ਚੰਡੀਗੜ- ਆਮ ਆਦਮੀ ਪਾਰਟੀ ਵੱਲੋਂ ਜਿਸ ਤਰ੍ਹਾਂ ਮੰਤਰੀ ਬਣਾਉਣ ਲਈ ਨਾਂ ਫਾਈਨਲ ਕੀਤੇ ਗਏ ਹਨ ਅਤੇ 10 ਵਿਧਾਇਕਾਂ ਨੂੰ ਮੰਤਰੀ ਵਜੋਂ ਸਹੁੰ ਚੁੱਕਾਈ ਜਾ ਚੁੱਕੀ ਹੈ। ਇਸਦੇ ਨਾਲ ਸਿਆਸੀ ਮਾਹਿਰ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਗਏ ਹਨ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹੀ ਚਰਚਾ ਸੀ ਹੋ ਰਹੀ ਸੀ ਕਿ ਲਗਾਤਾਰ ਦੂਜੀ ਵਾਰ ਜਿੱਤਣ ਵਾਲੇ ਸਾਰੇ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਵੇਗਾ। ਇਸੇ ਤਰ੍ਹਾਂ ਦਿੱਗਜਾਂ ਨੂੰ ਹਰਾਉਣ ਵਾਲੇ ਵਿਧਾਇਕਾਂ ‘ਚੋਂ ਵੀ ਮੰਤਰੀ ਬਣਾਏ ਜਾਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਉਨ੍ਹਾਂ ਦੇ ਅਰਮਾਨਾਂ ‘ਤੇ ਪਾਣੀ ਫਿਰ ਗਿਆ ਹੈ ਕਿਉਂਕਿ ਦੂਜੀ ਵਾਰ ਜਿੱਤਣ ਵਾਲੇ ਸਿਰਫ 2 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ, ਜਦੋਂ ਕਿ ਦਿੱਗਜਾਂ ਨੂੰ ਹਰਾਉਣ ਵਾਲੇ ਵਿਧਾਇਕਾਂ ‘ਚੋਂ ਕਿਸੇ ਇਕ ਨੂੰ ਵੀ ਮੰਤਰੀ ਨਹੀਂ ਬਣਾਇਆ ਗਿਆ ਇਨ੍ਹਾਂ ‘ਚ ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ, ਜੈ ਕਿਸ਼ਨ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਪ੍ਰਿੰਸੀਪਲ ਬੁੱਧ ਰਾਮ, ਕੁਲਵੰਤ ਸਿੰਘ ਪੰਡੋਰੀ ਦੇ ਨਾਂ ਮੁੱਖ ਤੌਰ ‘ਤੇ ਸ਼ਾਮਲ ਹਨ। ਹਾਲਾਂਕਿ ਪਹਿਲੀ ਵਾਰ ਜਿੱਤਣ ਵਾਲੇ 8 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ।
ਜਦ ਸਾਰੇ ਛੱਡ ਰਹੇ ਸੀ ਅਸੀਂ ਨਾਲ ਰਹੇ- ਬਲਜਿੰਦਰ ਕੌਰ
ਨਵੇਂ ਬਣੇ ਮੰਤਰੀ ਮੰਡਲ ਬਾਰੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਹ ਹਾਈਕਮਾਂਡ ਦੇ ਹਰ ਫੈਸਲੇ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਵਜ਼ਾਰਤ ਵਿੱਚ ਥਾਂ ਨਾ ਮਿਲਣ ਤੇ ਮੰਤਰੀ ਨਾ ਬਣਾਏ ਜਾਣ ਉਤੇ ਪਾਰਟੀ ਨਾਲ ਨਾਰਾਜ਼ਗੀ ਦੇ ਮਾਮਲੇ ਨੂੰ ਨਕਾਰ ਦਿੱਤਾ। ਉਨ੍ਹਾਂ ਨੇ ਨਵੇਂ ਬਣਾਏ ਗਏ ਸਾਰੇ ਮੰਤਰੀਆਂ ਨੂੰ ਮੁਬਾਰਕ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਇਕਜੁੱਟ ਹੋ ਕੇ ਪੰਜਾਬ ਦੇ ਵਿਕਾਸ ਲਈ ਮਿਹਨਤ ਕਰਾਂਗੇ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਹੈ ਕਿ ਹਾਈਕਮਾਨ ਦਾ ਜੋ ਵੀ ਫ਼ੈਸਲਾ ਹੈ, ਉਹ ਸਾਨੂੰ ਮਨਜ਼ੂਰ ਹੈ। ਪਾਰਟੀ ਕਈ ਉਤਰਾਅ-ਚੜਾਅ ’ਚੋਂ ਲੰਘੀ ਹੈ। ਜਦੋਂ ਵੱਡੇ-ਵੱਡੇ ਦਿੱਗਜ ਪਾਰਟੀ ਛੱਡ ਕੇ ਚਲੇ ਗਏ ਸਨ, ਉਦੋਂ ਤੋਂ ਲੈ ਕੇ ਅੱਜ ਤਕ ਅਸੀਂ ਪਾਰਟੀ ਦੀ ਹਰ ਗੱਲ ਮੰਨੀ ਹੈ। ਮੈਨੂੰ ਪਾਰਟੀ ਦੇ ਇਸ ਫ਼ੈਸਲੇ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ।
ਮੈਂ ਆਪਣੀਆਂ ਕਮੀਆਂ ਦੂਰ ਕਰੂੰ- ਅਮਨ ਅਰੋੜਾ
ਪਾਰਟੀ ਦੇ ਸੀਨੀਅਰ ਆਗੂ ਤੇ ਸਭ ਤੋੰ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਵਾਲੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਥਾਂ ਨਾ ਦੇਣ ਉਤੇ ਸਭ ਨੂੰ ਹੈਰਾਨੀ ਹੋਈ ਹੈ। ਇਸ ਸਬੰਧੀ ਅਮਨ ਅਰੋੜਾ ਨੇ ਮੀਡੀਆ ਨੂੰ ਕਿਹਾ ਕਿ ਉਹ ਪਾਰਟੀ ਦਾ ਛੋਟਾ ਜਿਹਾ ਵਰਕਰ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਜਿੰਨੀਆਂ ਵੱਡੀਆਂ ਚੁਣੌਤੀਆਂ ਹੋਣਗੀਆਂ, ਉਨੇ ਹੀ ਵੱਡੇ ਮੌਕੇ ਹੋਣਗੇ। ਹੋ ਸਕਦਾ ਹੈ ਕਿ ਮੇਰੇ ਕੰਮ ਵਿੱਚ ਕੋਈ ਕਮੀ ਰਹਿ ਗਈ ਹੋਵੇਗਾ ਅਤੇ ਉਹ ਇਸ ਕਮੀ ਨੂੰ ਦੂਰ ਕਰਨ ਲਈ ਮਿਹਨਤ ਤੇ ਇਮਾਨਦਾਰ ਨਾਲ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਹਰ ਫ਼ੈਸਲੇ ਦੇ ਨਾਲ ਖੜ੍ਹੇ ਹਨ। ਅਮਨ ਅਰੋੜਾ ਨੇ 75,277 ਦੇ ਫਰਕ ਨਾਲ ਆਪਣੀ ਸੀਟ ਜਿੱਤੀ ਹੈ। ਉਨ੍ਹਾਂ ਸੁਨਾਮ ਤੋਂ ਕਾਂਗਰਸ ਦੇ ਜਸਵਿੰਦਰ ਧੀਮਾਨ ਨੂੰ ਹਰਾਇਆ। ਉਨ੍ਹਾਂ ਬਾਰੇ ਚਰਚਾ ਸੀ ਕਿ ਉਨ੍ਹਾਂ ਨੂੰ ਮੰਤਰੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਅਹਿਮ ਵਿੱਤ ਮੰਤਰਾਲਾ ਵੀ ਦਿੱਤਾ ਜਾ ਸਕਦਾ ਹੈ, ਪਰ ਉਹ ਪਹਿਲੀ ਸੂਚੀ ਵਿੱਚੋਂ ਹੀ ਗਾਇਬ ਹੋ ਗਏ।
Comment here