ਸਿਆਸਤਖਬਰਾਂਚਲੰਤ ਮਾਮਲੇ

ਐਮ.ਸੀ.ਡੀ. ਚੋਣਾਂ : ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਣ ਵਾਲੀ ਪਾਰਟੀ ਨੂੰ ਪਾਵਾਂਗੇ ਵੋਟ-ਸਰਨਾ

ਨਵੀਂ ਦਿੱਲੀ-ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸਤ ਗਰਮ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਦਿੱਲੀ ਨਗਰ ਨਿਗਮ ਚੋਣਾਂ ’ਚ ਜਿਹੜੀ ਵੀ ਪਾਰਟੀ ਭਾਵੇਂ ਉਹ ‘ਆਪ’ ਪਾਰਟੀ ਹੋਵੇ ਜਾਂ ਭਾਜਪਾ, ਜੋ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੇਗਾ, ਉਹ ਸਿੱਖਾਂ ਦੀ ਵੋਟ ਦਾ ਹੱਕਦਾਰ ਹੋਵੇਗਾ। ਸਰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ’ਚ ਦਿੱਲੀ ਦੇ ਸਿੱਖਾਂ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਬੰਦੀ ਸਿੰਘਾਂ ਨੂੰ ਚੋਣ ਸਿਆਸਤ ’ਚ ਸੱਤਾ ਦੀ ਖੇਡ ਤੋਂ ਉੱਪਰ ਰੱਖਣ ਦਾ ਫ਼ੈਸਲਾ ਕੀਤਾ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕਰਨ ਵਾਲਿਆਂ ਨਾਲ ਸਾਡੀ ਪਾਰਟੀ ਖੜ੍ਹੀ ਰਹੇਗੀ।
ਸਰਨਾ ਨੇ ਇਸ ਦੇ ਨਾਲ ਹੀ ਕਿਹਾ ਕਿ ਪੂਰਾ ਸਿੱਖ ਭਾਈਚਾਰਾ ਵੇਖ ਰਿਹਾ ਹੈ ਕਿ ਕਿਸ ਤਰ੍ਹਾਂ ਰਾਜੀਵ ਗਾਂਧੀ ਕਤਲ ਮਾਮਲੇ ਦੇ ਸਾਰੇ ਦੋਸ਼ੀ 30 ਸਾਲ ਜੇਲ੍ਹ ’ਚ ਰਹਿਣ ਮਗਰੋਂ ਰਿਹਾਅ ਕਰ ਦਿੱਤੇ ਗਏ ਪਰ ਬੰਦੀ ਸਿੰਘਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ। ਮੁੱਖ ਮੰਤਰੀ ਕੇਜਰੀਵਾਲ ਨੇ 30 ਸਾਲ ਤੋਂ ਜੇਲ੍ਹ ’ਚ ਬੰਦ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ’ਤੇ ਦਸਤਖ਼ਤ ਨਹੀਂ ਕੀਤੇ। ਭਾਜਪਾ ਦੀ ਗੱਲ ਕਰੀਏ ਤਾਂ 7-8 ਸਿੰਘਾਂ ਦੀ ਰਿਹਾਈ ਇਸ ਦੇ ਹੱਥ ’ਚ ਹੈ। ਸਾਰੀਆਂ ਸੀਟਾਂ ’ਤੇ ਇਨ੍ਹਾਂ ਦਾ ਰਾਜ ਹੈ।
ਸਰਨਾ ਨੇ ਅੱਗੇ ਕਿਹਾ ਕਿ ਬੰਦੀ ਸਿੰਘਾਂ ਦੀ ਸਨਮਾਨਜਨਕ ਰਿਹਾਈ ਲਈ ਸਾਨੂੰ ਆਪਣੀ ਰਣਨੀਤੀ ਨੂੰ ਵਧੀਆ ਬਣਾਉਣ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਇਹ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਸਾਡਾ ਸਮਰਥਨ ਕਿੰਨਾ ਕੀਮਤੀ ਹੈ। ਅਸੀਂ ਸਿੱਖ ਵੋਟਰਾਂ ਨੂੰ ਅਪੀਲ ਕਰਾਂਗੇ ਕਿ ਉਹ ਦਿੱਲੀ ’ਚ ਆਪਣੀ ਕੀਮਤੀ ਵੋਟ ਉਨ੍ਹਾਂ ਨੂੰ ਪਾਉਣ ਜੋ ਬੰਦੀ ਸਿੰਘਾਂ ਦੇ ਹਿੱਤ ਲਈ ਕੰਮ ਕਰਨ ਦਾ ਐਲਾਨ ਕਰਦੇ ਹਨ।

Comment here