ਸਿਆਸਤਖਬਰਾਂ

ਕਰਜ਼ੇ ਤੇ ਆਰਥਿਕ ਤੰਗੀ ਨੇ ਨਿਗਲੀਆਂ ਤਿੰਨ ਜਾਨਾਂ

ਬਰਨਾਲਾ, ਬਠਿੰਡਾ, ਮਾਨਸਾ- ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਵੀ ਕਰਜ਼ੇ ਤੇ ਆਰਥਿਕ ਤੰਗੀ ਦਾ ਦੈਂਤ ਮਨੁੱਖੀ ਜਾਨਾਂ ਨਿਗਲਣੋਂ ਨਹੀੰ ਰੁਕਿਆ। ਲੰਘੇ ਦਿਨ ਤਿੰਨ ਜਾਨਾਂ ਆਰਥਿਕ ਤੰਗੀ ਕਰਕੇ ਅਜਾਈਂ ਚਲੀਆਂ ਗਈਆਂ। ਬਰਨਾਲਾ ਦੇ ਕਸਬਾ ਮਹਿਲ ਕਲਾਂ ਵਿਖੇ ਘਰ ਦੀ ਆਰਥਿਕ ਤੰਗੀ ਕਰਕੇ ਮਾਨਸਿਕ ਪ੍ਰੇਸ਼ਾਨੀ ‘ਤੇ ਚੱਲਦਿਆ 12ਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਜਗਮੋਹਣ ਸਿੰਘ  ਨੇ ਆਪਣੇ ਘਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਦੋ ਕੁ ਮਹੀਨੇ ਪਹਿਲਾ ਉਸ ਦੇ ਨੌਜਵਾਨ ਭਰਾ ਨੇ ਗਰੀਬੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦਿਨ ਤੋਂ ਹੀ ਅਮਨਦੀਪ ਸਦਮੇ ‘ਚੋਂ ਗੁਜ਼ਰ ਰਹੀ ਸੀ। ਪਿੰਡ ਦੇ ਮੁਹਤਬਰਾਂ ਨੇ ਪੀੜਤ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।

ਮੰਡੇਰ ਦੇ ਕਿਸਾਨ ਨੇ ਦਿੱਤੀ ਜਾਨ

ਬਰੇਟਾ ਮੰਡੀ ਨੇੜਲੇ ਪਿੰਡ ਮੰਡੇਰ ਵਾਸੀ ਕਿਸਾਨ ਨੇ ਕਰਜ਼ੇ ਤੋਂ ਅੱਕ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੈ।  ਜਗਦੀਸ਼ ਸਿੰਘ (35) ਲੰਬੇ ਸਮੇਂ ਤੋਂ ਕਰਜ਼ੇ ਕਾਰਨ ਪਰੇਸ਼ਾਨ ਰਹਿੰਦਾ ਸੀ ਜਿਸ ਨੇ ਕਰਜ਼ੇ ਦੇ ਭਾਰ ਨੂੰ ਨਾ ਸਹਿੰਦਿਆਂ ਹੋਇਆਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਮਰਹੂਮ ਆਪਣੇ ਪਿੱਛੇ ਤਿੰਨ ਲੜਕੀਆਂ ਤੇ ਪੁੱਤਰ ਛੱਡ ਗਿਆ ਹੈ।ਪੁਲਿਸ ਨੇ ਮਿ੍ਤਕ ਦੀ ਪਤਨੀ ਮਨਦੀਪ ਕੌਰ ਦੇ ਬਿਆਨਾਂ ਤੇ 174 ਅਧੀਨ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਦੇਹ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਬੀਕੇਯੂ ਡਕੌਦਾ ਦੇ ਮਹਿੰਦਰ ਸਿੰਘ ਭੈਣੀਬਾਘਾ ਨੇ ਮੌਜੂਦਾ ਸਰਕਾਰਾਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਵਰਗ ਖੁਦਕੁਸ਼ੀ ਦੇ ਰਾਹ ਪਿਆ ਹੋਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮਿ੍ਤਕ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ

ਮਿਰਜ਼ੇਆਣਾ ਦੇ ਕਿਸਾਨ ਨੇ ਨਿਗਲੀ ਜ਼ਹਿਰ

ਤਲਵੰਡੀ ਸਾਬੋ ਨਜ਼ਦੀਕ ਪੈਂਦੇ ਪਿੰਡ ਮਿਰਜ਼ੇਆਣਾ ਦੇ ਕਿਸਾਨ ਜਸਵੰਤ ਸਿੰਘ (45) ਪੁੱਤਰ ਜਰਨੈਲ ਸਿੰਘ ਦੇ ਸਿਰ ਸਰਕਾਰੀ ਤੇ ਗੈਰ ਸਰਕਾਰੀ ਦਸ ਲੱਖ ਦੇ ਕਰੀਬ ਕਰਜ਼ਾ ਸੀ। ਪਿੰਡ ਦੇ ਮੋਹਤਬਰ ਮੇਜਰ ਮਿਰਜੇਆਣਾ ਅਤੇ ਡਾ. ਮਲਕੀਤ ਸਿੰਘ ਨੇ ਦੱਸਿਆ ਕਿ ਕਿਸਾਨ ਜਸਵੰਤ ਸਿੰਘ ਕੋਲ ਆਪਣੀ ਸਿਰਫ਼ ਤਿੰਨ ਕੁ ਏਕੜ ਜ਼ਮੀਨ ਸੀ ਅਤੇ ਹੋਰ ਜ਼ਮੀਨ ਠੇਕੇ ਉਪਰ ਲੈ ਕੇ ਖੇਤੀ ਕਰਦਾ ਸੀ। ਇਸ ਵਾਰ ਵੀ ਉਸ ਨੇ ਬਾਰ੍ਹਾਂ ਕੁ ਏਕੜ ਜ਼ਮੀਨ ਠੇਕੇ ’ਤੇ ਲਈ ਸੀ। ਜਸਵੰਤ ਸਿੰਘ ਨੇ ਸਾਰੀ ਜ਼ਮੀਨ ਵਿੱਚ ਨਰਮੇ ਦੀ ਫਸਲ ਬੀਜੀ ਸੀ ਪਰ ਨਰਮੇ ਦੀ ਫਸਲ ਗੁਲਾਬੀ ਸੁੰਡੀ ਨੇ ਤਬਾਹ ਕਰ ਦਿੱਤੀ। ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਅਤੇ ਯੋਗ ਮੁਆਵਜ਼ਾ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਇਕੱਲਾ ਹੀ ਕਮਾ ਕੇ ਸਾਰੇ ਪਰਿਵਾਰ ਨੂੰ ਪਾਲਦਾ ਸੀ ਤੇ ਹੁਣ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ।

 

Comment here