ਨਵੀਂ ਦਿੱਲੀ- ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ B.1.1.529 (ਓਮੀਕ੍ਰੋਨ) ਨੇ ਵੀ ਦਸਤਕ ਦਿੱਤੀ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕੋਰੋਨਾ ਦੇ ਓਮੀਕ੍ਰੋਨ ਦੇ ਦੋਵਾਂ ਹੀ ਮਾਮਲੇ ਕਰਨਾਕਟ ਦੇ ਹਨ।ਦੱਸਣਯੋਗ ਹੈ ਕਿ ਇਹ ਦੋਵੇਂ ਮਾਮਲੇ ਕਰਨਾਟਕ ਦੇ ਹਨ। ਓਮੀਕ੍ਰੋਨ ਤੋਂ ਇਨਫੈਕਟਿਡ ਵਿਅਕਤੀ 66 ਤੋਂ 46 ਸਾਲ ਦੀ ਉਮਰ ਦੇ ਲੋਕਾਂ ਵਿਚ ਪਾਈ ਗਈ ਹੈ। ਹੁਣ ਤਕ ਲਗਪਗ 29 ਦੇਸ਼ਾਂ ਵਿਚ ਓਮੀਕ੍ਰੋਨ ਵੇਰੀਐਂਟ ਦੇ 373 ਮਾਮਲੇ ਸਾਹਮਣੇ ਆਏ ਹਨ। ਲਵ ਅਗਰਵਾਲ ਨੇ ਦੱਸਿਆ ਕਿ ਓਮੀਕ੍ਰੋਨ ਨਾਲ ਸਬੰਧਤ ਸਾਰੇ ਮਾਮਲਿਆਂ ਵਿਚ ਹੁਣ ਤਕ ਹਲਕੇ ਲੱਛਣ ਪਾਏ ਗਏ ਹਨ। ਅਜੇ ਤਕ ਦੇਸ਼ ਤੇ ਦੁਨੀਆ ਭਰ ਵਿਚ ਅਜਿਹੇ ਸਾਰੇ ਮਾਮਲਿਆਂ ਵਿਚ ਕੋਈ ਗੰਭੀਰ ਲੱਛਣ ਨਹੀਂ ਦੇਖਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਕਿਹਾ ਹੈ ਕਿ ਓਮੀਕ੍ਰੋਨ ਦੇ ਉੱਭਰ ਰਹੇ ਲੱਛਣਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਆਈ ਸੀ ਐਮ ਆਰ ਦੇ ਡੀਜੀ ਬਲਰਾਮ ਭਾਰਗਵ ਨੇ ਦੱਸਿਆ ਕਿ ਕਰਨਾਟਕ ਵਿਚ ਹੁਣ ਤਕ ਸਿਹਤ ਮੰਤਰਾਲੇ ਦੁਆਰਾ ਸਥਾਪਤ 37 ਪ੍ਰਯੋਗਸ਼ਾਲਾਵਾਂ ਦੇ INSACOG ਦੇ ਜੀਨੋਮ ਕ੍ਰਮ ਦੇ ਯਤਨਾਂ ਰਾਹੀਂ ਓਮੀਕ੍ਰੋਨ ਦੇ ਦੋ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਸਾਨੂੰ ਘਬਰਾਉਣ ਦੀ ਲੋੜ ਨਹੀਂ, ਪਰ ਕੋਰੋਨਾ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ ਹੈ।
ਕੇਂਦਰੀ ਸਿਹਤ ਮੰਤਰੀ ਨੇ ਹਾਈਲੇਵਲ ਬੈਠਕ ਕੀਤੀ
ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਤਰਥੱਲੀ ਮਚ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀਰਵਾਰ ਨੂੰ ਹਵਾਈ ਅੱਡਿਆਂ ਤੇ ਬੰਦਰਗਾਹਾਂ ‘ਤੇ ਤਾਇਨਾਤ ਸਿਹਤ ਅਧਿਕਾਰੀਆਂ ਦੇ ਨਾਲ-ਨਾਲ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ ਖਤਰੇ ਤੇ ਇਸ ਦੀ ਰੋਕਥਾਮ ਸਬੰਧੀ ਵੱਖ-ਵੱਖ ਨੁਕਤਿਆਂ ‘ਤੇ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਸਿਹਤ ਮੰਤਰਾਲਾ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੇਸ਼ ਵਿਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਖਤੀ ਨਾਲ ਨਿਗਰਾਨੀ ਕਰਨ ਤੇ ਉਨ੍ਹਾਂ ਦੇ ਕੋਵਿਡ -19 ਟੈਸਟ ਕਰਵਾਉਣ ਦੀ ਸਲਾਹ ਦੇ ਰਿਹਾ ਹੈ। ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ‘ਖ਼ਤਰੇ’ ਵਾਲੇ ਦੇਸ਼ਾਂ ਤੋਂ ਸੰਕਰਮਿਤ ਅੰਤਰਰਾਸ਼ਟਰੀ ਯਾਤਰੀਆਂ ਦੇ ਨਮੂਨਿਆਂ ਦੀ ਜੀਨੋਮ ਸੀਕਵੈਂਸਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਖ਼ਤਰੇ ਵਾਲੇ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਰਟੀ-ਪੀਸੀਆਰ ਟੈਸਟ ਦੀਆਂ ਰਿਪੋਰਟਾਂ ਆਉਣ ਤਕ ਹਵਾਈ ਅੱਡਿਆਂ ‘ਤੇ ਇੰਤਜ਼ਾਰ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਹੁਕਮ ਦਿੱਤੇ ਗਏ ਹਨ ਕਿ ਉਹ ਇਨਫੈਕਟਿਡ ਯਾਤਰੀਆਂ ਦੇ ਜੀਨੋਮ ਟੈਸਟ ਲਈ ਨਮੂਨੇ ਤੁਰੰਤ ਸਬੰਧਤ ਇਨਸਾਕੋਗ ਪ੍ਰਯੋਗਸ਼ਾਲਾਵਾਂ ਵਿਚ ਭੇਜਣ। ਇੰਨਾ ਹੀ ਨਹੀਂ, ਸੂਬਿਆਂ ਨੂੰ ਇਨਫੈਕਟਿਡ ਯਾਤਰੀਆਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਵੀ ਕਿਹਾ ਗਿਆ ਹੈ।
ਹੁਣ ਤਕ ਚੁੱਕੇ ਗਏ ਕਦਮ
– ਅੰਤਰਰਾਸ਼ਟਰੀ ਯਾਤਰੀਆਂ ਲਈ RT-PCR ਟੈਸਟ ਨੂੰ ਲਾਜ਼ਮੀ ਬਣਾਉਣ ਦੇ ਨਿਰਦੇਸ਼
– ਵਿਦੇਸ਼ਾਂ ਤੋਂ ਆਉਣ ਵਾਲੇ ਸੰਕਰਮਿਤ ਲੋਕਾਂ ਦੇ ਨਮੂਨਿਆਂ ਦੀ ਜੀਨੋਮ ਸੀਕਵੈਂਸਿੰਗ ਕਰਵਾਉਣ ਦਾ ਫੈਸਲਾ
– ਜੀਨੋਮ ਸੀਕਵੈਂਸਿੰਗ ਲਈ ਤੁਰੰਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਮੂਨੇ ਭੇਜਣ ਦੀ ਸਲਾਹ
– ਖ਼ਤਰੇ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਸਖ਼ਤ ਨਿਗਰਾਨੀ ਅਤੇ ਸੰਪਰਕ ਟਰੇਸਿੰਗ ਲਈ ਹਦਾਇਤਾਂ
– ਹਵਾਈ ਅੱਡਿਆਂ ਅਤੇ ਬੰਦਰਗਾਹਾਂ ‘ਤੇ ਅਧਿਕਾਰੀਆਂ ਨੂੰ ਸਖਤ ਕੋਵਿਡ ਟੈਸਟਿੰਗ ਦੀ ਪਾਲਣਾ ਕਰਨ ਦੀਆਂ ਹਦਾਇਤਾਂ
– ਭਾਰਤ ਬਾਇਓਟੈਕ ਨੇ ਓਮਿਕਰੋਨ ‘ਤੇ ਕੋਵੈਕਸੀਨ ਦੇ ਪ੍ਰਭਾਵ ਨੂੰ ਪਰਖਣ ਲਈ ਖੋਜ ਸ਼ੁਰੂ ਕੀਤੀ
– PM ਮੋਦੀ ਦੀ ਬੈਠਕ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਨੂੰ 31 ਦਸੰਬਰ ਤਕ ਵਧਾਇਆ
ਹਵਾਈ ਅੱਡੇ ਦੀ ਸਕ੍ਰੀਨਿੰਗ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਨੇ ਕੀਤੀ ਮੀਟਿੰਗ
ਹਵਾਈ ਅੱਡੇ ਦੀ ਸਕ੍ਰੀਨਿੰਗ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਸੂਬਿਆਂ ਨਾਲ ਵੱਡੀ ਮੀਟਿੰਗ ਕਰਨ ਜਾ ਰਹੇ ਹਨ। ਇਸ ਮੀਟਿੰਗ ਵਿੱਚ ਏਅਰਪੋਰਟ ਪਬਲਿਕ ਹੈਲਥ ਅਫਸਰਾਂ (ਏਪੀਐੱਚਓਜ਼) ਅਤੇ ਪੋਰਟ ਹੈਲਥ ਅਫਸਰਾਂ (ਪੀਐੱਚਓਜ਼) ਨਾਲ ਤਾਜ਼ਾ ਸਥਿਤੀ ਬਾਰੇ ਚਰਚਾ ਕੀਤੀ ਜਾਵੇਗੀ। ਸਰਕਾਰ ਨੇ ਪੂਰੀ ਚੌਕਸੀ ਨਾਲ ਕੌਮਾਂਤਰੀ ਉਡਾਣਾਂ ਨੂੰ ਨਿਯਮਤ ਕਰਨ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਿਹਤ ਮੰਤਰੀ ਸਵੇਰੇ 10 ਵਜੇ ਸੂਬਿਆਂ ਨਾਲ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ਾਂ ‘ਚ ਸਾਹਮਣੇ ਆ ਰਹੇ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਵੀ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਨਵਾਂ ਓਮੀਕ੍ਰੋਨ ਵੇਰੀਐਂਟ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ 24 ਨਵੰਬਰ ਨੂੰ ਸਾਹਮਣੇ ਆਇਆ ਸੀ।
Comment here