ਅਪਰਾਧਸਿਆਸਤਖਬਰਾਂ

ਐੱਸ. ਟੀ. ਐੱਫ਼. ਦੀ ਰੇਡ ਦੌਰਾਨ ਪੰਜਾਬੀ ਕਲਾਕਾਰ ਦੀ ਹੋਈ ਮੌਤ

ਜਲੰਧਰ-ਐੱਸ. ਟੀ. ਐੱਫ਼. ਦੀ ਰੇਡ ਉਸ ਸਮੇਂ ਮੁਸੀਬਤ ਬਣ ਗਈ, ਜਦੋਂ ਰੇਡ ਦੌਰਾਨ ਸੁਰਿੰਦਰ ਸਿੰਘ ਉਰਫ ਸ਼ਿਵ ਵਿਰਕ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਅਤੇ ਬਾਅਦ ਵਿਚ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ। ਇਹ ਰੇਡ ਥਾਣਾ ਗੋਰਾਇਆ ਦੇ ਪਿੰਡ ਵਿਰਕਾਂ ਵਿਚ ਐੱਸ. ਟੀ. ਐੱਫ਼. ਦੀ ਟੀਮ ਨੇ ਸਵੇਰੇ ਹੀ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਅਤੇ ਪੰਜਾਬੀ ਕਲਾਕਾਰ ਸੁਰਿੰਦਰ ਕੁਮਾਰ ਉਰਫ਼ ਸ਼ਿਵ ਵਿਰਕ ਦੇ ਘਰ ਕੀਤੀ। ਹਾਲਾਂਕਿ ਇਸ ਦੌਰਾਨ ਐੱਸ. ਟੀ. ਐੱਫ਼. ਟੀਮ ਤਾਂ ਮੌਕੇ ਤੋਂ ਨਿਕਲ ਗਈ ਪਰ ਦੇਰ ਸ਼ਾਮ ਤੱਕ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਉਣ ਲਈ ਕੋਸ਼ਿਸ਼ਾਂ ਡੀ. ਐੱਸ. ਪੀ. ਫਿਲੌਰ ਅਤੇ ਐੱਸ. ਐੱਚ. ਓ. ਗੋਰਾਇਆ ਕਰਦੇ ਰਹੇ। ਪਰਿਵਾਰਕ ਮੈਂਬਰਾਂ ਵਿਚ ਪੁਲਸ iਖ਼ਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਜੋ ਟੀਮ ਉਨ੍ਹਾਂ ਦੇ ਘਰ ਵਿੱਚ ਆਈ, ਉਨ੍ਹਾਂ ’ਤੇ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਰਹੇ।
ਇਸ ਸਬੰਧੀ ਮ੍ਰਿਤਕ ਸੁਰਿੰਦਰ ਕੁਮਾਰ ਦੇ ਵੱਡੇ ਪੁੱਤਰ ਨਵੀਨ ਨੇ ਦੱਸਿਆ ਕਿ ਸਵੇਰੇ ਉਹ ਆਪਣੇ ਘਰ ਵਿਚ ਸੁੱਤੇ ਹੋਏ ਸਨ, ਲਗਭਗ 8 ਵਜੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ, ਜਿਵੇਂ ਹੀ ਉਨ੍ਹਾਂ ਨੇ ਦਰਵਾਜ਼ਾ ਖੋਲਿ੍ਹਆ ਤਾਂ ਉਸ ਨੂੰ ਥੱਪੜ ਮਾਰਦੇ ਹੋਏ ਅੰਦਰ ਲੈ ਗਏ। ਇਸ ਤੋਂ ਬਾਅਦ ਉਸ ਦੇ ਪਿਤਾ ਸੁਰਿੰਦਰ ਕੁਮਾਰ ਅਤੇ ਮਾਤਾ ਵੀ ਬਾਹਰ ਆ ਗਏ, ਉਥੇ ਹੀ ਸਿਵਲ ਵਰਦੀ ਵਿਚ 8 ਤੋਂ 10 ਲੋਕ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਗਏ, ਜਿਨ੍ਹਾਂ ਵਿਚ ਇਕ ਔਰਤ ਵੀ ਮੌਜੂਦ ਸੀ। ਇਸ ਦੌਰਾਨ ਘਰ ਦੀ ਤਲਾਸ਼ੀ ਲਈ ਗਈ ਪਰ ਉਨ੍ਹਾਂ ਨੂੰ ਘਰ ਵਿਚੋਂ ਕੁਝ ਵੀ ਨਹੀਂ ਮਿਲਿਆ।
ਨਵੀਨ ਨੇ ਦੋਸ਼ ਲਾਇਆ ਕਿ ਐੱਸ. ਟੀ. ਐੱਫ਼. ਨੇ ਉਨ੍ਹਾਂ ਤੋਂ 5 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਅਤੇ ਪੈਸੇ ਨਾ ਦੇਣ ‘ਤੇ ਉਨ੍ਹਾਂ ‘ਤੇ ਨਸ਼ੇ ਵਾਲੇ ਪਦਾਰਥਾਂ ਦਾ ਕੇਸ ਪਾਉਣ ਦੀ ਧਮਕੀ ਦਿੱਤੀ ਸੀ।ਇਸ ਕਾਰਨ ਪਿਤਾ ਸੁਰਿੰਦਰ ਕੁਮਾਰ ਕਾਫੀ ਘਬਰਾ ਗਏ ਅਤੇ ਫਿਰ ਅਚਾਨਕ ਪਿਤਾ ਦੀ ਤਬੀਅਤ ਜ਼ਿਆਦਾ ਵਿਗੜ ਗਈ ਅਤੇ ਉਨ੍ਹਾਂ ਨੂੰ ਫਗਵਾੜਾ ਦੇ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ।ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ।

Comment here