ਅਪਰਾਧਸਿਆਸਤਖਬਰਾਂ

ਐੱਨਆਈਏ ਨੇ ਨਕਸਲੀ ਤੇ ਪੀਐਲਐੱਫਆਈ ਮੁਖੀ ਦਿਨੇਸ਼ ਗੋਪ ਕੀਤਾ ਗ੍ਰਿਫਤਾਰ

ਨਵੀਂ ਦਿੱਲੀ-ਦੇਸ਼ ਦਾ ਬਦਨਾਮ ਨਕਸਲੀ ਨੇਤਾ ਅਤੇ ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ (ਪੀਐਲਐੱਫਆਈ) ਦਾ ਮੁਖੀ ਦਿਨੇਸ਼ ਗੋਪ ਹੁਣ ਸੁਰੱਖਿਆ ਏਜੰਸੀਆਂ ਦੀ ਹਿਰਾਸਤ ਵਿੱਚ ਹੈ। ਦਿਨੇਸ਼ ਗੋਪ ਦੀ ਦਹਿਸ਼ਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਝਾਰਖੰਡ ਸਰਕਾਰ ਨੇ ਉਸ ‘ਤੇ 25 ਲੱਖ ਦਾ ਇਨਾਮ ਰੱਖਿਆ ਸੀ ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ ) ਨੇ ਉਸ ‘ਤੇ 5 ਲੱਖ ਦਾ ਇਨਾਮ ਰੱਖਿਆ ਸੀ। ਪਿਛਲੇ 15 ਸਾਲਾਂ ਤੋਂ, ਭਾਰਤ ਦੀਆਂ ਏਜੰਸੀਆਂ, ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਨਕਸਲੀ ਨੇਤਾ ਦੀ ਤਲਾਸ਼ ਕਰ ਰਹੇ ਸਨ। ਦਿਨੇਸ਼ ਗੋਪ ਕਈ ਸਾਲਾਂ ਤੋਂ ਝਾਰਖੰਡ ਵਿੱਚ ਨਕਸਲੀ ਗਤੀਵਿਧੀਆਂ ਵਿੱਚ ਸਰਗਰਮ ਸੀ। ਨਕਸਲੀ ਨੇਤਾ ਖਿਲਾਫ 100 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਅਜੇ ਵੀ ਉਸ ਦੇ ਕਈ ਸਾਥੀ ਫਰਾਰ ਹਨ। ਫਿਲਹਾਲ ਨਕਸਲੀ ਤੋਂ ਪੁੱਛਗਿੱਛ ਜਾਰੀ ਹੈ। ਉਹ ਲੰਬੇ ਸਮੇਂ ਤੋਂ ਨੇਪਾਲ ਵਿੱਚ ਵੀ ਲੁਕਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਹੈ।
ਸੁਰੱਖਿਆ ਏਜੰਸੀਆਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਦਿਨੇਸ਼ ਗੋਪ ਆਪਣਾ ਰੂਪ ਬਦਲ ਕੇ ਨੇਪਾਲ ‘ਚ ਲੁਕਿਆ ਹੋਇਆ ਸੀ। ਉਸ ਨੇ ਸਿੱਖ ਵਜੋਂ ਪਹਿਰਾਵਾ ਪਾਇਆ ਹੋਇਆ ਸੀ ਅਤੇ ਪੱਗ ਵੀ ਬੰਨ੍ਹੀ ਹੋਈ ਸੀ। ਸਪੈਸ਼ਲ ਸੈੱਲ ਦੀਆਂ ਕਾਊਂਟਰ ਏਜੰਸੀਆਂ ਨੂੰ ਕਾਫੀ ਸਮਾਂ ਪਹਿਲਾਂ ਸੂਚਨਾ ਮਿਲੀ ਸੀ ਕਿ ਦਿਨੇਸ਼ ਨੇਪਾਲ ਦੇ ਕਾਠਮੰਡੂ ‘ਚ ਲੁਕਿਆ ਹੋਇਆ ਹੈ, ਜਿਸ ਤੋਂ ਬਾਅਦ ਐੱਨਆਈਏ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਗਈ।
ਦਿਨੇਸ਼ ਗੋਪ ਨੇ ਏਕੇ 47 ਵਰਗੇ ਹਥਿਆਰਾਂ ਨਾਲ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਸ ਦੇ ਕਈ ਸਾਥੀ ਅਜੇ ਵੀ ਫਰਾਰ ਹਨ। ਝਾਰਖੰਡ ਪੁਲਿਸ ਨੇ ਇਸ ਦੇ ਪੋਸਟਰ ਵੀ ਛਾਪੇ ਸਨ ਜਦੋਂ ਇਸ ‘ਤੇ ਇਨਾਮ ਰੱਖਿਆ ਗਿਆ ਸੀ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਪੀ.ਐੱਲ.ਐੱਫ.ਆਈ. ਦਿਨੇਸ਼ ਗੋਪ ਲਈ ਪਾਕਿਸਤਾਨ, ਚੀਨ, ਬੈਲਜੀਅਮ ਅਤੇ ਸਕਾਟਲੈਂਡ ਤੋਂ ਮਿਆਰੀ ਹਥਿਆਰ ਪ੍ਰਾਪਤ ਕਰਦਾ ਸੀ, ਜਿਸ ਰਾਹੀਂ ਉਸ ਦਾ ਗਿਰੋਹ ਮਜ਼ਬੂਤ ​​ਹੋ ਕੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

Comment here