ਖਬਰਾਂਖੇਡ ਖਿਡਾਰੀ

ਐਥਲੀਟ ਮਾਨ ਕੌਰ ਨੂੰ ਸਰਕਾਰੀ ਸਨਮਾਨ ਨਾ ਦਿੱਤੇ ਜਾਣ ਤੋਂ ਪਰਿਵਾਰ ਤੇ ਪ੍ਰਸ਼ੰਸਕ ਖਫਾ

ਚੰਡੀਗੜ-ਮਹਾਨ ਲੋਕਾਂ ਨੂੰ ਸਰਕਾਰੀ ਸਨਮਾਨ ਦੀ ਦਰਕਾਰ ਨਹੀਂ ਹੁੰਦੀ ਇਹ ਆਮ ਲੋਕਾਂ ਦੇ ਦਿਲਾਂ ਚ ਵਸਦੇ ਨੇ, ਇਹੀ ਸਭ ਤੋਂ ਵੱਡਾ ਮਾਣ ਹੈ, ਪਰ ਕੀ ਸਰਕਾਰਾਂ ਜੋ ਅਜਿਹੇ ਲੋਕਾਂ ਦੀਆਂ ਪ੍ਰਾਪਤੀਆਂ ਤੇ ਆਪਣੀ ਪਿੱਠ ਥਾਪੜਦੀਆਂ ਨੇ, ਕੀ ਉਹਨਾਂ ਦਾ ਅਜਿਹੇ ਮਹਾਨ ਲੋਕਾਂ ਪ੍ਰਤੀ ਕੋਈ ਫਰਜ਼ ਨਹੀਂ ਬਣਦਾ?ਇਹ ਸਵਾਲ ਅੱਜ ਤਾਂ ਉਠ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਮਾਨ ਕੌਰ ਨੂੰ ਕੋਈ ਸਨਮਾਨ ਅੰਤਿਮ ਵਿਦਾਇਗੀ ਵੇਲੇ ਨਹੀਂ ਦਿੱਤਾ। 6 ਵਾਰ ਦੀ ਵਿਸ਼ਵ ਮਾਸਟਰਸ ਐਥਲੀਟ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ 105 ਸਾਲਾ ਮਾਨ ਕੌਰ ਨੂੰ ਨਾ ਤਾਂ ਪ੍ਰਸ਼ਾਸਨ ਅਤੇ ਨਾ ਪੰਜਾਬ ਸਰਕਾਰ ਵਲੋਂ ਅੰਤਿਮ ਸੰਸਕਾਰ ਵਿਚ ਕੋਈ ਸਰਕਾਰੀ ਸਨਮਾਨ ਮਿਲਿਆ, ਜਿਸ ਤੋਂ ਉਨ੍ਹਾਂ ਦਾ ਪੂਰਾ ਪਰਿਵਾਰ ਨਿਰਾਸ਼ ਹੈ। ਕੋਈ ਅਧਿਕਾਰੀ ਮਾਨ ਕੌਰ ਦੇ ਸਸਕਾਰ ਮੌਕੇ ਨਹੀ ਪੁੱਜਿਆ। ਮਾਨ ਕੌਰ ਦੇ ਬੇਟੇ ਅਤੇ ਮਾਸਟਰ ਐਥਲੀਟ ਗੁਰਦੇਵ ਸਿੰਘ ਨੇ ਕਿਹਾ ਕਿ ਮਾਤਾ ਜੀ ਨੇ ਇੰਟਰਨੈਸ਼ਨਲ ਪੱਧਰ ’ਤੇ ਦੇਸ਼ ਲਈ ਕਈ ਮੈਡਲ ਜਿੱਤੇ, ਜਿਸ ਨਾਲ ਉਨ੍ਹਾਂ ਨੇ ਭਾਰਤ ਦਾ ਨਾਂ ਦੁਨੀਆ ਵਿਚ ਰੌਸ਼ਨ ਕੀਤਾ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਜੋ ਸਨਮਾਨ ਮਿਲਣਾ ਚਾਹੀਦਾ ਸੀ, ਉਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋਂ ਨਹੀਂ ਦਿੱਤਾ ਗਿਆ। ਸਿਆਸੀ ਹਸਤੀਆਂ ਵਿਚ ਸਿਰਫ਼ ਅਕਾਲੀ ਦਲ ਦੇ ਨੇਤਾ ਡਾ. ਦਲਜੀਤ ਸਿੰਘ ਚੀਮਾ ਹੀ ਸਸਕਾਰ ਮੌਕੇ ਹਾਜ਼ਰ ਹੋਏ। ਮਾਨ ਕੌਰ ਨੇ ਕੋਚਿੰਗ ਦੇ ਕੇ ਕਈ ਐਥਲੀਟ ਤਿਆਰ ਕੀਤੇ। ਪਟਿਆਲਾ ਦੇ ਰਹਿਣ ਵਾਲੇ ਅਤੇ ਰੇਲਵੇ ਵਿਚ ਤਾਇਨਾਤ ਐਥਲੀਟ ਵਿਸ਼ਨੂੰ ਵੀਰ ਵੀ ਮਾਨ ਕੌਰ ਨੂੰ ਅੰਤਿਮ ਵਿਦਾਈ ਦੇਣ ਚੰਡੀਗੜ੍ਹ ਪਹੁੰਚੇ , ਉਹ ਵੀ ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਅਣਗੌਲੇ ਜਾਣ ਤੋਂ ਖਫਾ ਹੋਏ। ਉਨ੍ਹਾਂ ਕਿਹਾ ਕਿ ਮਾਨ ਕੌਰ ਦੇਸ਼ ਦੀ ਸਭ ਤੋਂ ਜ਼ਿਆਦਾ ਉਮਰ ਵਰਗ ਦੇ ਮੈਡਲ ਜੇਤੂ ਮਾਸਟਰ ਐਥਲੀਟ ਸਨ। ਉਹ ਵੱਡੇ ਸਨਮਾਨ ਦੇ  ਹੱਕਦਾਰ ਸਨ। ਬੇਸ਼ੱਕ ਆਮ ਲੋਕਾਂ ਤੇ ਖੇਡ ਪ੍ਰੇਮੀਆਂ ਦੇ ਦਿਲਾਂ ਚ ਉਹਨਾਂ ਲਈ ਵਿਲੱਖਣ ਜਗਾ ਹੈ, ਪਰ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਅਣਗੌਲ ਕੇ ਖਿਡਾਰੀਆਂ ਪ੍ਰਤੀ ਆਪਣੀ ਬਦਨੀਤੀ ਨਸ਼ਰ ਕਰ ਹੀ ਦਿੱਤੀ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਮਾਨ ਕੌਰ ਦੇ ਦਿਹਾਂਤ ’ਤੇ ਉਨ੍ਹਾਂ ਲਾਲ ਜੁੜਿਆ ਕੋਈ ਵੱਡਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਨਾਮ ’ਤੇ ਕੋਈ ਯਾਦਗਾਰ ਜਾਂ ਸਪੋਰਟਸ ਕੰਪਲੈਕਸ ਬਣਨਾ ਚਾਹੀਦਾ ਹੈ, ਜਿਸ ਨਾਲ ਕਿ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਖੇਡਾਂ ਨਾਲ ਜੁੜ ਸਕੇ।

 

Comment here