ਸੁਪਰੀਮ ਕੋਰਟ ਦੇ ਜਸਟਿਸ ਚੰਦਰਚੂੜ ਨੇ ਦੇਸ਼ ਅੰਦਰ ਔਰਤਾਂ ਦੀ ਸਥਿਤੀ ਬਾਰੇ ਮਹੱਤਵਪੂਰਨ ਮੁੱਦੇ ਉਠਾਏ ਹਨ | ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਹੈ ਕਿ ਦੇਸ਼ ਵਿੱਚ ਔਰਤਾਂ ਦੀ ਇੱਕ ਸਮੂਹ ਜਾਂ ਵਰਗ ਦੇ ਤੌਰ ਉੱਤੇ ਪਛਾਣ ਨਹੀਂ ਹੈ | ਉਨ੍ਹਾ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਜੱਜਾਂ ਦੇ ਰੂਪ ਵਿੱਚ ਹਰ ਦਿਨ ਔਰਤਾਂ ਨਾਲ ਹੋ ਰਹੇ ਅਨਿਆਂ ਦਾ ਸਾਹਮਣਾ ਕਰਦੇ ਹਾਂ |
ਜਸਟਿਸ ਚੰਦਰਚੂੜ ਨੇ ਕਿਹਾ ਕਿ ਸਾਡਾ ਸੰਵਿਧਾਨ ਇੱਕ ਇਨਕਲਾਬੀ ਦਸਤਾਵੇਜ਼ ਹੈ, ਜੋ ਪਿਤਰ ਸੱਤਾ ਵਿੱਚੋਂ ਪੈਦਾ ਹੋਈਆਂ ਅਸਮਾਨਤਾਵਾਂ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ | ਇਹ ਔਰਤਾਂ ਦੇ ਭੌਤਿਕ ਅਧਿਕਾਰਾਂ ਨੂੰ ਸੁਰੱਖਿਅਤ ਕਰਨ, ਉਨ੍ਹਾਂ ਦੇ ਸਵੈਮਾਨ ਤੇ ਸਮਾਨਤਾ ਦੀ ਰਾਖੀ ਕਰਨ ਦਾ ਇੱਕ ਸ਼ਕਤੀਸ਼ਾਲੀ ਹਥਿਆਰ ਬਣ ਚੁੱਕਾ ਹੈ | ਔਰਤਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਪੂਰਾ ਕਰਨ ਲਈ ਘਰੇਲੂ ਹਿੰਸਾ ਤੇ ਕੰਮ ਸਥਾਨ ਉੱਤੇ ਜਿਨਸੀ ਹਿੰਸਾ ਰੋਕਣ ਵਰਗੇ ਕਾਨੂੰਨ ਬਣਾਏ ਗਏ ਹਨ |
ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਔਰਤ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਕੇਵਲ ਔਰਤਾਂ ਦਾ ਹੀ ਮਸਲਾ ਨਹੀਂ ਹੈ | ਔਰਤਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਅਸਲ ਵਿੱਚ ਤਦ ਹੀ ਸਾਰਥਕ ਹੋ ਸਕਦੀ ਹੈ, ਜਦੋਂ ਸਾਡੇ ਮਰਦਾਂ ਦੀ ਨਵੀਂ ਪੀੜ੍ਹੀ ਨੂੰ ਜਾਗਰੂਕ ਕੀਤਾ ਜਾਵੇਗਾ | ਉਨ੍ਹਾ ਕਿਹਾ ਕਿ ਔਰਤਾਂ ਨੂੰ ਅਧਿਕਾਰਾਂ ਤੋਂ ਵਾਂਝੇ ਰੱਖਣ ਦਾ ਜੇਕਰ ਹੱਲ ਲੱਭਣਾ ਹੈ ਤਾਂ ਔਰਤਾਂ ਤੇ ਮਰਦਾਂ ਦੋਹਾਂ ਦੀ ਮਾਨਸਿਕਤਾ ਨੂੰ ਬਦਲਣਾ ਪਵੇਗਾ |ਜਸਟਿਸ ਚੰਦਰਚੂੜ ਨੇ ਇੱਕ ਫੈਸਲੇ ਦਾ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾ ਇੱਕ ਅਨੁਸੂਚਿਤ ਜਾਤੀ ਦੀ ਔਰਤ ਨਾਲ ਹੋ ਰਹੇ ਭੇਦਭਾਵ ਨੂੰ ਦੇਖਿਆ ਸੀ | ਉਨ੍ਹਾ ਕਿਹਾ ਕਿ ਜਦੋਂ ਇੱਕ ਔਰਤ ਦੀ ਪਛਾਣ ਦੇ ਨਾਲ ਜਾਤੀ, ਵਰਗ, ਧਰਮ ਤੇ ਵਿਕਲਾਂਗਤਾ ਦੀ ਪਛਾਣ ਜੁੜ ਜਾਂਦੀ ਹੈ ਤਾਂ ਉਸ ਨੂੰ ਹਿੰਸਾ ਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਦਾ ਹੈ |
ਉਨ੍ਹਾ ਕਿਹਾ ਕਿ ਔਰਤਾਂ ਲਈ ਅਜਿਹੇ ਕਾਨੂੰਨ ਹਨ, ਜੋ ਉਨ੍ਹਾਂ ਲਈ ਅਧਿਕਾਰਾਂ ਦਾ ਨਿਰਮਾਣ ਕਰਦੇ ਹਨ | ਇਨ੍ਹਾਂ ਵਿੱਚ ਜਾਇਦਾਦ ਦਾ ਅਧਿਕਾਰ, ਕੰਮ ਸਥਾਨ ਉਤੇ ਰੱਖਿਆ ਦਾ ਅਧਿਕਾਰ ਤੇ ਸੁਰੱਖਿਆ ਬਲਾਂ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਸ਼ਾਮਲ ਹਨ | ਉਨ੍ਹਾ ਕਿਹਾ ਕਿ ਖਾਧ ਸੁਰੱਖਿਆ ਕਾਨੂੰਨ ਔਰਤ ਨੂੰ ਘਰ ਦੇ ਮੁਖੀ ਵਜੋਂ ਮਾਨਤਾ ਦਿੰਦਾ ਹੈ |
ਉਨ੍ਹਾ ਮੰਨਿਆ ਕਿ ਸਾਡਾ ਸਮਾਜ ਮਰਦਾਂ ਤੇ ਔਰਤਾਂ ਵਿੱਚ ਕਿਰਤ ਨੂੰ ਿਲੰਗਕ ਅਧਾਰ ਉੱਤੇ ਮਾਨਤਾ ਦਿੰਦਾ ਹੈ | ਕਿਰਤ ਦੀ ਿਲੰਗਕ ਵੰਡ ਹੀ ਸਾਡੇ ਸਮਾਜ ਵਿੱਚ ਪਿਤਰਸੱਤਾ ਦਾ ਅਧਾਰ ਹੈ | ਕਿਰਤ ਦੀ ਇਸ ਵੰਡ ਨੂੰ ਸੁਭਾਵਿਕ ਮੰਨਿਆ ਜਾਂਦਾ ਹੈ | ਔਰਤਾਂ ਨੂੰ ਆਪਣੇ ਪਰਵਾਰਾਂ ਵਿੱਚ ਪਿਆਰ ਦੇ ਬਦਲੇ ਬਿਨਾਂ ਤਨਖ਼ਾਹ ਤੋਂ ਕਿਰਤ ਕਰਨੀ ਪੈਂਦੀ ਹੈ | ਕਿਰਤ ਦੀ ਵੰਡ ਕੇਵਲ ਕੰਮ ਨੂੰ ਵੰਡ ਕੇ ਕਰਨ ਦੀ ਤਕਨੀਕ ਨਹੀਂ, ਸਗੋਂ ਇਸ ਸੱਚਾਈ ਉਤੇ ਪਰਦਾ ਪਾਉਣਾ ਹੈ ਕਿ ਮਰਦਾਂ ਦੇ ਕੰਮ ਨੂੰ ਸਮਾਜਿਕ ਤੇ ਔਰਤਾਂ ਦੇ ਕੰਮ ਨੂੰ ਪ੍ਰਕ੍ਰਿਤੀ ਵੱਲੋਂ ਨਿਰਧਾਰਤ ਮੰਨਿਆ ਜਾਂਦਾ ਹੈ |
ਜਸਟਿਸ ਚੰਦਰਚੂੜ ਨੇ ਡਾਬਰ ਦੇ ਇੱਕ ਇਸ਼ਤਿਹਾਰ ਬਾਰੇ ਉਠੇ ਵਿਵਾਦ ਉੱਤੇ ਵੀ ਟਿੱਪਣੀ ਕੀਤੀ | ਡਾਬਰ ਦੇ ਇਸ ਇਸ਼ਤਿਹਾਰ ਵਿੱਚ ਇੱਕ ਸਮਿਲੰਗੀ ਜੋੜੇ ਦੇ ਕਰਵਾ ਚੌਥ ਦਾ ਮਨਾਏ ਜਾਣਾ ਦਿਖਾਇਆ ਗਿਆ ਸੀ | ਇਸ ਇਸ਼ਤਿਹਾਰ ਦੇ ਲਾਂਚ ਹੋਣ ਉਤੇ ਇੱਕ ਵਰਗ ਨੇ ਇਸ ਦਾ ਵਿਰੋਧ ਕੀਤਾ ਸੀ | ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਸੰਬੰਧੀ ਡਾਬਰ ਇੰਡੀਆ ਨੂੰ ਇਸ਼ਤਿਹਾਰ ਵਾਪਸ ਲੈਣ ਜਾਂ ਕਾਰਵਾਈ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਸੀ | ਇਸ ਤੋਂ ਬਾਅਦ ਡਾਬਰ ਇੰਡੀਆ ਨੇ ਇਸ਼ਤਿਹਾਰ ਵਾਪਸ ਲੈ ਲਿਆ ਸੀ | ਜਸਟਿਸ ਚੰਦਰਚੂੜ ਨੇ ਕਿਹਾ ਕਿ ਕੰਪਨੀ ਨੂੰ ਲੋਕਾਂ ਦੀ ਅਸਹਿਣਸ਼ੀਲਤਾ ਕਾਰਨ ਹੀ ਇਹ ਇਸ਼ਤਿਹਾਰ ਹਟਾਉਣਾ ਪਿਆ ਸੀ |
Comment here