ਸਿਆਸਤਖੇਡ ਖਿਡਾਰੀਚਲੰਤ ਮਾਮਲੇ

ਐਂਥਨੀ ਅਲਬਾਨੀਜ਼ ਨਾਲ ਟੈਸਟ ਮੈਚ ਦੇਖਣ ਪਹੁੰਚੇ ਪੀਐਮ ਮੋਦੀ

ਅਹਿਮਦਾਬਾਦ-ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਟੈਸਟ ਮੈਚ ਅੱਜ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ੁਰੂ ਹੋ ਗਿਆ ਹੈ। ਇਹ ਇਸ ਸੀਰੀਜ਼ ਦਾ ਆਖਰੀ ਮੈਚ ਵੀ ਹੈ। ਇਸ ਸੀਰੀਜ਼ ‘ਚ ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ‘ਤੇ 2-1 ਦੀ ਬੜ੍ਹਤ ਬਣਾਈ ਹੈ। ਇਸ ਟੈਸਟ ਮੈਚ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਸਟਰੇਲੀਅਨ ਹਮਰੁਤਬਾ ਐਂਥਨੀ ਅਲਬਾਨੀਜ਼ ਨਾਲ ਸਟੇਡੀਅਮ ਪਹੁੰਚੇ। ਨਿਊਜ਼ ਵੈੱਬਸਾਈਟ ਮਨੀ ਕੰਟਰੋਲ ਮੁਤਾਬਕ ਇਸ ਟੈਸਟ ਮੈਚ ‘ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਕੁਝ ਸਮੇਂ ਲਈ ਕੁਮੈਂਟਰੀ ਵੀ ਕਰ ਸਕਦੇ ਹਨ। ਅਹਿਮਦਾਬਾਦ ਸਿਟੀ ਪੁਲਿਸ ਨੇ 13 ਮਾਰਚ ਤੱਕ ਪੂਰੇ ਸ਼ਹਿਰ ਨੂੰ ਨੋ ਡਰੋਨ ਫਲਾਈ ਜ਼ੋਨ ਐਲਾਨ ਦਿੱਤਾ ਹੈ। ਸਟੇਡੀਅਮ ਦੇ ਆਲੇ-ਦੁਆਲੇ ਸੁਰੱਖਿਆ ਲਈ 5000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਂਥਨੀ ਅਲਬਾਨੀਜ਼ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੌਜੂਦ ਹਨ। ਦੋਵੇਂ ਪ੍ਰਧਾਨ ਮੰਤਰੀ ਇੱਥੇ ਕਰੀਬ 2 ਘੰਟੇ ਯਾਨੀ 10 ਤੋਂ 10:30 ਤੱਕ ਰੁਕ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਸਟੇਡੀਅਮ ਤੋਂ ਰਵਾਨਾ ਹੋਣ ਤੋਂ ਬਾਅਦ ਸਿੱਧੇ ਰਾਜ ਭਵਨ ਜਾਣਗੇ, ਜਿੱਥੋਂ ਉਹ ਦੁਪਹਿਰ 2 ਵਜੇ ਦਿੱਲੀ ਲਈ ਰਵਾਨਾ ਹੋਣਗੇ। ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਮੈਚ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਸਟੇਡੀਅਮ ਵਿੱਚ ਪਹੁੰਚ ਗਏ ਹਨ। ਸਟੇਡੀਅਮ ਦੇ ਬਾਹਰ ਵਿਸ਼ੇਸ਼ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਮੈਚ ਵਿੱਚ ਕੰਗਾਰੂ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਭਾਰਤੀ ਟੀਮ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ ਅਤੇ ਮੁਹੰਮਦ ਸਿਰਾਜ ਦੀ ਥਾਂ ਮੁਹੰਮਦ ਸ਼ਮੀ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਆਸਟ੍ਰੇਲੀਆਈ ਟੀਮ ਨੇ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਇੰਦੌਰ ਟੈਸਟ ਵਾਂਗ ਹੀ ਪਲੇਇੰਗ ਇਲੈਵਨ ਨਾਲ ਖੇਡ ਰਹੀ ਹੈ। ਸਟੀਵ ਸਮਿਥ ਇਸ ਮੈਚ ਵਿੱਚ ਕੰਗਾਰੂ ਟੀਮ ਦੀ ਕਪਤਾਨੀ ਵੀ ਕਰ ਰਹੇ ਹਨ।
ਭਾਰਤ ਨੇ ਨਾਗਪੁਰ ਅਤੇ ਦਿੱਲੀ ਵਿੱਚ ਲੜੀ ਦੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਸਨ, ਜਦਕਿ ਕੰਗਾਰੂ ਟੀਮ ਨੇ ਇੰਦੌਰ ਵਿੱਚ ਖੇਡੇ ਗਏ ਤੀਜੇ ਟੈਸਟ ਮੈਚ ਵਿੱਚ ਜਿੱਤ ਦਰਜ ਕਰਕੇ ਲੜੀ ਵਿੱਚ ਵਾਪਸੀ ਕੀਤੀ ਸੀ। ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਲਈ ਇਹ ਮੈਚ ਜਿੱਤਣਾ ਹੋਵੇਗਾ। ਆਸਟਰੇਲਿਆਈ ਟੀਮ ਡਬਲਯੂ.ਟੀ.ਸੀ. ਦੇ ਖ਼ਿਤਾਬੀ ਮੁਕਾਬਲੇ ਵਿੱਚ ਪਹਿਲਾਂ ਹੀ ਆਪਣੀ ਥਾਂ ਬਣਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਪਣੀ ਪਹਿਲੀ ਭਾਰਤ ਫੇਰੀ ਦੇ ਪਹਿਲੇ ਦਿਨ ਬੁੱਧਵਾਰ ਨੂੰ ਸਾਬਰਮਤੀ ਆਸ਼ਰਮ ‘ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਰਾਜ ਭਵਨ ‘ਚ ਹੋਲੀ ਖੇਡੀ। ਉਹ ਸ਼ਾਮ ਨੂੰ ਸ਼ਹਿਰ ਦੇ ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡੇ ‘ਤੇ ਪਹੁੰਚੇ ਅਤੇ ਸਿੱਧੇ ਮਹਾਤਮਾ ਗਾਂਧੀ ਦੇ ਸਾਬਕਾ ਘਰ ਸਾਬਰਮਤੀ ਆਸ਼ਰਮ ਗਏ। ਐਂਥਨੀ ਅਲਬਾਨੀਜ਼ ਚਾਰ ਦਿਨਾਂ ਭਾਰਤ ਦੌਰੇ ‘ਤੇ ਹਨ।

Comment here