ਸਿਆਸਤਖਬਰਾਂ

ਐਲਾਨ ਦੇ ਬਾਵਜੂਦ ਪਾਤਰ ਤੇ ਸੁਖਵਿੰਦਰ ਨੂੰ ਨਹੀਂ ਮਿਲ ਰਿਹਾ ਕੈਬਨਿਟ ਰੈਂਕ

ਚੰਡੀਗੜ੍ਹ-ਇਕ ਮਹੀਨਾ ਪਹਿਲਾਂ 19 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ‘ਦਾਸਤਾਨ-ਏ-ਸ਼ਹਾਦਤ’ ਲੋਕਾਈ ਨੂੰ ਸਮਰਪਿਤ ਕਰਨ ਮੌਕੇ ਹੋਏ ਸਮਾਗਮ ਦੌਰਾਨ ਉੱਘੇ ਸਾਹਿਤਕਾਰ ਸੁਰਜੀਤ ਪਾਤਰ ਨੂੰ ਸ੍ਰੋਮਣੀ ਸਾਹਿਤਕਾਰ ਤੇ ਗਾਇਕ ਸੁਖਵਿੰਦਰ ਨੂੰ ਰਾਜ ਗਾਇਕ ਦਾ ਦਰਜਾ ਦਿੰਦੇ ਹੋਏ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦੇ ਇਸ ਐਲਾਨ ਨਾਲ ਸਟੇਜ਼ ’ਤੇ ਪੇਸ਼ਕਾਰੀ ਦਿੰਦੇ ਹੋਏ ਗਾਇਕ ਸੁਖਵਿੰਦਰ ਹੱਕਾ ਬੱਕਾ ਰਹਿ ਗਿਆ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੀਆਂ ਸੇਵਾਵਾਂ ’ਤੇ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਮਾਣ ਹੈ। ‘ਦਾਸਤਾਨ-ਏ-ਸ਼ਹਾਦਤ’ ਦੇ ਪ੍ਰੋਗਰਾਮ ਦੀ ਸਕ੍ਰਿਪਟ ਤੇ ਗੀਤ ਸੁਰਜੀਤ ਪਾਤਰ ਨੇ ਲਿਖੇ ਹਨ ਜਦਕਿ ਆਵਾਜ਼ ਸੁਖਵਿੰਦਰ ਨੇ ਦਿੱਤੀ ਹੈ। ਸ੍ਰੀ ਚਮਕੌਰ ਸਾਹਿਬ ਦੇ ਸਟੇਡੀਅਮ ਵਿਚ ਰਾਤ ਨੂੰ ਹੋਏ ਸਮਾਗਮ ਦੌਰਾਨ ਜਦੋਂ ਸੁਖਵਿੰਦਰ ਨੇ ਸੁਰੀਲੀ ਆਵਾਜ਼ ’ਚ ‘ਭਾਈ ਜੈਤੇ ਸੀਸ ਗੁਰਾਂ ਦਾ ਬੁਕਲ ਵਿਚ ਲੁਕਾਇਆ, ਚੀਰ ਕੇ ਰਾਤਾਂ ਝੱਖਡਪੈਂਡੇ ਅੰਤ ਆਨੰਦਪੁਰ ਆਇਆ’ ਗਾਇਆ ਤਾਂ ਸੰਗਤ ਦੀਆਂ ਅੱਖਾਂ ਨਾਮ ਹੋ ਗਈਆਂ।
ਇਸ ਦੌਰਾਨ ਮੁੱਖ ਮੰਤਰੀ ਸਟੇਜ਼ ’ਤੇ ਚਲੇ ਗਏ ਅਤੇ ਸੁਖਵਿੰਦਰ ਨੂੰ ਬੁੱਕਲ ਵਿਚ ਲੈ ਕੇ ਰਾਜ ਗਾਇਕ ਅਤੇ ਇਨ੍ਹਾਂ ਸਤਰਾਂ ਦੇ ਰਚੇਤਾ ਪਦਮਸ਼੍ਰੀ ਸੁਰਜੀਤ ਪਾਤਰ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਦਰਜਾ ਦਿੰਦਿਆਂ ਦੋਵਾਂ ਨੂੰ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ ਸੀ। ਹੁਣ ਇਕ ਮਹੀਨਾ ਲੰਘ ਜਾਣ ’ਤੇ ਵੀ ਪੰਜਾਬ ਸਰਕਾਰ ਜਾਂ ਸੱਭਿਆਚਾਰਕ ਮਾਮਲੇ ਵਿਭਾਗ ਨੇ ਦੋਵਾਂ ਮਾਣਮੱਤੀਆਂ ਸ਼ਖ਼ਸੀਅਤਾਂ ਨੂੰ ਅਮਲੀ ਤੌਰ ’ਤੇ ਕੈਬਨਿਟ ਰੈਂਕ ਨਹੀਂ ਦਿੱਤਾ ਹੈ। ਮੁੱਖ ਮੰਤਰੀ ਨੇ ‘ਦਾਸਤਾਨ-ਏ-ਸ਼ਹਾਦਤ’ ਦੀ ਸਕ੍ਰਿਪਟ, ਗੀਤਾਂ ਨੂੰ ਆਵਾਜ਼ ਦੇਣ ਵਾਲੇ ਹੋਰ ਗਾਇਕਾਂ ਜਸਪਿੰਦਰ ਨਰੂਲਾ, ਹਰਸ਼ਦੀਪ ਕੌਰ, ਦੁਰਗਾ ਰੰਗੀਲਾ, ਮਨਜਿੰਦਰ ਮਨੀ ਤੇ ਦਿਲਜਾਨ ਨੂੰ ਵੀ ਰਾਜ ਗਾਇਕ ਦਾ ਦਰਜਾ ਦਿੱਤਾ ਸੀ। ਮੁੱਖ ਮੰਤਰੀ ਦੇ ਇਨ੍ਹਾਂ ਐਲਾਨਾਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਹੋਈਆਂ ਅਤੇ ਵਾਦ-ਵਿਵਾਦ ਚੱਲੇ ਤਾਂ ਦੂਜੇ ਪਾਸੇ ਇਨ੍ਹਾਂ ਅਹੁਦਿਆਂ ਦੇ ਮਾਮਲੇ ਵਿਚ ਪਾਤਰ ਤੇ ਸੁਖਵਿੰਦਰ ਨੂੰ ਵੀ ਘੇਰਿਆ ਗਿਆ।
ਇਸ ਸਬੰਧੀ ਗਾਇਕ ਸੁਖਵਿੰਦਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਟਾਲ਼ਾ ਵੱਟ ਲਿਆ ਜਦਕਿ ਡਾ. ਸੁਰਜੀਤ ਪਾਤਰ ਨਾਲ ਸੰਪਰਕ ਨਹੀਂ ਹੋ ਸਕਿਆ। ਉੱਧਰ, ਮੁੱਖ ਮੰਤਰੀ ਦੇ ਸਿਆਸੀ ਵਿਰੋਧੀਆਂ ਵੱਲੋਂ ਉਨ੍ਹਾਂ ’ਤੇ ਉਂਗਲਾਂ ਧਰੀਆਂ ਜਾ ਰਹੀਆਂ ਹਨ ਕਿ ਜਿਹੜੇ ਵਾਅਦੇ ਵਫ਼ਾ ਨਹੀਂ ਹੋ ਸਕਦੇ ਉਹ ਕੀਤੇ ਹੀ ਕਿਉਂ ਜਾਂਦੇ ਹਨ।

Comment here