ਖੇਡ ਖਿਡਾਰੀ

ਕਮਾਲ ਦੀ ਸੀ ਜਸਦੇਵ ਸਿੰਘ ਦੀ ਹਾਕੀ ਕੁਮੈਂਟਰੀ

-ਪ੍ਰੋਫੈਸਰ ਪਰਮਜੀਤ ਸਿੰਘ
1948 ’ਚ ਮਹਾਤਮਾ ਗਾਂਧੀ ਦੇ ਦਾਹ ਸੰਸਕਾਰ ਦੀ ਅੰਤਿਮ ਯਾਤਰਾ ਦੇ ਸਮੇਂ ਵਿਸ਼ਵ ਪ੍ਰਸਿੱਧ ਅੰਗਰੇਜ਼ੀ ਕੁਮੈਂਟੇਟਰ ਮੈਲਵਿਲ ਡਿਮੋਲੋ ਦੀ ਕੁਮੈਂਟਰੀ ਨੂੰ ਸੁਣ ਕੇ ਰਾਜਸਥਾਨ ਦੇ ਜ਼ਿਲ੍ਹੇ ਮਾਧੋਪੁਰ ਦੇ ਪਿੰਡ ਬੋਲੀ ਦਾ ਇਕ ਬੀ.ਏ. ਭਾਗ ਪਹਿਲਾ ਦਾ ਵਿਦਿਆਰਥੀ ਏਨਾ ਭਾਵੁਕ ਹੋਇਆ, ਉਹ ਛੇਤੀ ਨਾਲ ਕੋਲ ਬੈਠੀ ਆਪਣੀ ਮਾਂ ਨੂੰ ਕਹਿਣ ਲੱਗਾ, ’ਮਾਂ ਮੈਂ ਦੁਨੀਆ ਦਾ ਇਕ ਵੱਡਾ ਹਿੰਦੀ ਦਾ ਕੁਮੈਂਟੇਟਰ ਬਣਾਂਗਾ।’ ਮਾਂ ਨੇ ਨੌਨਿਹਾਲ ਦੇ ਮੋਢੇ ਨੂੰ ਪਿਆਰ ਨਾਲ ਪਲੋਸਦਿਆਂ ਕਿਹਾ, ’ਤੇਰੇ ਕੋਲੋਂ ਇਹ ਨਹੀਂ ਹੋਵੇਗਾ। ਨਹੀਂ ਮਾਂ! ਕਹਿ ਦਿੱਤਾ ਤਾਂ ਕਹਿ ਦਿੱਤਾ।’ ਇਹ ਪ੍ਰਤਿੱਗਿਆ, ਇਹ ਵਚਨਬੱਧਤਾ ਸੀ ਉਸ ਜਸਦੇਵ ਸਿੰਘ ਦੀ, ਜਿਸ ਨੂੰ ਅਸੀਂ ਦੁਨੀਆ ਦਾ ਸਭ ਤੋਂ ਬਹੁਚਰਚਿਤ ਹਿੰਦੀ ਖੇਡ ਕੁਮੈਂਟੇਟਰ ਮੰਨਦੇ ਹਾਂ। ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਕੁਮੈਂਟਰੀ ਡੈਸਕ ’ਤੇ ਆਪਣੀ ਸੁਰੀਲੀ, ਆਕਰਸ਼ਕ ਆਵਾਜ਼ ਨਾਲ ਖੇਡ ਕੁਮੈਂਟੇਟਰੀ ਵਿਚ ਸਨਸਨੀ ਫੈਲਾਈ। ਹਾਕੀ ਕੁਮੈਂਟਰੀ ਕਰਨ ਵਿਚ ਅਜੇ ਤੱਕ ਕੋਈ ਉਨ੍ਹਾਂ ਦਾ ਸਾਨੀ ਨਹੀਂ। ਭਾਰਤੀ ਹਾਕੀ ਦੇ ਸੁਨਹਿਰੀ ਕਾਲ ਦੀ ਸਭ ਤੋਂ। ਵੱਡੀ ਖੁਸ਼ਕਿਸਮਤੀ ਇਹ ਸੀ ਕਿ ਉਸ ਵੇਲੇ ਦੇ ਭਾਰਤੀ ਹਾਕੀ ਖਿਡਾਰੀਆਂ ਨੂੰ ਅਵਾਮ ’ਚ ਹਰਮਨ-ਪਿਆਰੇ ਕਰਨ ਲਈ ਸ. ਜਸਦੇਵ ਸਿੰਘ ਦੀ ਆਵਾਜ਼ ਮਿਲੀ। ਲੋਕ ਵਿਸ਼ਵ ਕੱਪ ਹਾਕੀ, ਉਲੰਪਿਕ ਹਾਕੀ ਦੇ ਟੂਰਨਾਮੈਂਟ ਦੀ ਰੇਡੀਓ ਕੁਮੈਂਟਰੀ ਸੁਣਨ ਲਈ ਸਾਰੇ ਰੁਝੇਵੇਂ ਛੱਡ ਕੇ ਘਰਾਂ, ਗਲੀਆਂ, ਬਾਜ਼ਾਰਾਂ, ਦਫ਼ਤਰਾਂ ’ਚ ਇਕ ਰੇਡੀਓ ਦੇ ਆਲੇ-ਦੁਆਲੇ ਵੱਡੇ ਹਜ਼ੂਮ ਵਿਚ ਇਕੱਠੇ ਹੋ ਜਾਂਦੇ। ਦਹਾਕਿਆਂ ਤੱਕ, ਇਹ 1964 ਤੋਂ ਲੈ ਕੇ 2000 ਤੱਕ ਇਹੋ ਜਿਹਾ ਹਾਕੀ ਮੁਹੱਬਤੀ ਮੰਜ਼ਰ ਵੇਖਣ ਨੂੰ ਮਿਲਦਾ ਰਿਹਾ। ਭਾਰਤੀ ਟੀਮ ਦੇ ਮੈਦਾਨ ਵਿਚ ਉਤਰਨ ਦਾ ਸੀਨ, ਖੇਡ ਆਰੰਭ ਹੋਣ ਦੀ ਜਾਣਕਾਰੀ, ਟੀਮ ਦੇ ਖਿਡਾਰੀਆਂ ਦੀ ਸਰੀਰਕ ਭਾਸ਼ਾ, ਪੈਨਲਟੀ ਕਾਰਨਰ ਮਿਲਣ ਵੇਲੇ, ਕਿਸੀ ਖਿਡਾਰੀ ਵਲੋਂ ਚੰਗੀ ਡਰਿਬਲਿੰਗ, ਡਾਜਿੰਗ ਦਾ ਪ੍ਰਦਰਸ਼ਨ ਗੇਂਦੇ, ਕੰਟਰੋਲ, ਚੰਗਾ ਪਾਸਿੰਗ ਸਿਸਟਮ ਅਤੇ ਭਾਰਤ ਵਲੋਂ ਗੋਲ ਕਰਨ ਅਤੇ ਭਾਰਤੀ ਟੀਮ ਵਿਰੁੱਧ ਗੋਲ ਹੋਣ ਦੀ ਸਾਰੀ ਕਹਾਣੀ ਨੂੰ ਜਸਦੇਵ ਸਿੰਘ ਆਪਣੀ ਸੁਰੀਲੀ ਆਵਾਜ਼ ਨਾਲ ਜਿਵੇਂ ਬਿਆਨਦੇ ਉਹ ਸਭ ਲਾਜਵਾਬ ਸੀ। ਭਾਰਤੀ ਟੀਮ ਦੇ ਜਿੱਤ ਦੇ ਜਸ਼ਨ ਜਾਂ ਹਾਰ ਦੇ ਗ਼ਮ ਵੇਲੇ ਉਹ ਖੇਡ ਸਰੋਤਿਆਂ ਨੂੰ ਏਨਾ ਭਾਵੁਕ ਕਰ ਦਿੰਦੇ ਸਨ ਕਿ ਕਈ ਆਪਣੀਆਂ ਅੱਖਾਂ ਨੂੰ ਨਮ ਹੋਣ ਤੋਂ ਨਹੀਂ ਸਨ ਰੋਕ ਸਕਦੇ, ਰੇਡੀਓ ਦੁਆਲੇ ਖੜ੍ਹੇ ਹੀ ਝੂਮ ਵੀ ਉਠਦੇ ਸਨ, ਬੇਕਾਬੂ ਵੀ ਹੋ ਜਾਂਦੇ ਸਨ।
18 ਮਈ, 1931 ਨੂੰ ਜਨਮੇ, 1985 ’ਚ ਪਦਮਸ੍ਰੀ ਉਲੰਪਿਕ ਆਰਡਰ ਨਾਲ ਨਿਵਾਜੇ ਜਾ ਚੁੱਕੇ,ਉਰਦੂ ਦੇ ਵਿਦਿਆਰਥੀ ਪਰ ਹਿੰਦੀ ਕੁਮੈਂਟਰੀ ਦੇ ਤਹਿਲਕਾ ਮਚਾਉਣ ਵਾਲੇ ਅਤੇ ਇੰਜੀਨੀਅਰਿੰਗ ਪਰਿਵਾਰ ਨਾਲ ਸੰਬੰਧਿਤ ਅਤੇ1960 ਤੋਂ ਕੁਮੈਂਟਰੀ ਦੀ ਸ਼ੁਰੂਆਤ ਕਰਨ ਵਾਲੇ ਅਤੇ ਬਿਨਾਂ ਕੋਈ ਸਕ੍ਰਿਪਟ ਬਣਾਏ, ਸਫਲ ਕੁਮੈਂਟਰੀ ਕਰਨ ਵਾਲੇ ਜਸਦੇਵ ਸਿੰਘ ਦਾ ਕੁਮੈਂਟਰੀ ਬਾਰੇ ਵਿਚਾਰ ਹੈ ਕਿ ਕੁਮੈਂਟੇਟਰ ਆਪਣੇ ਸ਼ਬਦਾਂ ਰਾਹੀਂ ਤਮਾਮ ਦ੍ਰਿਸ਼ ਦੀ ਜਾਣਕਾਰੀ ਤਾਂ ਦੇਵੇ ਪਰ ਜੋ ਕੁਝ ਰੇਡੀਓ ਜਾਂ ਟੀ.ਵੀ. ਰਾਹੀਂ ਪਾਠਕ ਇਸ ਤੋਂ ਇਲਾਵਾ ਹੋਰ ਵੀ ਸੁਣ ਸਕਦਾ ਹੈ, ਉਹ ਵੀ ਸੁਣਨ ਦੇਵੇ। ਉਨ੍ਹਾਂ ਦਾ ਕਹਿਣਾ ਹੈ ਕਿ ਖੇਡ ਜਗਤ ਦੀ ਕੁਮੈਂਟਰੀ ਨੇ ਉਨ੍ਹਾਂ ਨੂੰ ਕਿ ਵਿਸ਼ੇਸ਼ ਪਛਾਣ ਦਿੱਤੀ। ਅੱਠ ਵਿਸ਼ਵ ਕੱਪ ਹਾਕੀ, 9 ਉਲੰਪਿਕ ਹਾਕੀ ਟੂਰਨਾਮੈਂਟ, 6 ਏਸ਼ੀਅਨ ਖੇਡਾਂ, ਦੇਸ਼-ਵਿਦੇਸ਼ ’ਚ ਅਨੇਕਾਂ ਹਾਕੀ ਟੂਰਨਾਮੈਂਟਾਂ ਦੀ ਕੁਮੈਂਟਰੀ ਕੀਤੀ। ਕਈ ਪੀੜ੍ਹੀਆਂ ਨੂੰ ਉਨ੍ਹਾਂ ਵਰਗੀ ਮਜ਼ੇਦਾਰ ਕੁਮੈਂਟੇਟਰ ਦੇ ਅਨੁਸਾਰ, ਇਹ ਕਲਾ, ਇਹ ਫ਼ਨ ਲਗਨ ਨਾਲ ਆਉਂਦਾ ਹੈ। ਕੁਮੈਂਟਰੀ ਦੇ ਰੂਪ ਵਿਚ ਅੱਖੀਂ ਡਿੱਠਾ ਹਾਲ ਸੁਣਾਉਣ ਵਾਲੀ ਇਕ ਸੰਸਥਾ ਦੇ ਰੂਪ ’ਚ ਸਾਨੂੰ ਜਸਦੇਵ ਸਿੰਘ ਦਿਖਾਈ ਦਿੰਦੇ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਤੋਂ ਬਾਅਦ ਉਨ੍ਹਾਂ ਨੂੰ ਸਫਲ ਕੁਮੈਂਟਰੀ ਕਰਨ ਵਾਲੀ ਕੋਈ ਪੀੜ੍ਹੀ ਦਿਖਾਈ ਨਹੀਂ ਦਿੰਦੀ ਕਿਉਂਕਿ ਬੋਲਚਾਲ ਦੀ ਭਾਸ਼ਾ ਵੱਲ ਕਿਸੇ ਦਾ ਧਿਆਨ ਨਹੀਂ।
ਖੇਡ ਦੀ ਤਾਰੀਫ਼ ਕਰੋ, ਖਿਡਾਰੀ ਦੀ ਤਾਰੀਫ਼ ਕਰੋ, ਖੇਡ ਦੇ ਅੰਦਾਜ਼ ਦੀ ਪ੍ਰਸੰਸਾ ਕਰੋ, ਬਜਾਏ ਇਸ ਦੇ ਕਿ ਨਤੀਜੇ ’ਤੇ ਜਾਓ। ਸੁੰਦਰ ਭਾਸ਼ਾ ਸ਼ੈਲੀ ਦਾ ਪ੍ਰਯੋਗ ਕਰੋ। 49 ਵਾਰੀ ਗਣਤੰਤਰ ਦਿਵਸ ਅਤੇ 49 ਵਾਰੀ ਹੀ ਆਜ਼ਾਦੀ ਦਿਵਸ ਪਰੇਡ ’ਤੇ ਕੁਮੈਂਟਰੀ ਕਰਨ ਵਾਲੇ ਜਸਦੇਵ ਸਿੰਘ ਨੇ ਦੱਸਿਆ ਕਿ ਭਾਰਤ ਦੀ ਕੌਮੀ ਖੇਡ ਹਾਕੀ ਦੀ ਬਦੌਲਤ ਹੀ ਉਹ ਵਿਸ਼ਵ ਦੇ ਇਕੋ ਇਕ ਐਸੇ ਵਿਅਕਤੀ ਬਣੇ ਜਿਨ੍ਹਾਂ ਨੂੰ ਹਿੰਦੀ ਖੇਡ ਕੁਮੈਂਟਰੀ ਲਈ ’ਉਲੰਪਿਕ ਆਰਡਰ’ ਦਾ ਸਨਮਾਨ ਮਿਲਿਆ। ਮਹਾਰਾਜਾ ਕਾਲਜ ਜੈਪੁਰ ਦੇ ਇਸ ਵਿਦਿਆਰਥੀ ਨੂੰ ਹਮੇਸ਼ਾ ਲਾਲ ਰੰਗ ਦੀ ਪਗੜੀ ਬੰਨ੍ਹ ਕੇ ਹੀ ਕੁਮੈਂਟਰੀ ਕਰਨਾ ਪਸੰਦ ਸੀ। ਜੈਪੁਰ ਦੇ ਨੇੜੇ ਕਸਬੇ ਚਾਕਸ ਤੋਂ ਪੜ੍ਹੇ, ਪਿਤਾ ਸ: ਭਗਵੰਤ ਸਿੰਘ ਅਤੇ ਮਾਤਾ ਮਿਸਿਜ਼ ਰਜਵੰਤ ਕੌਰ ਦੇ ਬੇਟੇ ਜਸਦੇਵ ਸਿੰਘ ਨੇ ਦੁਨੀਆ ਭਰ ਦੇ ਹਾਕੀ ਪ੍ਰੇਮੀਆਂ ਦਾ ਧੰਨਵਾਦ ਕਰਨਾ ਚਾਹਿਆ, ਜਿਨ੍ਹਾਂ ਦੇ ਪਿਆਰ ਅਤੇ ਪਸੰਦਗੀ ਕਰਕੇ ਹੀ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਸ਼ੁਹਰਤ ਅਤੇ ਸਤਿਕਾਰ ਮਿਲਿਆ। ਜਾਣਾ ਤਾਂ ਹਰ ਜੀਵ ਨੇ ਹੁੰਦੈ, ਇਹ ਇਕ ਅਟੱਲ ਸਚਾਈ ਹੈ ਪਰ ਹਾਕੀ ਜਗਤ ਅੰਦਰ ਉਸ ਵੇਲੇ ਸੁੰਨ ਪਸਰ ਗਈ ਜਦੋਂ ਹਾਕੀ ਪ੍ਰੇਮੀਆਂ ਦੇ ਕੰਨੀਂ ਇਹ ਖ਼ਬਰ ਪਈ ਕਿ 25 ਸਤੰਬਰ, 2018 ਨੂੰ ਭਾਰਕੀ ਹਾਕੀ ਦੀ ਆਵਾਜ਼ ਜਸਦੇਵ ਸਿੰਘ ਕੁਮੈਂਟੇਟਰ ਨਹੀਂ ਰਹੇ।

Comment here