ਅਪਰਾਧਸਿਆਸਤਖਬਰਾਂ

ਕਪੂਰਥਲਾ ਬੇਅਦਬੀ ਦੇ ਨਾਮ ਤੇ ਕਤਲ ਮਾਮਲੇ ਚ ਗੁਰੂਘਰ ਦਾ ਸੇਵਾਦਾਰ ਗ੍ਰਿਫਤਾਰ

ਕਪੂਰਥਲਾ- ਲੰਘੇ ਦਿਨੀ ਕਪੂਰਥਲਾ ਦੇ ਨਿਜ਼ਾਮਪੁਰ ਵਿੱਚ ਗੁਰਦੁਆਰੇ ਵਿੱਚ ਕਥਿਤ ਬੇਅਦਬੀ ਦਾ ਦੋਸ਼ ਲਾ ਕੇ ਇਕ ਮੰਦਬੁਧੀ ਨੌਜਵਾਨ ਨੂੰ ਭੀੜ ਨੇ ਕਤਲ ਕਰ ਦਿੱਤਾ ਸੀ। ਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ ਇਕ ਗੱਲ ਸਾਫ਼ ਨਜ਼ਰ ਆ ਰਹੀ ਸੀ ਕਿ ਦੋਸ਼ੀ ਨੌਜਵਾਨ ਕੋਈ ਪੇਸ਼ੇਵਰ ਅਪਰਾਧੀ ਨਹੀਂ ਸੀ। 20 ਸਾਲ ਦੇ ਕਰੀਬ ਨੌਜਵਾਨ ਤੋਂ ਕੀਤੀ ਗਈ ਪੁੱਛਗਿੱਛ ਦੀ ਵੀਡੀਓ ‘ਚ ਸ਼ਿਕਾਇਤਕਰਤਾ ਗੁਰਦੁਆਰੇ ਦੇ ਮੁਖ ਸੇਵਾਦਾਰ ਅਮਰਜੀਤ ਸਿੰਘ ਨੇ ਖੁਦ ਦੱਸਿਆ ਕਿ ਉਸ ਨੇ ਉਕਤ ਨੌਜਵਾਨ ਨੂੰ ਪਹਿਲੀ ਵਾਰ ਮੌਕੇ ‘ਤੇ ਰੋਟੀਆਂ ਚੋਰੀ ਕਰਦੇ ਦੇਖਿਆ ਸੀ। ਹਾਲ ਹੀ ਵਿੱਚ ਬੇਅਦਬੀ ਦੀ ਕੋਸ਼ਿਸ਼ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਨੌਜਵਾਨ ਨੂੰ ਫੜਿਆ ਗਿਆ ਸੀ। ਵਾਇਰਲ ਵੀਡੀਓ ‘ਚ ਕੁਝ ਲੋਕ ਨੌਜਵਾਨ ਤੋਂ ਪੁੱਛ-ਗਿੱਛ ਕਰਦੇ ਨਜ਼ਰ ਆ ਰਹੇ ਸਨ ਪਰ ਮਾਨਸਿਕ ਤੌਰ ‘ਤੇ ਕਮਜ਼ੋਰ ਜਾਪਦਾ ਨੌਜਵਾਨ ਕੁਝ ਵੀ ਦੱਸਣ ਤੋਂ ਅਸਮਰੱਥ ਸੀ। ਇਸ ਦੌਰਾਨ ਅਮਰਜੀਤ ਨੇ ਖੁਦ ਵੀਡੀਓ ‘ਚ ਦੱਸਿਆ ਕਿ ਬੇਅਦਬੀ ਨਹੀਂ ਹੋਈ। ਪਰ ਫਿਰ ਵੀ ਭੀੜ ਨੇ ਪੁਲਿਸ ਦੀ ਮੌਜੂਦਗੀ ਵਿੱਚ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਸਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਵਿੱਚ ਵੀ ਹੋਇਆ ਹੈ। ਰਿਪੋਰਟ ਮੁਤਾਬਕ ਨੌਜਵਾਨ ਦੇ ਸਰੀਰ ‘ਤੇ 30 ਡੂੰਘੀਆਂ ਸੱਟਾਂ ਦੇ ਨਿਸ਼ਾਨ ਮਿਲੇ ਹਨ। ਅਮਰਜੀਤ ਦੀ ਸ਼ਿਕਾਇਤ ‘ਤੇ ਮ੍ਰਿਤਕ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਪੁਲਿਸ ਸ਼ੁਰੂ ਤੋਂ ਹੀ ਇਹ ਮੰਨ ਰਹੀ ਸੀ ਕਿ ਮਾਮਲਾ ਬੇਅਦਬੀ ਦਾ ਨਹੀਂ ਹੈ ਪਰ ਫਿਰ ਵੀ ਪੁਲਿਸ ਨੇ ਬੇਅਦਬੀ ਦਾ ਮਾਮਲਾ ਦਰਜ ਕਰ ਲਿਆ। ਹਾਲਾਂਕਿ ਮੁੱਖ ਮੰਤਰੀ ਨੇ ਅਧਿਕਾਰਤ ਤੌਰ ‘ਤੇ ਦੱਸਿਆ ਕਿ ਮਾਮਲਾ ਸਿਰਫ ਬੇਅਦਬੀ ਦਾ ਹੀ ਨਹੀਂ, ਸਗੋਂ ਕਤਲ ਦਾ ਵੀ ਹੈ ਅਤੇ ਭਰੋਸਾ ਦਿੱਤਾ ਕਿ ਮਾਮਲਾ ਸੁਲਝਾ ਲਿਆ ਗਿਆ ਹੈ। ਜਲਦੀ ਹੀ ਐਫਆਈਆਰ ਵਿੱਚ ਸੋਧ ਕਰਕੇ ਨਿਪਟਾਰਾ ਕੀਤਾ ਜਾਵੇਗਾ। ਉਂਜ ਪੁਲੀਸ ਨੇ ਕਰਾਸ ਕੇਸ ਕਰਕੇ ਗੁਰਦੁਆਰੇ ਦੇ ਸੇਵਾਦਾਰ ਅਮਰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪੁਲੀਸ ਇਨਸਾਫ਼ ਦੇਣ ਦੀ ਗੱਲ ਕਰ ਰਹੀ ਹੈ ਪਰ ਸਵਾਲ ਇਹ ਹੈ ਕਿ ਇਹ ਇਨਸਾਫ਼ ਕਿਸ ਨੂੰ ਮਿਲੇਗਾ ਕਿਉਂਕਿ ਭੁੱਖੇ ਤੇ ਲਾਵਾਰਿਸ ਮੁਲਜ਼ਮ ਦਾ ਸਸਕਾਰ ਹੋ ਚੁੱਕਾ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਪੂਰਥਲਾ ‘ਚ ਬੇਅਦਬੀ ਨਾ ਹੋਣ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ ਐਸਜੀਪੀਸੀ ਪ੍ਰਧਾਨ ਅਤੇ ਕਪੂਰਥਲਾ ਦੇ ਭੁਲਥ ਖੇਤਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ  ਕਿਹਾ ਕਿ ਗੁਰਦੁਆਰੇ ‘ਚ ਦਾਖ਼ਲ ਹੋਣ ਦੀ ਘਟਨਾ ਅਤੇ ਗ੍ਰੰਥੀ ਦੇ ਬਿਆਨ ਤੱਕ ਹੀ ਸੀਮਤ ਹਾਂ, ਬਾਕੀ ਜਾਂਚ ਦਾ ਵਿਸ਼ਾ ਹੈ। ਪਰ ਜਿਹੜੀਆਂ 150 ਬੇਅਦਬੀਆਂ ਹੋਈਆਂ ਹਨ, ਉਨ੍ਹਾਂ ਵਿੱਚੋਂ ਮੁੱਖ ਮੰਤਰੀ ਨੇ ਕੀ ਨਤੀਜਾ ਕੱਢਿਆ? ਪਹਿਲੇ ਦਿਨ ਤੋਂ ਹੀ ਇਸ ਮਾਮਲੇ ‘ਤੇ ਪੁਲਿਸ ਅਤੇ ਭੀੜ ਦੀ ਕਾਰਵਾਈ ‘ਤੇ ਸਵਾਲ ਉੱਠ ਰਹੇ ਹਨ।

Comment here