ਬੀਬਾ ਹਰਸਿਮਰਤ ਜਾਂ ਉਹਨਾਂ ਦੀ ਧੀ ਦੇ ਨਾਮ ਦੀ ਵੀ ਚਰਚਾ
ਲੰਬੀ-ਪੰਜਾਬ ਵਿਧਾਨ ਸਭਾ ਚੋਣਾਂ ਲਈ ਬਾਦਲ ਦਲ ਸਭ ਤੋੰ ਵੱਧ ਕਾਹਲ ਨਾਲ ਸਰਗਰਮੀ ਦਿਖਾਉਣ ਲੱਗਿਆ ਹੈ। ਬਸਪਾ ਨਾਲ ਸਮਝੌਤਾ ਕਰ ਕੇ ਆਪਣੇ ਹਿੱਸੇ ਆਈਆਂ 97 ਸੀਟਾਂ ’ਚੋਂ 89 ਸੀਟਾਂ ’ਤੇ ਉਮੀਦਵਾਰ ਉਤਾਰੇ ਜਾਣ ਦੇ ਬਾਵਜੂਦ ਸਭ ਤੋਂ ਅਹਿਮ ਸੀਟ ਲੰਬੀ ’ਤੇ ਹਾਲੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਸੀਟ ’ਤੇ ਪ੍ਰਕਾਸ਼ ਸਿੰਘ ਬਾਦਲ ਚੋਣ ਜਿੱਤਦੇ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਹੁਣ ਤਕ 10 ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਜ਼ਿਆਦਾਤਰ ਵਾਰ ਉਹ ਲੰਬੀ ਸੀਟ ਤੋਂ ਹੀ ਚੋਣ ਲੜਦੇ ਰਹੇ ਹਨ। ਚਰਚਾ ਹੋ ਰਹੀ ਹੈ ਕਿ ਇਸ ਵਾਰ ਵੀ ਸਭ ਤੋਂ ਬਜ਼ੁਰਗ ਵਿਧਾਇਕ ਪ੍ਰਕਾਸ਼ ਸਿੰਘ ਬਾਦਲ (94) ਨੂੰ ਮੁੜ ਤੋਂ ਚੋਣਾਂ ’ਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਆਪਣੀ ਜਲਾਲਾਬਾਦ ਸੀਟ ਨੂੰ ਛੱਡ ਕੇ ਇਸ ਵਾਰ ਲੰਬੀ ਤੋਂ ਚੋਣ ਲੜ ਸਕਦੇ ਹਨ। ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਹੁਣ ਬਜ਼ੁਰਗ ਹੋ ਚੁੱਕੇ ਹਨ ਤੇ ਉਨ੍ਹਾਂ ਦੀ ਸਿਹਤ ਵੀ ਨਾਸਾਜ਼ ਰਹਿੰਦੀ ਹੈ ਇਸ ਲਈ ਉਨ੍ਹਾਂ ਦੀ ਜਗ੍ਹਾ ਹੁਣ ਬਾਦਲ ਪਰਿਵਾਰ ਆਪਣੀ ਜੱਦੀ ਸੀਟ ਲੰਬੀ ਤੋਂ ਸੁਖਬੀਰ ਬਾਦਲ ਨੂੰ ਖੜ੍ਹਾ ਕਰੇਗਾ ਪਰ ਪਾਰਟੀ ਨੇ ਸੁਖਬੀਰ ਬਾਦਲ ਨੂੰ ਮੁੜ ਤੋਂ ਜਲਾਲਾਬਾਦ ਸੀਟ ਤੋਂ ਖੜ੍ਹਾ ਕਰ ਦਿੱਤਾ ਹੈ ਤੇ ਲੰਬੀ ਨੂੰ ਲੈ ਕੇ ਮੁੜ ਤੋਂ ਸ਼ੰਕਾ ਖੜ੍ਹਾ ਹੋ ਗਿਆ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਪਾਰਟੀ ਇਸ ਸੀਟ ’ਤੇ ਖੜ੍ਹਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ। ਅਸੀਂ ਕੋਈ ਅਜਿਹਾ ਉਮੀਦਵਾਰ ਖੜ੍ਹਾ ਨਹੀਂ ਕਰਨਾ ਚਾਹੁੰਦੇ ਜੋ ਸੀਟ ਜਿੱਤਣ ’ਚ ਸਮਰੱਥ ਨਾ ਹੋਵੇ ਇਸ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਤੋਂ ਇਸੇ ਸੀਟ ’ਤੇ ਲੜਵਾਉਣ ’ਤੇ ਵਿਚਾਰ ਹੋ ਰਿਹਾ ਹੈ। ਪਰ ਪਾਰਟੀ ਤੇ ਪਰਿਵਾਰ ’ਚ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨੂੰ ਦੇਖਦਿਆਂ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੀ ਧੀ ਦੇ ਨਾਂ ਦੀ ਵੀ ਚਰਚਾ ਚੱਲ ਰਹੀ ਹੈ।
Comment here