਟਵਾਲਾ ਬਲਾਕ ਝੁਨੀਰ ਦੇ ਬਿਰਧ ਪਿਤਾ ਜੋ ਕਿ ਮੰਜੇ ਤੇ ਪਏ ਸਨ। ਘਰ ਦੀ ਕਬੀਲਦਾਰੀ ਨੂੰ ਚਲਾਉਣ ਵਾਸਤੇ ਪਿਤਾ ਦੇ ਨਾਮ ਉੱਤੇ ਬੈਂਕ ਤੋਂ ਤੇ ਆੜਤੀਏ ਤੋਂ ਕਰਜਾ ਲਿਆ ਸੀ। ਕਰਜ਼ਾ ਲਾਉਣ ਵਾਸਤੇ  ਜ਼ਮੀਨ ਠੇਕੇ ‘ਤੇ ਲਈ ਸੀ। ਜਿਨ੍ਹਾਂ ਕੋਲ 2 ਏਕੜ ਜਮੀਨ ਅਪਣੀ ਹੈ ਜਿਸ ਵਿੱਚੋਂ ਇੱਕ ਏਕੜ ਜਮੀਨ ਸੇਮ ਦੇ ਕਾਰਨ ਖੜੀ ਹੋਈ ਹੈ ਜੋ ਜ਼ਮੀਨ ਠੇਕੇ ਤੇ ਲਈ ਸੀ। ਉਸ ਵਿੱਚ ਨਰਮੇ ਦੀ ਫਸਲ ਬੀਜੀ ਹੋਈ ਹੈ ਜੋ ਕਿ ਗੁਲਾਬੀ ਸੁੰਡੀ ਕਾਰਨ ਬਰਬਾਦ ਹੋ ਚੁੱਕੀ ਹੈ । ਜਿਸ ਦਾ ਦੁੱਖ ਨਾ ਸਹਾਰਦਾ ਹੋਇਆ ਦਰਸ਼ਨ ਸਿੰਘ ਜਹਰੀਲੀ ਚੀਜ਼ ਖਾ ਕੇ ਅੱਜ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ  ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੂ ਨੇ ਕਿਹਾ ਕਿ ਜੇ ਸਰਕਾਰਾ ਫਸਲਾ ਦੇ ਬੀਜ ਤੇ ਕੀਟਨਾਸ਼ਕ ਬਣਾਉਣ ਵਾਲੀਆ ਦਵਾਈਆ ਦੀਆ ਕੰਪਨੀਆਂ ਉੱਤੇ ਨਕੇਲ ਨਾ ਕਸੀ ਤਾਂ ਕਿਸਾਨਾਂ ਤੇ ਮਜਦੂਰਾਂ ਦੀਆ ਖੁਦਕੁਸ਼ੀਆਂ ਵਿੱਚ ਵਾਧਾ ਹੋ ਸਕਦਾ ਹੈ। ਉੱਥੇ ਬਲਾਕ ਆਗੂ ਦਲੇਲ ਸਿੰਘ ਮੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦਾ ਜੋ ਸਮੂਚਾ ਕਰਜਾ ਹੈ ਉਹ ਮਾਫ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਇਸ ਪਰਿਵਾਰ ਨੂੰ ਸਰਕਾਰ ਮਾਲੀ ਸਹਾਇਤਾ ਦੇਵੇ ਤਾਂ ਕਿ ਪਰਿਵਾਰ ਅਪਣਾ ਜੀਵਨ ਗੁਜਾਰਾ ਕਰ ਸਕੇ ਮ੍ਰਿਤਕ ਆਪਣੇ ਪਿੱਛੇ ਬੁੱਢੇ ਮਾਪਿਆਂ ਅਤੇ ਦੋ ਬੱਚਿਆਂ ਅਤੇ ਪਤਨੀ ਨੂੰ ਕਰਜ਼ਦਾਰ ਵਜੋਂ ਛੱਡ ਗਿਆ ਹੈ।

ਫਾਜ਼ਿਲਕਾ ਤੋਂ ਵੀ ਆਈ ਦੁਖਦ ਖਬਰ

ਫਾਜ਼ਿਲਕਾ ਉਪਮੰਡਲ ਦੇ ਸਰਹੱਦੀ ਪਿੰਡ ਕਾਵਾਂਵਾਲੀ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਕਿਸਾਨ ਤੇ ਕਰੀਬ 12 ਲੱਖ ਰੁਪਏ ਬੈਂਕ ਦਾ ਕਰਜ਼ਾ ਸੀ ਜਦਕਿ ਉਸ ਨੇ ਆੜ੍ਹਤੀ ਤੋਂ ਵੀ ਕਰਜ਼ ਲਿਆ ਹੋਇਆ ਸੀ।ਜਾਣਕਾਰੀ ਦੇ ਮੁਤਾਬਕ ਮ੍ਰਿਤਕ ਰਾਮ ਸਿੰਘ ਨੇ ਬੈਂਕ ਅਤੇ ਆੜ੍ਹਤੀ ਤੋਂ ਕਰਜ਼ਾ ਲਿਆ ਹੋਇਆ ਸੀ, ਜਿਸ ਨਾਲ ਉਹ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਚੱਲ ਰਿਹਾ ਸੀ। ਬੇਮੌਸਮੀ ਮੀਂਹ ਅਤੇ ਹਨ੍ਹੇਰੀ ਨਾਲ ਉਸ ਦੀ ਝੋਨੇ ਦੀ ਫਸਲ ਵੀ ਪ੍ਰਭਾਵਿਤ ਹੋਈ ਸੀ, ਜਿਸਦੇ ਚਲਦੇ ਉਹ ਮਾਨਸਿਕ ਤਨਾਅ ’ਚ ਸੀ।  ਰਾਮ ਸਿੰਘ ਤੇ ਬੀਮਾਰੀ ਦੇ ਚੱਲਦੇ ਵੀ ਕਰਜ਼ੇ ਦਾ ਬੋਝ ਵੱਧ ਗਿਆ ਸੀ। ਮੰਗਲਵਾਰ ਨੂੰ ਇਸੇ ਪਰੇਸ਼ਾਨੀ ਦੇ ਚੱਲਦੇ ਸ਼ਾਮ ਨੂੰ ਜ਼ਹਿਰੀਲੀ ਦਵਾਈ ਪੀ ਲਈ। ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਰਾਤ ਨੂੰ ਉਸ ਨੇ ਦਮ ਤੋੜ ਦਿੱਤਾ। ਇਲਾਕੇ ਦੇ ਮੋਹਤਬਰਾਂ ਅਤੇ ਕਿਸਾਨ ਆਗੂਆਂ ਨੇ ਪੀੜਤ ਪਰਿਵਾਰ ਦਾ ਸਾਰਾ ਕਰਜਾ ਮਾਫ ਕਰਨ, ਵਿੱਤੀ ਮਦਦ ਕਰਨ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

Comment here