ਵਿਸ਼ੇਸ਼ ਲੇਖ

ਔਰਤ-ਮਰਦ ਵਿਚਲੀ ਕੁਦਰਤੀ ਭਿੰਨਤਾ ਮੁੱਕਦੀ ਜਾ ਰਹੀ ਏ

ਡਾ. ਸਵਰਾਜ ਸਿੰਘ
ਹੁਣੇ ਹੁਣੇ ਮੈਨੂੰ ਬੀਬੀਸੀ ਉਤੇ ਇਕ ਲੇਖ ‘ਚਾਈਨਾਸ ਮੀਡੀਆ ਕਰੈਕਸ ਡਾਊਨ ਏ ਫੈਮੀਨੇਸਟ ਸਟਾਈਲਜ਼’ ਅਰਥਾਤ ਚੀਨ ਦਾ ਮੀਡੀਆ ਮਰਦਾਂ ਨੂੰ ਜਨਾਨੇ ਬਣਾਉਣ ਵਿਰੁਧ ਸਖਤੀ ਨਾਲ ਕਾਰਜਸ਼ੀਲ, ਪੜ੍ਹਨ ਦਾ ਮੌਕਾ ਮਿਲਿਆ ਹੈ। ਚੀਨ ਦੇ ਬਰਾਡਕਾਸਟਿੰਗ ਰੈਗੂਲੇਟਰ (ਬਰਾਡਕਾਸਟਿੰਗ ਦੇ ਨਿਯਮ ਬਣਾਉਣ ਵਾਲੀ ਸੰਸਥਾ) ਨੇ ਕਿਹਾ ਹੈ ਕਿ ਉਹ ਐਂਟਰਟੇਨਮੈਂਟ ਸ਼ੋਅਸ (ਮਨਪ੍ਰਚਾਵੇ ਦੇ ਸ਼ੋਅ) ਵਿਚ ਮਰਦਾਂ ਨੂੰ ਜਨਾਨੇ ਬਣਾਉਣ ਦੇ ਭੱਦੇ ਪ੍ਰਗਟਾਵੇ ਉਤੇ ਪਾਬੰਦੀ ਲਾ ਦੇਣਗੇ। ਇਹ ਉਸ ਮੁਹਿੰਮ ਦਾ ਹਿੰਸਾ ਹੈ ਜੋ ਕਿ ਪ੍ਰੋਗਰਾਮਾਂ ਵਿਚੋਂ ਗੈਰ ਸਿਹਤਮੰਦ ਸਮੱਗਰੀ ਨੂੰ ਕੱਢਣ ਲਈ ਚਲਾਈ ਗਈ ਹੈ। ਅਧਿਕਾਰੀ ਨੇ ਕਿਹਾ ਹੈ ਕਿ ਉਹ ਮਰਦਾਂ ਦਾ ਇਹ ਜਿਹਾ ਅਕਸ ਪ੍ਰੋਤਸਾਹਿਤ ਕਰਨਗੇ ਜਿਸ ਵਿੱਚੋਂ ਜ਼ਿਆਦਾ ਮਰਦਾਨਗੀ (ਮੈਸਕੂਲਿਨ ਇਮੇਜਿਸ) ਨਜ਼ਰ ਆਉਂਦੀ ਹੋਵੇ। ਮਰਦ ਐਕਟਰਾਂ ਨੂੰ ਜ਼ਿਆਦਾ ਮੇਕਅਪ ਲਾਉਣ ਅਤੇ ਜਨਾਨੀ ਦਿੱਖ ਬਣਾਉਣ ਤੋਂ ਰੋਕਿਆ ਜਾਏਗਾ। ਜ਼ਾਹਿਰ ਹੈ ਕਿ ਚੀਨ ਮਰਦਾਂ ਅਤੇ ਔਰਤਾਂ ਵਿੱਚ ਕੁਦਰਤੀ ਭਿੰਨਤਾ ਨੂੰ ਖਤਮ ਨਹੀਂ ਕਰਨਾ ਚਾਹੁੰਦਾ, ਸਗੋਂ ਉਸ ਨੂੰ ਪ੍ਰੋਤਸਾਹਿਤ ਕਰਨਾ ਚਾਹੁੰਦਾ ਹੈ।
ਪ੍ਰੰਤੂ ਸਾਮਰਾਜੀ ਦੇਸਾਂ ਵਿੱਚ ਮਰਦਾਂ ਤੇ ਔਰਤਾਂ ਵਿੱਚ ਕੁਦਰਤੀ ਭਿੰਨਤਾ ਨੂੰ ਖਤਮ ਕਰਕੇ ਉਨ੍ਹਾਂ ਨੂੰ ਇਕੋ ਜਿਹਾ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਇਹ ਦੱਸਣਾ ਬਣਦਾ ਹੈ ਕਿ ਅਮਰੀਕਾ ਵਿੱਚ ਇਕ ਬਹੁਤ ਹੀ ਮਸ਼ਹੂਰ ਟੀ. ਵੀ. ਸ਼ੋਅ ਜੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚਲ ਰਿਹਾ ਹੈ ਅਤੇ ਬਹੁਤ ਹਰਮਨ ਪਿਆਰਾ ਹੈ, ਦਾ ਨਾਮ ਹੈ ਸੈਚਰਡੇਅ ਨਾਈਟ ਲਾਈਵ। ਇਸ ਵਿਚ ਇਕ ਕਰੈਕਟਰ (ਚਰਿਤਰ) ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦਿਖਾਇਆ ਜਾ ਰਿਹਾ ਹੈ ਅਤੇ ਇਸਦਾ ਨਾਮ ਪੈਟ ਹੈ। ਅਮਰੀਕਾ ਵਿਚ ਪੈਟ ਦੋਨਾਂ ਮਰਦਾਂ ਅਤੇ ਔਰਤਾਂ ਦੇ ਛੋਟੇ ਨਾਮ ਵਜੋਂ ਵਰਤਿਆ ਜਾਂਦਾ ਹੈ। ਜਿਵੇਂ ਮਰਦਾਂ ਲਈ ਪੈਟਰਿਕ ਅਤੇ ਔਰਤਾਂ ਲਈ ਪੈਟਰੀਸ਼ੀਆ ਨਾਮ ਕਾਫੀ ਪ੍ਰਚਲਿਤ ਹੈ। ਦੋਨਾਂ ਨੂੰ ਛੋਟਾ ਕਰਕੇ ਪੈਟ ਕਿਹਾ ਜਾਂਦਾ ਹੈ। ਜ਼ਾਹਿਰ ਹੈ ਕਿ ਪੈਟ ਮਰਦ ਵੀ ਹੋ ਸਕਦਾ ਹੈ ਅਤੇ ਔਰਤ ਵੀ। ਇਸ ਚਰਿਤਰ ਦੇ ਕਪੜੇ ਵੀ ਅਜਿਹੇ ਪਾਏ ਹਨ ਜੋ ਮਰਦ ਅਤੇ ਔਰਤ ਦੋਵੇਂ ਪਾਉਦੇ ਹਨ। ਇਸੇ ਤਰ੍ਹਾਂ ਇਸਦਾ ਹੇਅਰ ਸਟਾਈਲ ਵੀ ਅਜਿਹਾ ਹੈ ਜੋ ਦੋਨੋਂ ਮਰਦ ਅਤੇ ਔਰਤ ਬਣਾ ਸਕਦੇ ਹਨ। ਇਸਦੀ ਅਵਾਜ਼ ਅਤੇ ਬੋਲਣ ਦੇ ਢੰਗ ਤੋਂ ਵੀ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਮਰਦ ਹੈ ਜਾਂ ਔਰਤ।
ਪਿਛਲੇ ਕਈ ਸਾਲਾਂ ਤੋਂ ਇਹ ਚਰਿਤਰ ਲਗਾਤਾਰ ਇਸ ਸ਼ੋਅ ਵਿੱਚ ਆ ਰਿਹਾ ਹੈ, ਪ੍ਰੰਤੂ ਹਾਲੇ ਤੱਕ ਦਰਸ਼ਕ ਇਹ ਫੈਸਲਾ ਨਹੀਂ ਕਰ ਸਕੇ ਕਿ ਇਹ ਚਰਿਤਰ ਮਰਦ ਹੈ ਜਾਂ ਔਰਤ। ਅਮਰੀਕਾ ਦੇ ਸਟੋਰਾਂ ਉਤੇ ਅਜਿਹੇ ਕੱਪੜੇ ਵਿਕ ਰਹੇ ਹਨ, ਜਿਨ੍ਹਾਂ ਨੂੰ ਔਰਤਾਂ ਤੇ ਮਰਦ ਦੋਨੋਂ ਪਾ ਸਕਦੇ ਹਨ। ਇਸੇ ਤਰ੍ਹਾਂ ਇਹੋ ਜਿਹੇ ਹੇਅਰ ਸਟਾਈਲ ਹਨ, ਜੋ ਔਰਤਾਂ ਤੇ ਮਰਦ ਦੋਨੋਂ ਬਣਵਾ ਸਕਦੇ ਹਨ। ਇਸ ਤੋਂ ਇਲਾਵਾ ਇਹੋ ਜਿਹਾ ਵਿਹਾਰਵਾਦ (ਮੈਨਇਜ਼ਮ) ਵੀ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਜੋ ਕਿ ਔਰਤਾਂ ਅਤੇ ਮਰਦਾਂ ਵਿੱਚ ਕੁਦਰਤੀ ਭਿੰਨਤਾ ਨੂੰ ਖਤਮ ਕਰੇ। ਜੋ ਕੁੜੀਆਂ ਮਰਦਾਂ ਵਰਗਾ ਵਿਹਾਰ ਕਰਦੀਆਂ ਹਨ, ਉਨ੍ਹਾਂ ਨੂੰ ਟੌਮ ਬੁਆਏ ਕਿਹਾ ਜਾਂਦਾ ਹੈ ਅਤੇ ਜੋ ਮਰਦ ਔਰਤਾਂ ਵਰਗਾ ਵਿਹਾਰ ਕਰਦੇ ਹਨ, ਉਨ੍ਹਾਂ ਨੂੰ ਫੈਮੀਨਿਕ (ਔਰਤ ਨਾ ਜਾਂ ਜਨਾਨਾ) ਕਿਹਾ ਜਾਂਦਾ ਹੈ। ਅਜਿਹੇ ਵਿਹਾਰ ਨੂੰ ਮਾੜਾ ਨਹੀਂ ਸਮਝਿਆ ਜਾਂਦਾ, ਸਗੋਂ ਇਕ ਤਰ੍ਹਾਂ ਨਾਲ ਉਤਸਾਹਿਤ ਕੀਤਾ ਜਾਂਦਾ ਹੈ।
ਆਖਿਰ ਅਜਿਹਾ ਕਿਉਂ ਹੈ? ਸਾਮਰਾਜ ਦੀ ਨੀਤੀ ਇਕਸਾਰਤਾ ਲਿਆਉਣ ਦੀ ਹੈ। ਔਰਤਾਂ ਅਤੇ ਮਰਦਾਂ ਵਿਚ ਭਿੰਨਤਾ (ਡਾਈਵਰਸਿਟੀ) ਨੂੰ ਖਤਮ ਕਰਨਾ ਇਸੇ ਨੀਤੀ ਦਾ ਹਿੱਸਾ ਹੈ। ਸਾਮਰਾਜ ਦੀ ਨੀਤੀ ਹਰ ਤਰ੍ਹਾਂ ਦੀ ਭਿੰਨਤਾ (ਡਾਈਵਰਸਿਟੀ) ਨੂੰ ਖਤਮ ਕਰੇ ਇਕਸਾਰਤਾ (ਯੂਨੀਫਾਰਮਿਟੀ) ਲਿਆਉਣ ਦੀ ਹੈ। ਅਜਿਹਾ ਕਰਕੇ ਹੀ ਸਭਿਆਚਾਰਕ ਭਿੰਨਤਾ (ਕਲਚਰਲ ਡਾਈਵਰਸਿਟੀ) ਨੂੰ ਖਤਮ ਕੀਤਾ ਜਾ ਸਕਦਾ ਹੈ ਅਤੇ ਸਭ ਉਤੇ ਸਾਮਰਾਜੀ ਖੱਪਤਕਾਰੀ ਸਭਿਆਚਾਰ ਲਾਗੂ ਕੀਤਾ ਜਾ ਸਕਦਾ ਹੈ। ਸਾਮਰਾਜੀਆਂ ਨੂੰ ਲਗਦਾ ਹੈ ਕਿ ਕਿਸੇ ਕਿਸਮ ਦੀ ਸਭਿਆਚਾਰਕ ਭਿੰਨਤਾ ਉਸਦੀ ਮੰਡੀ ਦੇ ਮੁਕੰਮਲ ਫੈਲਾਅ ਵਿੱਚ ਰੁਕਾਵਟ ਬਣ ਸਕਦੀ ਹੈ। ਇਸ ਲਈ ਭਿੰਨਤਾ ਨੂੰ ਖਤਮ ਕਰਕੇ ਇਕਸਾਰਤਾ ਲਿਆਉਣਾ ਪੂਰੇ ਵਿਸ਼ਵ ਨੂੰ ਇਕ ਮੰਡੀ ਵਿਚ ਵਿਕਸਿਤ ਕਰਨ ਵੱਲ ਇਕ ਵੱਡਾ ਕਦਮ ਹੈ।
ਸਾਮਰਾਜੀਆਂ ਦੀ ਸੁਹਿਰਦਤਾ ਅਤੇ ਪ੍ਰਤੀਬੱਧਤਾ ਸਿਰਫ ਆਪਣਾ ਮੁਨਾਫਾ ਵਧਾਉਣ ਨਾਲ ਹੀ ਹੈ। ਇਸ ਲਈ ਨੈਤਿਕਤਾ ਜਾਂ ਸਿਧਾਂਤਕ ਸਟੈਂਡ ਲੈਣੇ ਕੋਈ ਮਾਇਨੇ ਨਹੀਂ ਰੱਖਦੇ। ਸਗੋਂ ਦੰਭ ਅਤੇ ਦੂਹਰੇ ਮਾਪਦੰਡ ਉਨ੍ਹਾਂ ਦੀ ਫਿਤਰਤ ਦਾ ਹਿੱਸਾ ਹਨ। ਸਾਮਰਾਜੀ ਦੇਸਾਂ ਤੇ ਖਾਸ ਕਰਕੇ ਅਮਰੀਕਾ ਵਿੱਚ ਔਰਤਾਂ ਦੀ ਮੁਕਤੀ ਬਾਰੇ ਦੋ ਆਪਾ ਵਿਰੋਧੀ ਮੁਹਿੰਮਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਹੈ। ਇਕ ਹੈ ਨਾਰੀ ਸ਼ਕਤੀਕਰਨ (ਵੂਮੈਨ ਐਮਪਾਵਰਮੈਂਟ) ਅਤੇ ਦੂਜੀ ਹੈ ਮੀ ਟੂ ਮੂਵਮੈਂਟ। ਜਿੱਥੇ ਵੂਮੈਨ ਐਮਪਾਵਰਮੈਂਟ ਮੂਵਮੈਂਟ ਔਰਤਾਂ ਨੂੰ ਮਰਦਾਂ ਵਰਗਾ ਬਣਨ ਉਤਸਾਹਿਤ ਕਰਦੀ ਹੈ ਤੇ ਇਸਦਾ ਇਕ ਵੱਡਾ ਹਿੱਸਾ ਮਰਦ ਅਤੇ ਔਰਤਾਂ ਵਿਚੋਂ ਰਵਾਇਤੀ ਕਾਮੁਕ ਸੰਬੰਧਾਂ ਨੂੰ ਖਤਮ ਕਰਕੇ ਔਰਤ ਨੂੰ ਪੈਸਿਵ (ਸਹਿਜ) ਹੋਣ ਦੀ ਬਜਾਏ ਅਗਰੈਸਿਵ (ਹਮਲਾਵਰ) ਬਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਉਥੇ ਦੂਜੇ ਪਾਸੇ ਮੀ ਟੂ ਲਹਿਰ ਚਲਾ ਕੇ ਔਰਤਾਂ ਮਰਦਾਂ ਉਤੇ ਇਹ ਇਲਜਾਮ ਲਾਉਂਦੀਆਂ ਹਨ ਕਿ ਉਨ੍ਹਾਂ ਨੇ ਔਰਤਾਂ ਉਤੇ ਵਧੀਕੀਆਂ ਕੀਤੀਆਂ ਹਨ। ਜ਼ਾਹਿਰ ਹੈ ਕਿ ਅਜਿਹਾ ਕਰਨਾ ਜਿਥੇ ਆਪਾ ਵਿਰੋਧੀ ਹੈ, ਉਥੇ ਮਰਦਾਂ ਨੂੰ ਭੰਭਲਭੂਸੇ (ਕਨਫਿਊਜ਼) ਵਿਚ ਪਾਉਂਦਾ ਹੈ ਕਿ ਉਨ੍ਹਾਂ ਦਾ ਹੁਣ ਔਰਤਾਂ ਪ੍ਰਤੀ ਕੀ ਵਰਤਾਉ ਹੋਣਾ ਚਾਹੀਦਾ ਹੈ? ਇਨ੍ਹਾਂ ਵਿਚੋਂ ਬਹੁਤ ਸਾਰੀਆਂ ਔਰਤਾਂ ਪੂਰੀ ਤਰ੍ਹਾਂ ਕੈਰੀਅਰਿਸਟ ਹਨ ਅਤੇ ਇਨ੍ਹਾਂ ਦਾ ਮੁਖ ਸਰੋਕਾਰ ਆਪਣਾ ਕੈਰੀਅਰ ਅੱਗੇ ਵਧਾਉਣਾ ਹੈ।
ਇਹ ਅਖੌਤੀ ਕਾਮੁਕ ਵਧੀਕੀ ਦੀ ਘਟਨਾ ਨੂੰ ਜੱਗ ਜ਼ਾਹਿਰ ਕਰਨ ਲਈ ਕਈ ਕਈ ਸਾਲ ਇੰਤਜ਼ਾਰ ਕਰਦੀਆਂ ਹਨ ਅਤੇ ਉਸ ਵੇਲੇ ਜ਼ਾਹਿਰ ਕਰਦੀਆਂ ਹਨ, ਜਦੋਂ ਉਨ੍ਹਾਂ ਨੂੰ ਪੂਰੀ ਮਸ਼ਹੂਰੀ (ਪਬਲੀਸਿਟੀ) ਦਾ ਲਾਭ ਪਹੁੰਚਦਾ ਹੈ। ਅਜਿਹੀ ਪਹੁੰਚ ਇਨ੍ਹਾਂ ਦੇ ਅਸਲੀ ਮੰਤਵ ਉਤੇ ਸਵਾਲੀਆ ਚਿੰਨ੍ਹ ਲਾ ਦਿੰਦੀ ਹੈ। ਅਜਿਹਾ ਪ੍ਰਭਾਵ ਪੈਂਦਾ ਹੈ ਕਿ ਇਹ ਔਰਤਾਂ ਸਾਮਰਾਜੀ ਸਭਿਆਚਾਰ ਵਿਚ ਪ੍ਰਪੱਕ ਹਨ ਅਤੇ ਨੈਤਿਕਤਾ ਅਤੇ ਸਿਧਾਂਤ ਨਾਲੋਂ ਇਨ੍ਹਾਂ ਲਈ ਆਪਣਾ ਕੈਰੀਅਰ ਅੱਗੇ ਵਧਾਉਣਾ ਜਾਂ ਆਪਣੀ ਸਥਿਤੀ ਵਿਚੋਂ ਪਦਾਰਥਕ ਲਾਹਾ ਖੱਟਣਾ ਇਨ੍ਹਾਂ ਲਈ ਜ਼ਿਆਦਾ ਮਹੱਤਵਪੂਰਣ ਹੈ। ਇਨ੍ਹਾਂ ਔਰਤਾਂ ਦੇ ਮੰਤਵ ਸਾਮਰਾਜੀਆਂ ਦੇ ਮੰਤਵਾਂ ਦੇ ਸਮਾਨਅੰਤਰ (ਪੈਰੇਲਲ) ਚਲ ਰਹੇ ਹਨ। ਦੋਨੋਂ ਔਰਤਾਂ ਨੂੰ ਮੁਕਤ ਕਰਨ ਦੀ ਬਜਾਏ ਔਰਤਾਂ ਨੂੰ ਮਰਦਾਂ ਦੇ ਵਿਰੋਧ ਵਿਚ ਖੜਾ ਕਰਨਾ ਚਾਹੁੰਦੇ ਹਨ ਤਾਂ ਜੋ ਔਰਤਾਂ ਅਤੇ ਮਰਦਾਂ ਦੀ ਸਾਮਰਾਜੀ ਲੁੱਟ ਵਿਰੁਧ ਏਕੇ ਨੂੰ ਤੋੜਿਆ ਜਾ ਸਕੇ। ਇਹ ਸਰਮਾਏਦਾਰੀ ਦਾ ਪੁਰਾਣਾ ਖਾਸਾ ਡੀਵਾਈਡ ਐਂਡ ਰੂਲ ਅਰਥਾਤ ਪਾੜੋ ਤੇ ਰਾਜ ਕਰੋ ਦੇ ਅਨੁਕੂਲ ਹੈ। ਅੰਤ ਵਿੱਚ ਇਸੇ ਕੁਦਰਤੀ ਭਿੰਨਤਾ ਨੂੰ ਖਤਮ ਕਰਕੇ ਇਕਸਾਰਤਾ ਲਿਆਉਣ ਦਾ ਮੰਤਵ ਸਾਮਰਾਜੀ ਲੁਟ ਵਿਰੁਧ ਔਰਤਾਂ ਅਤੇ ਮਰਦਾਂ ਦੇ ਏੇਕੇ ਨੂੰ ਕਮਜ਼ੋਰ ਕਰਨਾ ਅਤੇ ਸਾਮਰਾਜੀ ਲੁੱਟ ਅਤੇ ਸ਼ੋਸ਼ਣ ਨੂੰ ਜਾਰੀ ਰਖਣਾ ਹੀ ਹੈ।
ਹਰੇ ਇਨਕਲਾਬ ਤੋਂ ਬਾਅਦ ਪੰਜਾਬ ਪੂਰੀ ਤਰ੍ਹਾਂ ਸਾਮਰਾਜੀ ਸਭਿਆਚਾਰਕ ਗੁਲਾਮੀ ਦਾ ਸ਼ਿਕਾਰ ਹੋ ਗਿਆ ਹੈ। ਹਰਾ ਇਨਕਲਾਬ ਅਸਲ ਵਿੱਚ ਪੰਜਾਬ ਦੀ ਅਮੀਰ ਕਿਸਾਨੀ ਦਾ ਅਮਰੀਕੀ ਸਾਮਰਾਜ ਨਾਲ ਗੱਠਜੋੜ ਸੀ, ਜਿਸ ਦੁਆਰਾ ਇਹ ਜਮਾਤ ਸਰਮਾਏਦਾਰੀ ਜਮਾਤ ਵਿਚ ਬਦਲ ਗਈ। ਨਾ ਸਿਰਫ ਇਸ ਜਮਾਤ ਨੇ ਪੰਜਾਬ ਨੂੰ ਉਜੱਡਵਾਦ ਵਲ ਧੱਕਿਆ ਸਗੋਂ ਪੰਜਾਬੀ ਸਭਿਆਚਾਰ ਅਤੇ ਸਿੱਖ ਨੈਤਿਕਤਾ ਨੂੰ ਵੀ ਪੂਰੀ ਤਰ੍ਹਾਂ ਤਿਲਾਂਜਲੀ ਦੇ ਕੇ ਬਹੁਤ ਸ਼ਿੱਦਤ ਅਤੇ ਉਤਸ਼ਾਹ ਨਾਲ ਸਾਮਰਾਜੀ ਖੱਪਤਕਾਰੀ ਸਭਿਆਚਾਰ ਨੂੰ ਅਪਣਾਇਆ। ਸਭ ਤੋਂ ਪਹਿਲਾਂ ਇਨ੍ਹਾਂ ਨੇ ਪੰਜਾਬੀ ਸਭਿਆਚਾਰ ਨਾਲ ਗਦਾਰੀ ਕੀਤੀ। ਬੋਲੀ ਕਿਸੇ ਵੀ ਸਭਿਆਚਾਰ ਦਾ ਆਧਾਰ ਹੁੰਦੀ ਹੈ। ਪੰਜਾਬੀਆਂ ਦੀ ਮੰਗ ਪੰਜਾਬੀ ਬੋਲੀ ਦੇ ਆਧਾਰ ਉਤੇ ਇਕ ਸੂਬਾ ਬਣਾਉਣ ਦੀ ਸੀ। ਪ੍ਰੰਤੂ ਇਸ ਜਮਾਤ ਨੇ ਪੰਜਾਬੀ ਬੋਲੀ ਦੇ ਆਧਾਰ ਉਤੇ ਸੂਬਾ ਬਣਾਉਣ ਦੀ ਥਾਂ ਇਕ ਸਿੱਖ ਬਹੁਗਿਣਤੀ ਵਾਲਾ ਸੂਬਾ ਬਣਾਉਣਾ ਚਾਹਿਆ ਤਾਂ ਜੋ ਉਸ ਵਿਚ ਹਮੇਸ਼ਾ ਇਨ੍ਹਾਂ ਦਾ ਸਰਕਾਰ ਬਣੀ ਰਹੇ ਅਤੇ ਉਹ ਉਸ ਉਤੇ ਮੁਕੰਮਲ ਕਬਜ਼ਾ ਕਰ ਸਕਣ।
ਚਾਹੀਦਾ ਤਾਂ ਇਹ ਸੀ ਕਿ ਬੋਲੀ ਦੇ ਮਾਹਿਰਾਂ ਤੋਂ ਪੰਜਾਬੀ ਬੋਲਦੇ ਇਲਾਕਿਆਂ ਦੀ ਨਿਸ਼ਾਨਦੇਹੀ ਕਰਵਾਈ ਜਾਂਦੀ ਅਤੇ ਉਹ ਇਲਾਕਾ ਪੰਜਾਬ ਵਿਚ ਸ਼ਾਮਲ ਕੀਤਾ ਜਾਂਦਾ, ਜਿਥੇ ਪੰਜਾਬੀ ਬੋਲੀ ਜਾਂਦੀ ਹੈ। ਸਾਨੂੰ ਮਰਦਮਸ਼ੁਮਾਰੀ ਦੇ ਅੰਕੜੇ ਨਹੀਂ ਸਵਿਕਾਰਨੇ ਚਾਹੀਦੇ ਸਨ, ਕਿਉਂਕਿ ਉਹ ਪੱਖਪਾਤੀ ਸਨ। ਇਹ ਗੱਲ ਕਿਸੇ ਤੋਂ ਛੁਪੀ ਨਹੀਂ ਸੀ ਕਿ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਲਿਖਾਈ ਸੀ। ਜ਼ਾਹਿਰ ਹੈ ਕਿ ਇਹ ਝੂਠੇ ਅੰਕੜੇ ਨਵੇਂ ਪੰਜਾਬ ਦੀ ਹੱਦਬੰਦੀ ਦਾ ਆਧਾਰ ਨਹੀਂ ਬਣ ਸਕਦੇ ਸਨ। ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਤਿਲਾਂਜਲੀ ਦੇਣ ਤੋਂ ਬਾਅਦ ਇਸ ਜਮਾਤ ਨੇ ਸਿੱਖ ਨੈਤਿਕਤਾ ਨੂੰ ਵੀ ਤਿਲਾਂਜਲੀ ਦੇ ਦਿੱਤੀ ਅਤੇ ਪੰਜਾਬ ਨੂੰ ਸਾਮਰਾਜੀ ਖੱਪਤਕਾਰੀ ਸਭਿਆਚਾਰ ਦਾ ਗੜ੍ਹ ਬਣਾ ਦਿੱਤਾ। ਇਨ੍ਹਾਂ ਨੇ ਸਿੱਖ ਨੈਤਿਕਤਾ ਨਾਲ ਜੁੜੀਆਂ ਕਦਰਾਂ ਕੀਮਤਾਂ ਜਿਵੇਂ ਸਬਰ, ਸੰਜਮ, ਸੰਤੋਖ ਤੇ ਪਰਉਪਕਾਰ ਦੀ ਥਾਂ ਉਤੇ ਅਤਿਦਰਜੇ ਦੇ ਨਿਜਵਾਦ, ਖੁਦਗਰਜ਼ੀ, ਲਾਲਚ ਤੇ ਐਸ਼ਪ੍ਰਸਤੀ ਨੂੰ ਪ੍ਰੋਤਸਾਹਿਤ ਕੀਤਾ। ਇਨ੍ਹਾਂ ਕਦਰਾਂ ਕੀਮਤਾਂ ਦੇ ਨਾਲ ਨਾਲ ਪੰਜਾਬ ਦਾ ਬਾਹਰੀਰੂਪ ਅਤੇ ਔਰਤ ਮਰਦ ਦੇ ਰਿਸ਼ਤੇ ਦੀ ਕੁਦਰਤੀ ਭਿੰਨਤਾ ਨੂੰ ਹੀ ਬਦਲ ਦਿੱਤਾ। ਜਿਥੇ ਇਸਨੇ ਪੰਜਾਬੀ ਨੌਜਵਾਨਾਂ ਵਿਚੋਂ ਕਿਰਤ ਸਭਿਆਚਾਰ ਨੂੰ ਖਤਮ ਕਰਕੇ ਕਿਸੇ ਵੀ ਢੰਗ ਨਾਲ ਥੋੜ੍ਹੇ ਤੋਂ ਥੋੜ੍ਹੇ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੀ ਰੁਚੀ ਨੂੰ ਪ੍ਰੋਤਸਾਹਿਤ ਕੀਤਾ, ਉਥੇ ਉਨ੍ਹਾਂ ਦਾ ਬਾਹਰੀ ਰੂਪ ਵੀ ਬਦਲ ਦਿੱਤਾ।
ਮੈਨੂੰ ਸੰਸਾਰ ਦੇ ਲੱਗਪੱਗ ਹਰ ਖਿੱਤੇ ਵਿਚ ਜਾਣ ਦਾ ਮੌਕਾ ਮਿਲਿਆ ਹੈ, ਪਰ ਜਿੰਨੀ ਤਬਦੀਲੀ ਪੰਜਾਬੀ ਨੌਜਵਾਨਾਂ ਦੀ ਦਿਖ ਵਿਚ ਆਈ ਹੈ, ਉਨੀ ਸੰਸਾਰ ਦੇ ਕਿਸੇ ਹੋਰ ਖਿਤੇ ਵਿਚ ਦੇਖਣ ਨੂੰ ਨਹੀਂ ਮਿਲੀ। ਪਹਿਲਾਂ ਨੌਜਵਾਨਾਂ ਦੀ ਦਿੱਖ ਮਰਦਪੁਣੇ ਵਾਲੀ ਸੀ, ਪਰੰਤੂ ਹੁਣ ਬਹੁਤ ਸਾਰੇ ਨੌਜਵਾਨਾਂ ਦੇ ਹੇਅਰ ਸਟਾਈਲ, ਕੰਨਾਂ ਵਿੱਚ ਮੁੰਦਰਾਂ ਤੇ ਵਾਲੀਆਂ ਅਤੇ ਕਈ ਤਾਂ ਨੱਕ ਵਿੱਚ ਕੋਕਾ ਪਾਉਂਦੇ ਵੀ ਦੇਖੇ ਜਾ ਸਕਦੇ ਹਨ। ਆਪਣੇ ਸਰੀਰ ਉਤੇ ਟੈਟੂ ਬਣਵਾਉਣੇ ਆਮ ਜਿਹੀ ਗੱਲ ਹੈ। ਨੌਜਵਾਨਾਂ ਵਿਚ ਔਰਤ ਤੇ ਮਰਦ ਦੇ ਰਵਾਇਤੀ ਰਿਸ਼ਤੇ ਵੀ ਉਲਟ ਪੁਲਟ ਕੇ ਰੱਖ ਦਿੱਤੇ ਹਨ। ਸਮੁੱਚੇ ਤੌਰ ਉਤੇ ਇਨ੍ਹਾਂ ਵਿਚ ਤੁਲਨਾਤਮਕ ਤੌਰ ਤੇ ਮਰਦ ਜ਼ਿਆਦਾ ਪੈਸਿਵ (ਸਿਥਲ) ਹੋ ਰਹੇ ਹਨ ਅਤੇ ਔਰਤਾਂ ਜ਼ਿਆਦਾ ਅਗਰੈਸਿਵ (ਹਮਲਾਵਰ) ਹੋ ਰਹੀਆਂ ਹਨ। ਸਭ ਤੋਂ ਵੱਧ ਪ੍ਰਵਾਸ ਕੈਨੇਡਾ ਵਿੱਚ ਹੋ ਰਿਹਾ ਹੈ। ਕੈਨੇਡਾ ਵਿਚ ਵੱਖ-ਵੱਖ ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ ਔਰਤਾਂ ਤੇ ਮਰਦਾਂ ਵਿਚ ਕੁਦਰਤੀ ਭਿੰਨਤਾ ਅਤੇ ਰਵਾਇਤੀ ਰਿਸ਼ਤੇ ਖਤਮ ਹੋ ਰਹੇ ਹਨ। ਸਾਡੀਆਂ ਕੁੜੀਆਂ ਦਾ ਕਾਮੁਕ ਸੰਬੰਧਾਂ ਬਾਰੇ ਨਜ਼ਰੀਆ ਬਦਲ ਰਿਹਾ ਹੈ। ਸ਼ਰਾਬ ਦੇ ਸੇਵਨ ਬਾਰੇ ਨਜ਼ਰੀਆਂ ਬਦਲ ਰਿਹਾ ਹੈ। ਪਹਿਲਾਂ ਔਰਤਾਂ ਜਾਂ ਤਾਂ ਬਿਲਕੁਲ ਨਹੀਂ ਪੀਂਦੀਆਂ ਸਨ ਜਾਂ ਵਾਈਨ (ਅੰਗੂਰਾਂ ਦੀ ਸ਼ਰਾਬ) ਪੀਂਦੀਆਂ ਸਨ। ਪਰ ਹੁਣ ਔਰਤਾਂ ਵਿਚ ਬੀਅਰ ਤੇ ਹਾਰਡ ਲਿਕੁਅਰ ਵਿਸ੍ਹਕੀ ਤੇ ਸਕਾਚ ਆਦਿ ਦਾ ਸੇਵਨ ਲਗਾਤਾਰ ਵਧ ਰਿਹਾ ਹੈ।

Comment here