ਖੇਡ ਖਿਡਾਰੀਵਿਸ਼ੇਸ਼ ਲੇਖ

ਕਬੱਡੀ ਨੂੰ ‘ਨਸ਼ਾ ਅਨੁਸ਼ਾਸਨਹੀਣਤਾ ਅਤੇ ਸਿਫ਼ਾਰਸ਼ੀਆਂ’ ਤੋਂ ਮੁਕਤ ਕਰਨ ਦੀ ਲੋੜ

-ਮਨਜਿੰਦਰ ਸਿੰਘ
ਪੰਜਾਬੀਆਂ ਦੀ ਮਾਂ ਖੇਡ ਆਖੀ ਜਾਣ ਵਾਲੀ ਕਬੱਡੀ (ਸਰਕਲ ਸਟਾਈਲ) ਦੇ ਖੇਤਰ ਅੰਦਰ ਪਿਛਲੇ ਸਮੇਂ ਤੋਂ ਪਣਪੀਆਂ ਮਾੜੀਆਂ ਅਲਾਮਤਾਂ ’ਤੇ ਜੇਕਰ ਧਿਆਨ ਮਾਰੀਏ ਤਾਂ ਨਸ਼ਾ, ਅਨੁਸ਼ਾਸਨਹੀਣਤਾ ਤੇ ਸਿਫਾਰਸ਼ੀ ਨਾਂਅ ਦੇ ਸ਼ਬਦਾਂ ਨੇ ਸਾਰੇ ਹੱਦਾਂ ਬੰਨੇ ਟੱਪ ਇਕ ਐਸਾ ਸਾਮਰਾਜ ਉਸਾਰ ਲਿਆ ਸੀ, ਜਿਸ ਦੇ ਮਕੜਜਾਲ ਵਿਚੋਂ ਨਿਕਲਣਾ ਖੇਡ ਪ੍ਰਬੰਧਕਾਂ ਅਤੇ ਕਬੱਡੀ ਖਿਡਾਰੀਆਂ ਲਈ ਨਾਮੁਮਕਿਨ ਸੀ। ਪਿਛਲੇ ਸਮੇਂ ਤੋਂ ਕੋਰੋਨਾ ਨਾਂਅ ਦੀ ਮਹਾਂਮਾਰੀ ਨੇ ਜਿਥੇ ਬਾਕੀ ਖੇਤਰਾਂ ਵਿਚ ਆਪਣਾ ਤਾਂਡਵ ਨਾਚ ਨੱਚਿਆ ਉਥੇ ਹੀ ਕਬੱਡੀ ਦੇ ਖੇਤਰ ਅੰਦਰ ਵੀ ਕੋਈ ਕਸਰ ਬਾਕੀ ਨਾ ਛੱਡੀ। ਕਬੱਡੀ ਦੇ ਸਿਰ ਤੋਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲੇ ਕੋਚ, ਕਬੱਡੀ ਖਿਡਾਰੀ ਅਤੇ ਖੇਡ ਕੁਮੈਂਟੇਟਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ। ਇਸ ਸਾਰੇ ਵਰਤਾਰੇ ਦੌਰਾਨ ਖ਼ੁਦਕੁਸ਼ੀਆਂ ਦਾ ਦੌਰ ਵੀ ਜਾਰੀ ਰਿਹਾ। ਹੁਣ ਕੋਰੋਨਾ ਦਾ ਕਹਿਰ ਥੋੜ੍ਹਾ ਘੱਟ ਹੋਣ ਤੋਂ ਬਾਅਦ ਪੰਜਾਬ ਦੇ ਖੇਡ ਮੈਦਾਨਾਂ ਵਿਚ ਮੁੜ ਤੋਂ ਰੌਣਕਾਂ ਪਰਤਣ ਲੱਗੀਆਂ ਹਨ। ਪੰਜਾਬ ਅੰਦਰ ਅਗਸਤ ਮਹੀਨੇ ਤੋਂ ਲਗਭਗ ਵੱਡੇ ਖੇਡ ਮੇਲਿਆਂ ਦਾ ਆਗਾਜ਼ ਹੋ ਜਾਂਦਾ ਹੈ, ਜਿਥੇ ਪੰਜਾਬ ਦੇ ਨਾਮੀ ਖਿਡਾਰੀ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹਨ। ਪਿਛਲੇ ਦਿਨੀਂ ਕਈ ਥਾਈਂ ਹੋਏ ਖੇਡ ਮੇਲਿਆਂ ਨੇ ਚੰਗੀ ਸ਼ੁਰੂਆਤ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨ ਦਾ ਸਿਲਸਿਲਾ ਆਰੰਭ ਦਿੱਤਾ ਹੈ। ਤਕਰੀਬਨ ਇਹ ਕਬੱਡੀ ਟੂਰਨਾਮੈਂਟ ਅਗਸਤ ਤੋਂ ਸ਼ੁਰੂ ਹੋ ਕੇ ਮਾਰਚ ਦੇ ਅਖੀਰ ਤੱਕ ਸਮਾਪਤੀ ਵੱਲ ਵਧਦੇ ਹਨ। ਬਿਨਾਂ ਸ਼ੱਕ ਇਨ੍ਹਾਂ ਖੇਡ ਮੇਲਿਆਂ ਨੂੰ ਕੋਰੋਨਾ ਤੋਂ ਬਾਅਦ ਕਬੱਡੀ ਦੇ ਖੇਤਰ ਅੰਦਰ ਇਕ ਨਵੀਂ ਸ਼ੁਰੂਆਤ ਆਖਿਆ ਜਾ ਸਕਦਾ ਹੈ।
ਕਬੱਡੀ ਪ੍ਰਤੀ ਚਿੰਤਕ ਲੋਕਾਂ ਦਾ ਇਕ ਵੱਡਾ ਸਵਾਲ ਵਾਰ-ਵਾਰ ਜ਼ਿਹਨ ’ਚ ਆ ਰਿਹਾ ਹੈ, ਕੀ ਹੁਣ ਖੇਡ ਪ੍ਰਬੰਧਕਾਂ, ਖਿਡਾਰੀਆਂ ਅਤੇ ਦਰਸ਼ਕਾਂ ਵਲੋਂ ਕਬੱਡੀ ਦੇ ਖੇਤਰ ਅੰਦਰ ‘ਨਸ਼ਾ ਅਨੁਸ਼ਾਸਨਹੀਣਤਾ ਅਤੇ ਸਿਫ਼ਾਰਸ਼ੀ’ ਸ਼ਬਦਾਂ ’ਤੇ ਵਿਰਾਮ ਲਾ ਕੇ ਕੋਈ ਨਵੀਂ ਪੁਲਾਂਘ ਪੁੱਟੀ ਜਾਵੇਗੀ ਜਾਂ ਫਿਰ ਪਿਛਲੀ ਪੁਰਾਣੀ ਘਸੀ-ਪਿਟੀ ਰਵਾਇਤ ਨੂੰ ਹੀ ਬਰਕਰਾਰ ਰੱਖ ਕੇ ਅੱਗੇ ਵਧਣ ਦੀਆਂ ਟਾਹਰਾਂ ਮਾਰੀਆਂ ਜਾਣਗੀਆਂ। ਇਹ ਸਵਾਲ ਕਬੱਡੀ ਦੇ ਉਨ੍ਹਾਂ ਹਜ਼ਾਰਾਂ ਖੇਡ ਪ੍ਰੇਮੀਆਂ ਦੇ ਦਿਲ ਦੀ ਆਵਾਜ਼ ਵੀ ਹੈ ਜੋ ਅੱਧੀ-ਅੱਧੀ ਰਾਤ ਤੱਕ ਆਪਣੀ ਨੀਂਦ ਨੂੰ ਤਿਆਗ ਕੇ ਆਪੋ-ਆਪਣੇ ਸਾਧਨਾਂ ਜ਼ਰੀਏ ਖੇਡ ਮੇਲਿਆਂ ਦਾ ਹਿੱਸਾ ਬਣਦੇ ਹਨ ਜਾਂ ਇਹ ਵੀ ਆਖ ਲਈਏ ਕਿ ਇਹ ਦਰਸ਼ਕ ਉਹ ਲੋਕ ਹਨ ਜਿਨ੍ਹਾਂ ਦੇ ਸਿਰ ਤੋਂ ਕਬੱਡੀ ਕੱਪ ਚਲਦੇ ਹਨ।
ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਨਸ਼ੇ ਨੇ ਕਬੱਡੀ ਦੇ ਖੇਤਰ ਅੰਦਰ ਦਾਖਲ ਹੋਣ ਤੋਂ ਬਾਅਦ ਕਈ ਅਜਿਹੇ ਨਾਮੀ ਖਿਡਾਰੀਆਂ ਨੂੰ ਸਾਡੇ ਤੋਂ ਖੋਹ ਲਿਆ, ਜਿਨ੍ਹਾਂ ਦਾ ਬਦਲ ਮਿਲਣਾ ਮੁਸ਼ਕਿਲ ਹੈ ਅਤੇ ਕਈ ਮਾਵਾਂ ਦੇ ਕੜ੍ਹੀਆਂ ਵਰਗੇ ਬਲੀ ਪੁੱਤਾਂ ਦੇ ਹਸਦੇ ਵਸਦੇ ਚਿਹਰੇ ਇਸ ਨਸ਼ੇ ਨੇ ਕੱਖੋਂ ਹੌਲੇ ਕਰ ਦਿੱਤੇ। ਕਬੱਡੀ ਖੇਡ ਅੰਦਰ ਅਨੁਸ਼ਾਸਨਹੀਣਤਾ ਨੇ ਦਰਸ਼ਕਾਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ।
‘ਸਿਫ਼ਾਰਸ਼ੀ’ ਸ਼ਬਦ ਨੇ ਵੀ ਕਬੱਡੀ ਦੇ ਨਾਲ ਘੱਟ ਨਹੀਂ ਕੀਤੀ। ਕਈ ਗ਼ਰੀਬ ਅਤੇ ਬੇਹੱਦ ਚੰਗੇ ਖਿਡਾਰੀਆਂ ਦੇ ਹੱਕ ਮਾਰ ਕੇ ਫਰਮਾਇਸ਼ੀਆਂ ਨੂੰ ਜਗ੍ਹਾ ਮਿਲਣੀ ਆਮ ਗੱਲ ਸੀ। ਉੱਪਰਲੇ ਜ਼ੋਰ ਨਾਲ ਟੀਮਾਂ ਵਿਚ ਦਾਖ਼ਲਾ ਲੈ ਕੇ ਆਏ ਖਿਡਾਰੀਆਂ ਦਾ ਦਿਮਾਗ਼ ਸੱਤਵੇਂ ਅਸਮਾਨ ’ਤੇ ਪਹੁੰਚ ਚੁੱਕਿਆ ਸੀ। ਖ਼ੈਰ ਕੁਦਰਤ ਬੜੀ ਡਾਹਢੀ ਹੁੰਦੀ ਹੈ, ਉਸ ਨੇ ਕੁਝ ਪਲਾਂ ਅੰਦਰ ਹੀ ਸਭ ਕੁਝ ਬਦਲ ਕੇ ਰੱਖ ਦਿੱਤਾ। ਆਪਣੇ-ਆਪ ਵਿਚ ਕਹਿੰਦੇ ਕਹਾਉਂਦੇ ਖਿਡਾਰੀ ਘਰਾਂ ਅੰਦਰ ਵਿਹਲੇ ਬੈਠਣ ਲਈ ਮਜਬੂਰ ਕਰ ਦਿੱਤੇ। ਹੁਣ ਜਦ ਕੋਰੋਨਾ ਤੋਂ ਬਾਅਦ ਕਬੱਡੀ ਦੇ ਖੇਤਰ ਅੰਦਰ ’ਨਵੇਂ ਸੂਰਜ’ ਨੇ ਦਸਤਕ ਦਿੱਤੀ ਹੈ ਤਾਂ ਦਰਸ਼ਕ ਸੋਚਦੇ ਨੇ ਕਿ ਹੁਣ ਕੁਝ ਨਵਾਂ ਹੋਵੇਗਾ ਜਾਂ ਨਹੀਂ।
ਕਿੰਨੀ ਅਰਥ ਭਰਪੂਰ ਟਿੱਪਣੀ ਹੈ ਕਬੱਡੀ ਦੇ ਵਿਸ਼ਵ ਪ੍ਰਸਿੱਧ ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰ ਕਲਾਂ ਦੀ, ਕਿ ਜੇਕਰ ਹੁਣ ਅਸੀਂ ਚਾਹੀਏ ਤਾਂ ਕਬੱਡੀ ਖੇਡ ਨੂੰ ਇਕ ਨਵੇਂ ਸਿਰਿਓਂ ਮੋੜਾ ਦੇ ਕੇ ਇਸ ਵਿਚ ਵੱਡਾ ਬਦਲਾਅ ਕਰ ਸਕਦੇ ਹਾਂ। ਬਸ਼ਰਤੇ ਇਸ ਸਾਰੇ ਅਮਲ ਵਿਚ ਖੇਡ ਪ੍ਰਬੰਧਕ, ਕਬੱਡੀ ਫੈੱਡਰੇਸ਼ਨਾਂ ਅਤੇ ਖਿਡਾਰੀ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਕਿ ਕਬੱਡੀ ਦੇ ਖੇਤਰ ਵਿਚ ਇਕ ਚੰਗੇ ਅਨੁਸ਼ਾਸਨ ਨਾਲ ਲਬਰੇਜ਼, ਨਸ਼ਾ ਅਤੇ ਸਿਫ਼ਾਰਸ਼ ਰਹਿਤ ਸਮਾਜ ਦੀ ਉਸਾਰੀ ਕੀਤੀ ਜਾ ਸਕੇ। ਇਹ ਸੱਚ ਹੈ ਕਿ ਕਿਸੇ ਵੀ ਖੇਤਰ ਅੰਦਰ ਜਦ ’ਵੱਡੀ ਖੜੋਤ’ ਤੋਂ ਬਾਅਦ ਨਵੀਂ ਸ਼ੁਰੂਆਤ ਹੁੰਦੀ ਹੈ ਤਾਂ ਉਸ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਜੋ ਅੱਜ ਸਮੇਂ ਦੀ ਮੁੱਖ ਲੋੜ ਵੀ ਹਨ। ਨਹੀਂ ਤਾਂ ਦਰਸ਼ਕਾਂ ਵਲੋਂ ਆਖਿਆ ਜਾਣ ਵਾਲਾ ਇਹ ਸ਼ਬਦ ਬਿਲਕੁਲ ਸੱਚ ਹੋਵੇਗਾ ਕਿ ਅੱਜਕਲ੍ਹ ਦੇ ਖੇਡ ਮੇਲੇ ਤਾਂ ਉਨ੍ਹਾਂ ਦੇ ‘ਜਾਣ-ਆਉਣ’ ਦੇ ਖਰਚੇ ਦਾ ਮੁੱਲ ਵੀ ਨਹੀਂ ਮੋੜਦੇ।

Comment here