ਵਿਸ਼ੇਸ਼ ਲੇਖ

ਐਹੋ ਜਿਹਾ ਸੀ ਸਾਡਾ ਸਰਾਭਾ…

ਕਰਤਾਰ ਸਿੰਘ ਸਰਾਭਾ ਨੂੰ ਅੱਜ ਸ਼ਹਾਦਤ ਦਿਵਸ ਤੇ ਯਾਦ ਕਰਦਿਆਂ..

ਲੁਧਿਆਣੇ ਸ਼ਹਿਰ ਤੋਂ 25 ਕਿਲੋਮੀਟਰ ਉੱਤੇ ਲੁਧਿਆਣਾ-ਰਾਏਕੋਟ ਸੜਕ ਉੱਤੇ ਸਥਿਤ ਪਿੰਡ ਸਰਾਭਾ ਹੈ । ਇਸ ਪਿੰਡ ਵਿੱਚ ਬੀਬੀ ਸਾਹਿਬ ਕੌਰ ਅਤੇ ਸਰਦਾਰ ਮੰਗਲ ਸਿੰਘ ਦੇ ਘਰ ਸੰਨ 1896 ਈ. ਵਿੱਚ ਕਰਤਾਰ ਸਿੰਘ ਦਾ ਜਨਮ ਹੋਇਆ । ਛੋਟੀ ਉਮਰ ਵਿੱਚ ਉਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਤੇ ਕਰਤਾਰ ਸਿੰਘ ਦਾ ਪਾਲਣ-ਪੋਸਣ ਉਹਨਾਂ ਦੇ ਦਾਦੇ ਸਰਦਾਰ ਬਦਨ ਸਿੰਘ ਨੇ ਕੀਤਾ । ਮੁਢਲੀ ਵਿੱਦਿਆ ਉਹਨਾਂ ਨੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ । ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੋਂ ਅੱਠਵੀਂ ਤੇ 1910 ਈ: ਵਿੱਚ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਜਮਾਤ ਪਾਸ ਕੀਤੀ । ਦਸਵੀਂ ਪਾਸ ਕਰਕੇ ਕਰਤਾਰ ਸਿੰਘ ਆਪਣੇ ਚਾਚੇ ਵੀਰ ਸਿੰਘ ਕੋਲ ਉੜੀਸਾ , ਕਟਕ ਸ਼ਹਿਰ ਵਿੱਚ, ਜਿੱਥੇ ਉਹ ਡਾਕਟਰ ਸਨ, ਚਲੇ ਗਏ । ਇੱਕ ਸਾਲ ਆਪਣੇ ਚਾਚੇ ਪਾਸ ਰੁਕਣ ਤੋਂ ਬਾਅਦ ਉਹ ਆਪਣੇ ਦਾਦੇ ਬਦਨ ਸਿੰਘ ਨੂੰ ਕਹਿ ਕੇ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਏ, ਜਿੱਥੇ ਉਹਨਾਂ ਨੂੰ ਬਰਕਲੇ ਯੂਨੀਵਰਸਿਟੀ, ਸਾਨਫ਼ਰਾਂਸਿਸਕੋ ਵਿੱਚ ਦਾਖ਼ਲਾ ਮਿਲ ਗਿਆ । ਇਹ 1912 ਈ. ਦੇ ਜਨਵਰੀ ਮਹੀਨੇ ਦੀ ਗੱਲ ਹੈ । ਅਮਰੀਕਾ ਤੇ ਕਨੇਡਾ ਵਿੱਚ ਜਿੱਥੇ ਚੋਖੀ ਗਿਣਤੀ ਵਿੱਚ ਹਿੰਦੁਸਤਾਨੀ ਤੇ ਵਿਸ਼ੇਸ਼ ਕਰਕੇ ਸਿੱਖ ਪਹੁੰਚ ਚੁੱਕੇ ਸਨ, ਗ਼ਦਰ ਲਹਿਰ ਦਾ ਮੁੱਢ ਬੱਝ ਰਿਹਾ ਸੀ । ਇਹਨਾਂ ਦੇਸਾਂ ਵਿੱਚ ਮਜ਼ਦੂਰੀ ਕਰ ਰਹੇ ਭਾਰਤੀਆਂ ਨੂੰ ਦੋ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਇੱਕ ਇਹ ਕਿ ਅਮਰੀਕਾ ਤੇ ਕਨੇਡਾ ਦੀਆਂ ਸਰਕਾਰਾਂ ਇਹਨਾਂ ਨੂੰ ਆਪਣੇ ਨਾਗਰਿਕ ਨਹੀਂ ਬਣਾਉਣਾ ਚਾਹੁੰਦੀਆਂ ਸਨ ਤੇ ਦੂਜਾ ਉੱਥੋਂ ਦੇ ਮਜ਼ਦੂਰ ਇਹਨਾਂ ਨੂੰ ਪਸੰਦ ਨਹੀਂ ਕਰਦੇ ਸਨ । ਇਸ ਦਾ ਵੱਡਾ ਕਾਰਨ ਇਹ ਸੀ ਕਿ ਇਹ ਲੋਕ ਉੱਥੋਂ ਦੀਆਂ ਮਜ਼ਦੂਰ-ਜਥੇਬੰਦੀਆਂ ਵਿੱਚ ਨਾ ਹੋਣ ਕਰਕੇ ਤੇ ਆਪਣੀ ਗ਼ਰੀਬੀ ਕਰਕੇ, ਉਹਨਾਂ ਦੀਆਂ ਹੜਤਾਲਾਂ ਸਮੇਂ ਘੱਟ ਮਜ਼ਦੂਰੀ ਲੈ ਕੇ ਉਹਨਾਂ ਦੀ ਥਾਂ ਕੰਮ ਉੱਤੇ ਲੱਗ ਜਾਂਦੇ ਸਨ। | ਇਸ ਲਈ ਉੱਥੇ ਵੱਸਦੇ ਹਿੰਦੁਸਤਾਨੀਆਂ ਨੇ ਗ਼ਦਰ ਨਾਂ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪਹਿਲੇ ਪ੍ਰਧਾਨ ਦੇਸ-ਭਗਤ ਸੋਹਣ ਸਿੰਘ ਭਕਨਾ ਤੇ ਸਕੱਤਰ ਲਾਲਾ ਹਰਦਿਆਲ ਸਨ । ਕਰਤਾਰ ਸਿੰਘ 18 ਕੁ ਸਾਲਾਂ ਦੀ ਛੋਟੀ ਉਮਰ ਦਾ ਹੋਣ ਕਰਕੇ ਇਸ ਦੀ ਕਾਰਜ-ਕਾਰਨੀ ਦਾ ਇੱਕ ਮੈਂਬਰ ਹੀ ਸੀ । ਇਸ ਸਭਾ ਨੇ ਆਪਣੇ ਆਸ਼ੇ ਦਾ ਪ੍ਰਚਾਰ ਕਰਨ ਲਈ ਉਰਦੂ ਤੇ ਪੰਜਾਬੀ ਵਿੱਚ ਗ਼ਦਰ ਨਾਂ ਹੇਠ ਹਫ਼ਤਾਵਾਰ ਅਖ਼ਬਾਰ ਕੱਢਿਆ । ਇਸ ਪਰਚੇ ਦੀ ਦਿਨੋ-ਦਿਨ ਵਧਦੀ ਮੰਗ ਨੂੰ ਮੁੱਖ ਰੱਖ ਕੇ ਇਸ ਦੇ ਸੰਖੇਪ ਹਿੰਦੀ ਤੇ ਗੁਜਰਾਤੀ ਵਿੱਚ ਵੀ ਪ੍ਰਕਾਸ਼ਿਤ ਕੀਤੇ ਜਾਣ ਲੱਗੇ । ਅਖ਼ਬਾਰ ਨੂੰ ਲਿਖਣ ਤੇ ਪ੍ਰਕਾਸ਼ਿਤ ਕਰਨ ਵਾਲੀ ਕਮੇਟੀ ਦੇ ਮੁਖੀ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘੁਬਰ ਦਿਆਲ ਗੁਪਤਾ ਸਨ । ਇਹ ਅਖ਼ਬਾਰ ਛੇਤੀ ਹੀ ਅਮਰੀਕਾ , ਕਨੇਡਾ ਤੋਂ ਛੁੱਟ ਹੋਰ ਟਾਪੂਆਂ ਵਿੱਚ ਵੀ ਬਹੁਤ ਪ੍ਰਚਲਿਤ ਹੋ ਗਿਆ । ਕਰਤਾਰ ਸਿੰਘ ਇਸ ਅਖ਼ਬਾਰ ਦੀ ਜਿੰਦ-ਜਾਨ ਸੀ । ਇਸ ਨੂੰ ਚਲਾਉਣ ਵਿੱਚ ਸਾਰਾ ਸਮਾਂ ਤੇ ਸ਼ਕਤੀ ਦੇਣ ਲਈ ਉਸ ਨੇ ਯੂਨੀਵਰਸਿਟੀ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਤੇ ਇਸ ਲਈ ਧਨ ਇੱਕਠਾ ਕਰਨ ਦਾ ਬੀੜਾ ਵੀ ਉਠਾਇਆ । ਇਸ ਸਭਾ ਦਾ ਉਦੇਸ਼ ਹਿੰਦੁਸਤਾਨ ਵਿੱਚ ਅੰਗਰੇਜ਼ ਰਾਜ ਦੇ ਵਿਰੁੱਧ ਹਥਿਆਰਬੰਦ ਵਿਦਰੋਹ ਕਰਨਾ ਸੀ | ਉਸ ਸਮੇਂ ਅੰਗਰੇਜ਼ਾਂ ਤੇ ਜਰਮਨਾਂ ਵਿਚਕਾਰ ਵੈਰ-ਵਿਰੋਧ ਬਹੁਤ ਵਧ ਗਿਆ ਸੀ ਤੇ ਕਿਸੇ ਵੀ ਵਕਤ ਯੁੱਧ ਛਿੜ ਪੈਣ ਦੀ ਆਸ ਸੀ । ਗ਼ਦਰ ਪਾਰਟੀ ਨੇ ਬਹੁਤੇ ਨੌਜਵਾਨਾਂ ਨੂੰ ਹਥਿਆਉਣ ਚਲਾਉਣ ਤੇ ਹੋਰ ਸੈਨਿਕ-ਸਿੱਖਿਆ ਲੈਣ ਦੀ ਪ੍ਰੇਰਨਾ ਵੀ ਦਿੱਤੀ। ਕਰਤਾਰ ਸਿੰਘ ਸਰਾਭਾ ਨੇ ਇਸ ਪ੍ਰੇਰਨਾ ਨਾਲ਼ ਨਿਊਯਾਰਕ ਦੀ ਇੱਕ ਹਵਾਈ ਜਹਾਜ਼ਾਂ ਦੀ ਕੰਪਨੀ ਵਿੱਚ ਦਾਖ਼ਲਾ ਲੈ ਕੇ ਜਹਾਜ਼ ਉਡਾਉਣ ਤੇ ਮੁਰੰਮਤ ਕਰਨ ਦਾ ਕੰਮ ਸਿੱਖ ਲਿਆ ।  25 ਜੁਲਾਈ , 1914 ਈਸਵੀ ਨੂੰ ਜਦੋਂ ਪਹਿਲਾ ਵਿਸ਼ਵ ਯੁੱਧ ਛਿੜ ਪਿਆ, ਜਿਸ ਵਿੱਚ ਬਰਤਾਨੀਆ, ਫ਼ਾਂਸ ਤੇ ਰੂਸ, ਜਰਮਨੀ, ਆਸਟਰੀਆ ਤੇ ਹੰਗਰੀ ਵਿਰੁੱਧ ਕੁੱਦ ਪਏ ਸਨ ਤਾਂ ਅਮਰੀਕਾ ਤੇ ਕਨੇਡਾ ਦੇ ਹਿੰਦੁਸਤਾਨੀਆਂ ਨੂੰ ਚਾਅ ਚੜ੍ਹ ਗਿਆ । 26 ਜੁਲਾਈ, 1914 ਈਸਵੀ ਨੂੰ ਅਮਰੀਕਾ ਦੇ ਆਕਸਫ਼ੋਰਡ ਨਗਰ ਵਿੱਚ ਗ਼ਦਰ ਪਾਰਟੀ ਦੇ ਪ੍ਰਚਾਰਕਾਂ ਨੇ ਆਮ ਐਲਾਨ ਕਰ ਦਿੱਤਾ ਕਿ ਯੂਰਪ ਵਿੱਚ ਜੰਗ ਛਿੜ ਗਈ ਹੈ । ਸਾਡੇ ਲਈ ਦੇਸ ਪਰਤ ਕੇ ਭਾਰਤੀ ਫ਼ੌਜਾਂ ਨੂੰ ਅੰਗ੍ਰੇਜ਼ਾਂ ਨਾਲੋਂ ਤੋੜ ਕੇ ਨਾਲ ਲੈਣ ਬਗਾਵਤ ਕਰਨ ਦਾ ਸੁਨਹਿਰੀ ਮੌਕਾ ਪੈਦਾ ਹੋ ਗਿਆ ਹੈ । ਇਸ ਲਈ 5 ਅਗਸਤ, 1914 ਈਸਵੀ ਨੂੰ ਗਦਰ ਅਖਬਾਰ ਵਿੱਚ ਹਿੰਦੁਸਤਾਨੀਆਂ ਵੱਲੋਂ ਅੰਗਰੇਜ਼ੀ ਰਾਜ ਵਿਰੁੱਧ ਜੰਗਦਾ ਐਲਾਨ ਕਰ ਦਿੱਤਾ ਗਿਆ। ਉਹ ਹਿੰਦੁਸਤਾਨ ਪਰਤ ਕੇ ਇੱਥੇ ਗ਼ਦਰ ਕਰਵਾ ਦੇਣ ਲਈ ਬਹੁਤ ਉਤਾਵਲਾ ਸਨ । ਐਲਾਨ ਹੁੰਦੇ ਹੀ, ਫ਼ੈਸਲਿਆਂ ਦੀ ਉਡੀਕ ਕੀਤੇ ਬਿਨਾਂ ਹੀ ਉਹ ਰਘੁਬਰ ਦਿਆਲ ਗੁਪਤਾ ਨੂੰ ਨਾਲ ਲੈ ਕੇ ਜਪਾਨ ਦੇ ‘ਨਿਪਨਮਾਰੂ’ ਜਹਾਜ਼ ਵਿੱਚ ਚੜ੍ਹ ਕੇ ਹਿੰਦੁਸਤਾਨ ਨੂੰ ਚੱਲ ਪਏ । ਇਹ ਸਮੁੰਦਰੀ ਜਹਾਜ਼ 15 ਸਤੰਬਰ, 1914 ਈ: ਨੂੰ ਕੋਲਕਾਤਾ ਦੀ ਬੰਦਰਗਾਹ ਤੇ ਪੁੱਜਾ । ਉਹਨੀਂ ਦਿਨੀਂ ਅੰਗਰੇਜ਼ੀ ਸਰਕਾਰ ਦੀ ਪੁਲਿਸ ਅਮਰੀਕਾ ਤੋਂ ਆਏ ਹਿੰਦੁਸਤਾਨੀਆਂ ਨੂੰ ‘ਡਿਫੈਂਸ ਆਫ਼ ਇੰਡੀਆ’ ਐਕਟ ਦੇ ਅਧੀਨ ਫੜ ਲੈਂਦੀ ਸੀ ਪਰ ਕਰਤਾਰ ਸਿੰਘ ਕਿਸੇ ਤਰ੍ਹਾਂ ਪੁਲਿਸ ਤੋਂ ਬਚ ਕੇ ਪੰਜਾਬ ਪਹੁੰਚ ਗਏ । ਇਸ ਜਹਾਜ਼ ਵਿੱਚ ਆਉਣ ਵਾਲੇ ਬਹੁਤੇ ਭਾਰਤੀ ਪੰਜਾਬ ਆ ਕੇ ਗਦਰ ਲਹਿਰ ਨਾਲ ਜੁੜ ਗਏ ਜਿਸ ਦੀ ਅਗਵਾਈ ਕਰਤਾਰ ਸਿੰਘ ਸਰਾਭਾ, ਭਾਈ ਰਣਧੀਰ ਸਿੰਘ ਨਾਰੰਗਵਾਲ, ਭਾਈ ਹਰਨਾਮ ਸਿੰਘ ਟੁੰਡੀਲਾਟ, ਬੀਬੀ ਗੁਲਾਬ ਕੌਰ, ਭਾਈ ਪਿਆਰਾ ਸਿੰਘ ਲੰਗੇਰੀ ਤੇ ਨਿਧਾਨ ਸਿੰਘ ਚੁੱਘਾ ਕਰ ਰਹੇ ਸਨ । ਪੰਜਾਬ ਵਿੱਚ ਗ਼ਦਰ ਪਾਰਟੀ ਪ੍ਰੋਗ੍ਰਾਮ ਦਾ ਮੁੱਖ ਮਕਸਦ ਪੰਜਾਬ ਤੇ ਨੇੜੇ ਦੇ ਸੂਬਿਆਂ ਦੀਆਂ ਛਾਉਣੀਆਂ ਵਿੱਚ ਫ਼ੌਜੀਆਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਵਿਦਰੋਹ ਵਿੱਚ ਸ਼ਾਮਲ ਕਰਨਾ ਸੀ । ਉਹਨਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਕਿ ਉਹ ਛਾਉਣੀਆਂ ਵਿੱਚ ਜਾ ਕੇ ਆਪਣੀ ਜਾਣ-ਪਛਾਣ ਦੇ ਸਿਪਾਹੀਆਂ ਨੂੰ ਮਿਲਨ ਤੇ ਸਿਪਾਹੀ ਅੱਗੋਂ ਆਪਣੀਆਂ ਪਲਟਣਾਂ ਨੂੰ ਗਦਰ ਕਰਨ ਲਈ ਤਿਆਰ ਕਰਨ । ਲਾਹੌਰ ਅਤੇ ਫ਼ਿਰੋਜ਼ਪੁਰ ਦੀਆਂ ਛਾਉਣੀਆਂ ਵਿੱਚ ਕੁਝ ਪਲਟਣਾਂ ਗ਼ਦਰ ਕਰਨ ਲਈ ਤਿਆਰ ਵੀ ਹੋ ਗਈਆਂ । ਕਰਤਾਰ ਸਿੰਘ ਦੇ ਉੱਦਮ ਨਾਲ ਗਦਰ ਪਾਰਟੀ ਦਾ ਸੰਬੰਧ ਬੰਗਾਲ ਦੇ ਇਨਕਲਾਬੀਆਂ ਨਾਲ ਜੋੜਿਆ ਗਿਆ ਤੇ ਪ੍ਰਸਿੱਧ ਇਨਕਲਾਬੀ, ਰਾਸ ਬਿਹਾਰੀ ਬੋਸ ਪਾਰਟੀ ਦੇ ਮੁੱਖ ਕੇਂਦਰ ਵਿੱਚ ਵੀ ਆ ਗਿਆ ।  21 ਫਰਵਰੀ, 1915 ਈਸਵੀ ਦਾ ਦਿਨ ਮੀਆਂ ਮੀਰ ਤੇ ਫ਼ਿਰੋਜ਼ਪੁਰ ਛਾਉਣੀਆਂ ਦੇ ਮੈਗਜ਼ੀਨਾਂ ਉੱਤੇ ਹਮਲਾ ਕਰਨ ਲਈ ਮਿਥਿਆ ਗਿਆ ਪਰ ਇਸ ਵੇਲੇ ਤੱਕ ਇਸ ਦੇ ਕੇਂਦਰ ਵਿੱਚ ਇੱਕ ਮੁਖ਼ਬਰ ਕਿਰਪਾਲ ਸਿੰਘ ਵੀ ਵੜ ਗਿਆ ਸੀ ਜੋ ਕੇਂਦਰ ਦੇ ਕੰਮ ਤੇ ਸਲਾਹਾਂ ਦੀਆਂ ਖ਼ਬਰਾਂ ਖ਼ੁਫ਼ੀਆ ਪੁਲਿਸ ਨੂੰ ਪੁਚਾਉਂਦਾ ਸੀ । ਉਸ ਨੇ ਇਸ ਤਾਰੀਖ਼ ਦੀ ਸੂਹ ਖ਼ੁਫ਼ੀਆ ਪੁਲਿਸ ਨੂੰ ਦੇ ਦਿੱਤੀ । ਉੱਧਰ ਪਾਰਟੀ ਦੇ ਕੇਂਦਰ ਨੂੰ ਵੀ ਇਸ ਬਾਰੇ ਪਤਾ ਲੱਗ ਚੁੱਕਾ ਸੀ, ਜਿਸ ਕਾਰਨ ਹਮਲਾ ਰੱਦ ਕਰ ਦਿੱਤਾ ਗਿਆ । 2 ਮਾਰਚ ਨੂੰ ਉਹ ਸਰਗੋਧੇ ਦੀ ਬਾਰਦੇ ਚੱਕ ਨੰ: 5 ਵਿੱਚ ਜਗਤ ਸਿੰਘ ਦੀ ਜਾਣ-ਪਛਾਣ ਵਾਲੇ ਰਾਜਿੰਦਰ ਸਿੰਘ ਪੈਂਨਸ਼ਨੀਏ ਸਿਪਾਹੀ ਕੋਲ ਆ ਗਏ । ਰਾਜਿੰਦਰ ਸਿੰਘ ਨੇ ਜਗਤ ਸਿੰਘ ਸੁਰਸਿੰਘੀਆ ਨੂੰ ਗਦਰ ਵਾਸਤੇ ਬੰਦੂਕਾਂ ਦੇਣ ਦਾ ਲਾਰਾ ਲਾਇਆ ਹੋਇਆ ਸੀ । ਕਿਸੇ ਨੇ ਪੁਲਿਸ ਨੂੰ ਜਾ ਕੇ ਖ਼ਬਰ ਦੇ ਦਿੱਤੀ । ਮਕਾਨ ਦੇ ਵਿਹੜੇ ਵਿੱਚ ਬੈਠਾ ਕਰਤਾਰ ਸਿੰਘ ਆਪਣੇ ਪਾਸ ਜੁੜੇ ਲੋਕਾਂ ਨੂੰ “ਗਦਰਦੀ ਗੂੰਜ” ਪੜ੍ਹ ਕੇ ਸੁਣਾਉਣ ਲੱਗਾ ਹੋਇਆ ਸੀ ਕਿ ਪੁਲਿਸ ਨੇ ਆਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ । ਇਹਨਾਂ ਉੱਤੇ ‘ਡਿਫੈਂਸ ਆਫ਼ ਇੰਡੀਆ’ ਐਕਟ ਅਧੀਨ ਮੁਕੱਦਮਾ ਚਲਾਇਆ ਗਿਆ ਜਿਸ ਦੀ ਸੁਣਵਾਈ ਲਾਹੌਰ ਸੈਂਟਰਲ ਜੇਲ੍ਹ ਵਿੱਚ ਹੋਈ । ਇਸ ਮੁਕੱਦਮੇ ਵਿੱਚ ਮੁਲਜ਼ਮਾਂ ਦੀ ਕੁੱਲ ਗਿਣਤੀ ਕਰਤਾਰ ਸਿੰਘ ਸਰਾਭਾ ਸਮੇਤ 82 ਸੀ ਜਿਨ੍ਹਾਂ ਵਿੱਚੋਂ 17 ਨੂੰ ਭਗੌੜੇ ਕਰਾਰ ਦਿੱਤਾ ਗਿਆ । ਇਹ ਮੁਕੱਦਮਾ 26 ਅਪਰੈਲ, 1915 ਈਸਵੀ ਤੋਂ ਸ਼ੁਰੂ ਹੋ ਕੇ 13 ਸਤੰਬਰ, 1915 ਈਸਵੀ ਨੂੰ ਸਮਾਪਤ ਹੋਇਆ । ਇਹਨਾਂ ਵਿੱਚੋਂ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘੀਆ ਸਣੇ 24 ਦੇਸ-ਭਗਤਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਪਰ ਵਾਇਸਰਾਏ ਨੇ 17 ਦੇਸ-ਭਗਤਾਂ ਦੀ ਸਜ਼ਾ ਘਟਾ ਕੇ ਉਮਰ-ਕੈਦ ਕਰ ਦਿੱਤੀ । ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘੀਆ ਤੇ ਪੰਜ ਹੋਰਨਾਂ ਨੂੰ 16 ਨਵੰਬਰ, 1915 ਈਸਵੀ ਦੇ ਦਿਨ ਲਾਹੌਰ ਸੈਂਟਰਲ ਜੇਲ੍ਹ ਵਿੱਚ ਹੀ ਫਾਂਸੀ ਦੇ ਦਿੱਤੀ ਗਈ। ਜੱਜ ਨੇ ਮਾਫੀ ਮੰਗਣ ਲਈ ਕਿਹਾ ਤਾਂ ਕਰਤਾਰ ਸਿੰਘ ਨੇ 13 ਸਤੰਬਰ 1915 ਈਸਵੀ ਨੂੰ ਫਾਂਸੀ ਦੀ ਸਜ਼ਾ ਸੁਣ ਕੇ ਜੱਜਾਂ ਦਾ ਧੰਨਵਾਦ ਕੀਤਾ ਤੇ ਕਿਹਾ, “ਮੈਂ ਫਿਰ ਪੈਦਾ ਹੋ ਕੇ ਵੀ ਹਿੰਦੁਸਤਾਨ ਦੀ ਅਜ਼ਾਦੀ ਲਈ ਲੜਾਂਗਾ |” ਨਿੱਕੜੀ ਉਮਰ ਦਾ ਇਹ ਮਹਾਨ ਯੋਧਾ ਭਗਤ ਸਿੰਘ ਅਤੇ ਊਧਮ ਸਿੰਘ ਵਰਗਿਆਂ ਲਈ ਪ੍ਰੇਰਨਾ ਦਾ ਸਰੋਤ ਬਣਿਆ।

Comment here