ਨਵੀਂ ਦਿੱਲੀ-ਕੁਝ ਦਿਨਾਂ ਤੋਂ ਉਤਰੀ ਭਾਰਤ ‘ਚ ਸਵੇਰੇ-ਸ਼ਾਮ ਮੌਸਮ ਬਦਲਦਾ ਨਜ਼ਰ ਆ ਰਿਹਾ ਹੈ। ਭਾਰਤ ‘ਚ ਸਰਦੀਆਂ ਦੀ ਸ਼ੁਰੂਆਤ ਸ਼ਰਦ ਪੂਰਨਿਮਾ ਤੋਂ ਬਾਅਦ ਮੰਨੀ ਜਾਂਦੀ ਹੈ। ਅਜਿਹੇ ‘ਚ ਇਸ ਵਾਰ ਠੰਡ ਕਿੰਨੀ ਹੋਵੇਗੀ, ਇਸ ਦਾ ਅੰਦਾਜ਼ਾ ਲਗਾਇਆ ਗਿਆ ਹੈ। ਮੌਸਮ ਵਿਭਾਗ ਦੇ ਇਕ ਅੰਦਾਜ਼ੇ ਮੁਤਾਬਕ ਇਸ ਸਾਲ ਦੇਸ਼ ‘ਚ ਠੰਢ ਹੋਰ ਵਧੇਗੀ। ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਇਸ ਸਾਲ ਠੰਢ ਜ਼ਿਆਦਾ ਪੈਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਉੱਤਰ-ਪੂਰਬੀ ਏਸ਼ੀਆ ‘ਚ ਇਸ ਵਾਰ ਕੜਾਕੇ ਦੀ ਠੰਢ ਪੈ ਸਕਦੀ ਹੈ। ਦੇਸ਼ ਦੇ ਉੱਤਰੀ ਹਿੱਸਿਆਂ ‘ਚ ਅਗਲੇ ਦੋ ਦਿਨਾਂ ‘ਚ ਪਾਰਾ ਤਿੰਨ ਡਿਗਰੀ ਸੈਲਸੀਅਸ ਤਕ ਹੇਠਾਂ ਆਉਣ ਦੀ ਸੰਭਾਵਨਾ ਹੈ। ਉੱਤਰ-ਪੱਛਮੀ ਹਵਾਵਾਂ ਕਾਰਨ ਅਗਲੇ ਹਫਤੇ ਤਕ ਦਿੱਲੀ ਦਾ ਤਾਪਮਾਨ 13 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ‘ਚ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ, ਜਿਸ ਕਾਰਨ ਠੰਡ ਹੋਰ ਵੀ ਵਧੇਗੀ। ਸੁਦੂਰ ਪ੍ਰਸ਼ਾਂਤ ਮਹਾਸਾਗਰ ‘ਚ ਮੌਸਮ ‘ਚ ਆਏ ਬਦਲਾਅ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਵਿਗਿਆਨੀ ਆਪਣੀ ਭਾਸ਼ਾ ‘ਚ ਇਸ ਬਦਲਾਅ ਨੂੰ ‘ਲਾ ਲੀਨਾ’ ਦਾ ਪ੍ਰਭਾਵ ਦੱਸ ਰਹੇ ਹਨ। ਇਸ ਮੌਸਮ ਦੀ ਸਥਿਤੀ ਲਈ ‘ਲਾ ਲੀਨਾ’ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ‘ਲਾ ਲੀਨਾ’ ਪ੍ਰਸ਼ਾਂਤ ‘ਚ ਉੱਭਰ ਰਿਹਾ ਹੈ। ਇਸਦਾ ਆਮ ਤੌਰ ‘ਤੇ ਮਤਲਬ ਹੈ ਕਿ ਉੱਤਰੀ ਗੋਲਾਧਰ ‘ਚ ਤਾਪਮਾਨ ਆਮ ਨਾਲੋਂ ਘੱਟ ਹੋਵੇਗਾ। ਇਸ ਦਾ ਅਸਰ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ‘ਚ ਦੇਖਿਆ ਜਾ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਸਮ ‘ਚ ਕੋਈ ਅਸਾਧਾਰਨ ਬਦਲਾਅ ਨਹੀਂ ਹੈ। ਅਕਤੂਬਰ ਦੇ ਅੰਤ ‘ਚ ਠੰਡ ਦਸਤਕ ਦਿੰਦੀ ਹੈ। ਪਿਛਲੇ ਮਹੀਨੇ ਦੱਖਣੀ ਤੇ ਉੱਤਰੀ ਭਾਰਤ ਦੇ ਰਾਜਾਂ ‘ਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪਿਆ, ਜਿਸ ਕਾਰਨ ਮੌਸਮ ‘ਚ ਅਚਾਨਕ ਤਬਦੀਲੀ ਆਈ। ਇਸ ਨਾਲ ਹੀ ਹੁਣ ਸਰਦੀ ਪਿਛਲੇ ਸਾਲ ਦੇ ਮੁਕਾਬਲੇ ਪਹਿਲਾਂ ਦਸਤਕ ਦੇ ਰਹੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਉੱਤਰੀ ਭਾਰਤ ‘ਚ ਤਾਪਮਾਨ ਤੇਜ਼ੀ ਨਾਲ ਘਟ ਸਕਦਾ ਹੈ। ਇਸ ਕਾਰਨ ਦਿੱਲੀ, ਹਰਿਆਣਾ ਤੇ ਪੰਜਾਬ ਵਰਗੇ ਸੂਬਿਆਂ ‘ਚ ਠੰਢ ਹੋਰ ਤੇਜ਼ ਹੋ ਜਾਵੇਗੀ।
Comment here