ਅਪਰਾਧਸਿਆਸਤਖਬਰਾਂ

ਐਨਸੀਪੀ ਆਗੂ ਨੇ ਫੜਨਵੀਸ ਦੀ ਪਤਨੀ ਦੀਆਂ ਨਸ਼ਾ ਤਸਕਰਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ

ਮੁੰਬਈ-ਕਰੂਜ਼ ’ਤੇ ਡਰੱਗਜ਼ ਮਾਮਲੇ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਲਗਾਤਾਰ ਨਿਸ਼ਾਨਾ ਬਣਾਉਂਦੇ ਆ ਰਹੇ ਮਹਾਰਾਸ਼ਟਰ ਦੇ ਮੰਤਰੀ ਅਤੇ ਐੱਨਸੀਪੀ ਆਗੂ ਨਵਾਬ ਮਲਿਕ ਨੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਦੀ ਤਸਵੀਰ ਟਵੀਟ ਕਰਕੇ ਭਾਜਪਾ ਦੇ ਨਾਰਕੋਟਿਕਸ ਡੀਲਰ ਨਾਲ ਕਥਿਤ ਸਬੰਧ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਂਜ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮਲਿਕ ਦੇ ਟਵੀਟ ਤੋਂ ਉਨ੍ਹਾਂ ਦੀ ਮਾਨਸਿਕਤਾ ਦਾ ਪਤਾ ਚਲਦਾ ਹੈ ਅਤੇ ਦਾਅਵਾ ਕੀਤਾ ਕਿ ਉਹ ਦੀਵਾਲੀ ਤੋਂ ਬਾਅਦ ਮੰਤਰੀ ਦੇ ਅੰਡਰਵਰਲਡ ਨਾਲ ਸਬੰਧਾਂ ਦਾ ਖੁਲਾਸਾ ਕਰਕੇ ‘ਵੱਡਾ ਬੰਬ ਧਮਾਕਾ’ ਕਰਨਗੇ। ਮਲਿਕ ਨੇ ਲੜੀਵਾਰ ਟਵੀਟ ਕਰਕੇ ਅੰਮ੍ਰਿਤਾ ਫੜਨਵੀਸ ਦੀ ਕਥਿਤ ਡਰੱਗ ਤਸਕਰ ਨਾਲ ਤਸਵੀਰ ਸਾਂਝੀ ਕੀਤੀ ਹੈ। ਅਜਿਹੀ ਇਕ ਤਸਵੀਰ ’ਚ ਦੇਵੇਂਦਰ ਫੜਨਵੀਸ ਵੀ ਉਸ ਨਸ਼ਾ ਤਸਕਰ ਨਾਲ ਨਜ਼ਰ ਆ ਰਹੇ ਹਨ। ਮਲਿਕ ਨੇ ਤਸਵੀਰ ਟਵੀਟ ਕਰਕੇ ਕਿਹਾ,‘‘ਭਾਜਪਾ ਅਤੇ ਨਸ਼ਾ ਤਸਕਰ ਵਿਚਕਾਰ ਸਬੰਧਾਂ ’ਤੇ ਆਓ ਚਰਚਾ ਕਰੀਏ।’’ ਇਕ ਹੋਰ ਟਵੀਟ ’ਚ ਮੰਤਰੀ ਨੇ ਕਿਹਾ ਕਿ ਸਬੰਧਤ ਵਿਅਕਤੀ ਜੈਦੀਪ ਰਾਣਾ ਹੈ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਰਿਵਰ ਮਾਰਚ (ਦਰਿਆਵਾਂ ਦੀ ਸੰਭਾਲ ਲਈ ਕੰਮ ਕਰ ਰਹੀ ਜਥੇਬੰਦੀ) ਦੀ ਟੀਮ ’ਚ ਇਹ ਵਿਅਕਤੀ ਚਾਰ ਸਾਲ ਪਹਿਲਾਂ ਸ਼ਾਮਲ ਸੀ। ਉਸ ਸਮੇਂ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਦਰਿਆਵਾਂ ਦੀ ਨੁਹਾਰ ਬਦਲਣ ਸਬੰਧੀ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਇਹ ਤਸਵੀਰ ਇਕ ਗੀਤ ਦੀ ਸ਼ੂਟਿੰਗ ਸਮੇਂ ਖਿੱਚੀ ਗਈ ਸੀ। ‘ਟੀਮ ਨਾਲ ਵੀ ਤਸਵੀਰਾਂ ਖਿਚਵਾਈਆਂ ਗਈਆਂ ਸਨ ਪਰ ਨਵਾਬ ਮਲਿਕ ਨੇ ਸਿਰਫ਼ ਮੇਰੀ ਅਤੇ ਪਤਨੀ ਦੀ ਹੀ ਤਸਵੀਰ ਸਾਂਝੀ ਕੀਤੀ ਹੈ। ਇਸ ਤੋਂ ਉਨ੍ਹਾਂ ਦੀ ਮਾਨਸਿਕਤਾ ਦਾ ਪਤਾ ਲਗਦਾ ਹੈ।’ ਫੜਨਵੀਸ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਪਟਾਕਾ ਠੁੱਸ ਹੋ ਗਿਆ ਹੈ ਅਤੇ ਮਲਿਕ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਕੁਝ ਵੱਡਾ ਖੁਲਾਸਾ ਕੀਤਾ ਹੈ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ,‘‘ਮੈਂ ਸ਼ੀਸ਼ੇ ਦੇ ਘਰ ’ਚ ਨਹੀਂ ਰਹਿੰਦਾ ਅਤੇ ਜਿਨ੍ਹਾਂ ਦੇ ਅੰਡਰਵਰਲਡ ਤੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਉਨ੍ਹਾਂ ਨੂੰ ਮੇਰੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਹੈ। ਮੈਂ ਦੀਵਾਲੀ ਤੋਂ ਬਾਅਦ ਸਾਰੇ ਸਬੂਤ ਦੇਵਾਂਗਾ ਅਤੇ ਕਾਨੂੰਨ ਆਪਣਾ ਕੰਮ ਕਰੇਗਾ।’’ ਸਾਬਕਾ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਮੁਕਦੇ ਸਾਰ ਹੀ ਮਲਿਕ ਨੇ ਇਕ ਹੋਰ ਟਵੀਟ ਕਰਕੇ ਕਿਹਾ, ‘‘ਅਸੀਂ ਵੀ ਤਿਆਰ ਹਾਂ।’’ ਫੜਨਵੀਸ ਨੇ ਮਲਿਕ ਦੇ ਭਾਜਪਾ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਕੀਤੇ ਗਏ ਟਵੀਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਇਹ ਦਲੀਲ ਦੇਖੀ ਜਾਵੇ ਤਾਂ ਪੂਰੀ ਐੱਨਸੀਪੀ ਹੀ ਡਰੱਗ ਮਾਫੀਆ ਹੈ ਕਿਉਂਕਿ ਨਵਾਬ ਮਲਿਕ ਦੇ ਜਵਾਈ ਨੂੰ ਐੱਨਸੀਬੀ ਨੇ ਡਰੱਗਜ਼ ਕੇਸ ’ਚ ਗ੍ਰਿਫ਼ਤਾਰ ਕੀਤਾ ਸੀ ਪਰ ਉਹ ਸ਼ਰਦ ਪਵਾਰ ਦੀ ਅਗਵਾਈ ਹੇਠਲੀ ਪਾਰਟੀ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨਗੇ।

Comment here