ਸਿਆਸਤਖਬਰਾਂਦੁਨੀਆ

ਏਸ ਹਕੂਮਤ ਨੂੰ ਤਾਂ ਦਫਨਾਅ ਦਿਆਂਗੇ-ਪਾਕਿ ਦੀ ਵਿਰੋਧੀ ਧਿਰ

ਇਸਲਾਮਾਬਾਦ-ਪਾਕਿਸਤਾਨ ਦੀ ਇਮਰਾਨ ਸਰਕਾਰ ਲਈ ਸਥਿਤੀ ਅਲੋਚਨਾ ਤੇ ਨਕਾਮੀਆਂ ਭਰੀ ਹੈ, ਜਿਸ ਕਰਕੇ ਉਹ ਮੁਲਕ ਚ ਵਿਰੋਧੀ ਧਿਰ ਦੇ ਸਖਤ ਗੁੱਸੇ ਦਾ ਸ਼ਿਕਾਰ ਹੋ ਰਹੀ ਹੈ। ਇੱਥੋਂ ਤੱਕ ਕਿ ਇਮਰਾਨ ਸਰਕਾਰ ਨੂੰ ਵਿਰੋਧੀ ਨਕਲੀ ਸਰਕਾਰ ਕਹਿ ਕੇ ਭੰਡ ਰਹੇ ਹਨ ਅਤੇ ਦਫਨ ਕਰਨ ਤੱਕ ਦੀ ਗੱਲ ਕਰ ਰਹੇ ਹਨ। ਪਾਕਿਸਤਾਨੀ ਨੇਤਾ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਵਿਰੋਧੀ ਗੱਠਜੋੜ ਦੇ ਸਮਰਥਕਾਂ ਦੀ ਵੱਡੀ ਭੀੜ ਇਸ ਨਕਲੀ ਅਤੇ ਭ੍ਰਿਸ਼ਟ ਸਰਕਾਰ ਤੋਂ ਛੁਟਕਾਰਾ ਪਾਉਣ ਲਈ ਰਾਜਧਾਨੀ ਇਸਲਾਮਾਬਾਦ ਤੱਕ ਮਾਰਚ ਕਰੇਗਾ। ਕਰਾਚੀ ਵਿੱਚ ਆਯੋਜਿਤ ਕੀਤੀ ਗਈ ਇੱਕ ਰੈਲੀ ਵਿੱਚ ਸ਼ਾਹਬਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ, ਜਿਸ ਦੌਰਾਨ ਲੋਕਾਂ ਦੀ ਭਾਰੀ ਭੀੜ ਵੇਖੀ ਗਈ। ਪਾਕਿਸਤਾਨ ਮੁਸਲਿਮ ਲੀਗ  ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੇ  ਕਿਹਾ, “ਅਸੀਂ ਹਜ਼ਾਰਾਂ ਲੋਕਾਂ ਦੇ ਨਾਲ ਇਸਲਾਮਾਬਾਦ ਜਾਵਾਂਗੇ। ਮਹਿੰਗਾਈ ਅਤੇ ਇਸ ਜਾਅਲੀ, ਭ੍ਰਿਸ਼ਟ ਸਰਕਾਰ ਨੂੰ ਰਾਜਨੀਤਕ ਤੌਰ ‘ਤੇ ਦਫਨ ਕਰ ਦੇਣਗੇ।। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ.ਯੂ.ਆਈ.-ਐੱਫ. ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਇਸ ਰੈਲੀ ਦੀ ਅਗਵਾਈ ਕਰਨਗੇ। ਡਾਨ ਦੀ ਰਿਪੋਰਟ ਅਨੁਸਾਰ, ਸ਼ਰੀਫ ਨੇ ਐਤਵਾਰ ਨੂੰ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ) ਦੀ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਖਾਨ ’ਤੇ ਕਰਾਚੀ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਪਾਕਿਸਤਾਨ ਵਿੱਚ ਗਰੀਬੀ ਅਤੇ ਬੇਰੁਜ਼ਗਾਰੀ ਵਿੱਚ ਵਾਧੇ ਲਈ ਵੀ ਉਸਨੂੰ ਜ਼ਿੰਮੇਵਾਰ ਠਹਿਰਾਇਆ। ਸ਼ਰੀਫ ਨੇ ਕਿਹਾ, ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵਿਆਂ ਤੋਂ ਬਾਅਦ ਵੀ ਖਾਣ-ਪੀਣ ਦੀਆਂ ਵਸਤੂਆਂ ਅਤੇ ਬਿਜਲੀ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਜਦੋਂਕਿ ਇਮਰਾਨ ਖਾਨ 350 ਕਨਾਲ ਬਾਨੀ ਗਾਲਾ ਮਹਿਲ ਵਿੱਚ ਬੈਠੇ ‘ਰਿਆਸਤ-ਏ-ਮਦੀਨਾ’ ਦੀ ਗੱਲ ਕਰ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਨੇ ਕਿਹਾ, ਜੇਕਰ ਪੀ.ਡੀ.ਐੱਮ ਨੂੰ ਸੱਤਾ ਚਲਾਉਣ ਦਾ ਮੌਕਾ ਦਿੱਤਾ ਜਾਂਦਾ ਹੈ, ਤਾਂ ਮਹਿੰਗਾਈ ਵਿੱਚ ਇੱਕ ਵਾਰ ਫਿਰ ਗਿਰਾਵਟ ਆਵੇਗੀ। ਪਾਕਿਸਤਾਨ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਨਾਲ ਹੀ ਸਾਰੇ ਪਾਕਿਸਤਾਨੀ ਲੋਕਾਂ ਲਈ ਸਿੱਖਿਆ ਅਤੇ ਡਾਕਟਰੀ ਸਹੂਲਤਾਂ ਉਪਲਬਧ ਹੋਣਗੀਆਂ। ਵਿਰੋਧੀ ਧਿਰ ਜਲਦੀ ਹੀ ਇਮਰਾਨ ਸਰਕਾਰ ਤੇ ਹੱਲਾ ਬੋਲੇਗੀ।

Comment here