ਅੰਮ੍ਰਿਤਸਰ-ਰਾਜਸਭਾ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਅੱਜ ਗੁਰੂ ਨਗਰੀ ਅੰਮ੍ਰਿਤਸਰ ਤੋਂ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ “‘ਮਿਸ਼ਨ ਹੋਪ” ਦੀ ਸ਼ੁਰੂਆਤ ਕੀਤੀ ਗਈ। ਇਸ ਮਿਸ਼ਨ ਦਾ ਮਕਸਦ ਓਮਾਨ ਵਿੱਚ ਜਿਸਮੀ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਪੰਜਾਬੀ ਧੀਆਂ ਨੂੰ ਵਾਪਿਸ ਪੰਜਾਬ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਓਮਾਨ ਦੇ ਮਸਕਟ ਵਿੱਚ ਨੌਕਰੀ ਅਤੇ ਪੈਸੇ ਕਮਾਉਣ ਲਈ ਗਈਆਂ ਪੰਜਾਬਣਾਂ ਨੂੰ ਵਾਪਿਸ ਪੰਜਾਬ ਲਿਆਉਣ ਲਈ ਉਨ੍ਹਾਂ ਵਲੋਂ ਭਾਰਤ ਸਰਕਾਰ ਨਾਲ ਮਿਲਕੇ ਯਤਨ ਕੀਤੇ ਜਾ ਰਹੇ ਹਨ, ਜਿਸਦੇ ਸਿੱਟੇ ਵਜੋਂ ਓਥੇ ਫਸੀਆਂ ਕਰੀਬ 136 ਲੜਕੀਆਂ ਨੂੰ ਜਲਦ ਭਾਰਤ ਲਿਆਂਦਾ ਜਾ ਰਿਹਾ ਹੈ।
ਵਿਕਰਮਜੀਤ ਸਾਹਨੀ ਨੇ ਕਿਹਾ ਕਿ ਅਸੀਂ ਲੜਕੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਪਛਾਣ ਨਹੀਂ ਦੱਸ ਰਹੇ ਪਰ ਅਸੀਂ ਉਨ੍ਹਾਂ ਨੂੰ ਉਥੇ ਗ਼ਲਤ ਢੰਗ ਨਾਲ ਭੇਜਣ ਵਾਲਿਆਂ ਦੀ ਬੰਦ ਲਿਫਾਫਾ ਜਾਣਕਾਰੀ ਪੰਜਾਬ ਦੇ ਡੀਜੀਪੀ ਨੂੰ ਦੇ ਦਿੱਤੀ ਗਈ ਹੈ ਤਾਂਜੋ ਉਨ੍ਹਾਂ ਏਜੰਟਾਂ ਖਿਲਾਫ ਕਾਰਵਾਈ ਹੋ ਸਕੇ ਜਿਨ੍ਹਾਂ ਨੇ ਕੁੱਝ ਪੈਸਿਆਂ ਦੇ ਲਾਲਚ ਕਰਕੇ ਪੰਜਾਬ ਦੀਆਂ ਧੀਆਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਲੜਕੀਆਂ ਨੂੰ ਓਥੇ ਭੇਜਣ ਵਿੱਚ ਵੀ ਜ਼ਿਆਦਾਤਰ ਪੰਜਾਬੀ ਮਹਿਲਾਵਾਂ ਦੀ ਹੀ ਭੂਮਿਕਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਮਹਿਲਾਵਾਂ ਸਮੇਤ ਸਾਰੇ ਏਜੈਟਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਹਨੀ ਨੇ ਇਹ ਵੀ ਦੱਸਿਆ ਕਿ ਸੱਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਬਹੁਤ ਸਾਰੇ ਬਲੈਕ ਲਿਸਟਡ ਏਜੰਟ ਅੱਜ ਹੀ ਇਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਕੁੱਝ ਪੈਸਿਆਂ ਦੀ ਖਾਤਿਰ ਮੌਤ ਦੇ ਮੂੰਹ ਵਿੱਚ ਧੱਕਣ ਦਾ ਕਾਲਾ ਕਾਰੋਬਾਰ ਕਰ ਰਹੇ ਹਨ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਕਿ ਪੰਜਾਬ ਦੇ ਸਾਰੇ ਏਜੰਟਾਂ ਬਾਰੇ ਖਾਕਾ ਤਿਆਰ ਕਰਕੇ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।
ਓਮਾਨ ‘ਚ ਫਸੀਆਂ ਪੰਜਾਬੀ ਧੀਆਂ ਨੂੰ ਵਾਪਿਸ ਲਿਆਉਣਗੇ ਸਾਹਨੀ

Comment here