ਸਿਆਸਤਖਬਰਾਂਚਲੰਤ ਮਾਮਲੇ

ਏਕਨਾਥ ਛਿੰਦੇ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ

ਨਵੀਂ ਦਿੱਲੀ-ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਨੇ ਅੱਜ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਜਦਕਿ ਦੇਵੇਂਦਰ ਫੜਨਵੀਸ ਸੂਬੇ ਦੇ ਨਵੇਂ ਉਪ ਮੁੱਖ ਮੰਤਰੀ ਬਣੇ ਹਨ। ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫੜਨਵੀਸ ਦਾ ਸਹੁੰ ਚੁੱਕ ਸਮਾਗਮ ਰਾਜ ਭਵਨ ਵਿੱਚ ਹੋਇਆ। ਇਸ ਦੌਰਾਨ ਸ਼ਿਵ ਸੈਨਾ ਅਤੇ ਭਾਜਪਾ ਦੇ ਕਈ ਹੋਰ ਆਗੂ ਵੀ ਮੌਜੂਦ ਸਨ। ਦੱਸ ਦੇਈਏ ਕਿ ਏਕਨਾਥ ਸ਼ਿੰਦੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਹੁਣ ਅਗਲੇ ਕੁਝ ਦਿਨਾਂ ਵਿੱਚ ਮਹਾਰਾਸ਼ਟਰ ਦੀ ਨਵੀਂ ਕੈਬਨਿਟ ਦਾ ਫੈਸਲਾ ਹੋ ਜਾਵੇਗਾ।

ਪ੍ਰੈੱਸ ਕਾਨਫਰੰਸ ਦੌਰਾਨ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਏਕਨਾਥ ਸ਼ਿੰਦੇ ਅੱਜ ਸ਼ਾਮ 7.30 ਵਜੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਜਦਕਿ ਉਨ੍ਹਾਂ ਦੀ ਕੈਬਨਿਟ ਅਗਲੇ ਕੁਝ ਦਿਨਾਂ ‘ਚ ਸਹੁੰ ਚੁੱਕੀ ਜਾਵੇਗੀ। ਇਸ ਦੌਰਾਨ ਦੇਵੇਂਦਰ ਫੜਨਵੀਸ ਨੇ ਐਲਾਨ ਕੀਤਾ ਸੀ ਕਿ ਉਹ ਸੂਬੇ ਦੀ ਸ਼ਿੰਦੇ ਸਰਕਾਰ ਦਾ ਹਿੱਸਾ ਨਹੀਂ ਬਣਨਗੇ ਅਤੇ ਉਨ੍ਹਾਂ ਨੂੰ ਬਾਹਰੋਂ ਸਮਰਥਨ ਦੇਣਗੇ। ਇਸ ਤੋਂ ਪਹਿਲਾਂ ਦੇਵੇਂਦਰ ਫੜਨਵੀਸ ਨੇ ਏਕਨਾਥ ਸ਼ਿੰਦੇ ਨਾਲ ਮਿਲ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਪ੍ਰਸਤਾਵ ਸੌਂਪਿਆ। ਸੂਤਰਾਂ ਮੁਤਾਬਕ ਦੇਵੇਂਦਰ ਫੜਨਵੀਸ ਨਵੀਂ ਸਰਕਾਰ ‘ਚ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੇ ਸਨ ਪਰ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਖਲ ਤੋਂ ਬਾਅਦ ਉਹ ਉਪ ਮੁੱਖ ਮੰਤਰੀ ਬਣਨ ਲਈ ਰਾਜ਼ੀ ਹੋ ਗਏ। ਜ਼ਿਕਰਯੋਗ ਹੈ ਕਿ ਸੂਬੇ ‘ਚ ਪਿਛਲੇ ਕਈ ਦਿਨਾਂ ਤੋਂ ਸਿਆਸੀ ਹਲਚਲ ਦਾ ਮਾਹੌਲ ਬਣਿਆ ਹੋਇਆ ਸੀ। ਸ਼ਿਵ ਸੈਨਾ ਦੇ ਦੋ ਤਿਹਾਈ ਵਿਧਾਇਕ ਪਹਿਲਾਂ ਮੁੰਬਈ ਤੋਂ ਸੂਰਤ ਗਏ ਅਤੇ ਉਥੋਂ ਉਨ੍ਹਾਂ ਨੂੰ ਗੁਹਾਟੀ ਭੇਜ ਦਿੱਤਾ ਗਿਆ। ਇਹ ਸਾਰੇ ਵਿਧਾਇਕ ਊਧਵ ਠਾਕਰੇ ਸਰਕਾਰ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਦੀ ਮੰਗ ਸੀ ਕਿ ਊਧਵ ਠਾਕਰੇ ਨੂੰ ਮਹਾ ਅਗਾੜੀ ਸਰਕਾਰ ਤੋਂ ਬਾਹਰ ਆਉਣਾ ਚਾਹੀਦਾ ਹੈ। ਹਾਲਾਂਕਿ ਬਾਅਦ ‘ਚ ਊਧਵ ਠਾਕਰੇ ਨੇ ਇਨ੍ਹਾਂ ਵਿਧਾਇਕਾਂ ਨੂੰ ਮੁੰਬਈ ਵਾਪਸ ਆਉਣ ਦਾ ਸੱਦਾ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਤੁਸੀਂ ਮੁੰਬਈ ਵਾਪਸ ਆ ਜਾਓਗੇ ਤਾਂ ਉਹ ਇਸ ਗਠਜੋੜ ਤੋਂ ਬਾਹਰ ਹੋ ਜਾਣਗੇ। ਪਰ ਇਸ ਤੋਂ ਬਾਅਦ ਵੀ ਵਿਧਾਇਕ ਮੁੰਬਈ ਨਹੀਂ ਪਰਤੇ। ਦੂਜੇ ਪਾਸੇ ਏਕਨਾਥ ਸ਼ਿੰਦੇ ਨੇ ਹਰ ਗੁਜ਼ਰਦੇ ਦਿਨ ਆਪਣੇ ਨਾਲ ਵਿਧਾਇਕਾਂ ਦੀ ਗਿਣਤੀ ਵਧਾਉਣ ਦਾ ਦਾਅਵਾ ਕੀਤਾ । ਹਾਲਾਤ ਨੂੰ ਦੇਖਦੇ ਹੋਏ ਆਖਿਰਕਾਰ ਊਧਵ ਠਾਕਰੇ ਨੇ ਬੁੱਧਵਾਰ ਨੂੰ ਫੇਸਬੁੱਕ ਲਾਈਵ ਕਰਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਦੋਂ ਤੋਂ ਸੂਬੇ ਵਿੱਚ ਨਵੀਂ ਸਰਕਾਰ ਬਣਾਉਣ ਲਈ ਭਾਜਪਾ ਅਤੇ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਵਿਚਾਲੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਏਕਨਾਥ ਸ਼ਿੰਦੇ ਮੁੰਬਈ ਪਰਤੇ ਅਤੇ ਪਹਿਲਾਂ ਦੇਵੇਂਦਰ ਫੜਨਵੀਸ ਦੇ ਘਰ ਗਏ। ਉੱਥੋਂ ਉਹ ਸਿੱਧੇ ਰਾਜਪਾਲ ਕੋਲ ਗਏ ਅਤੇ ਉਨ੍ਹਾਂ ਨੇ ਮਿਲ ਕੇ ਸੂਬੇ ਵਿੱਚ ਸਥਿਰ ਸਰਕਾਰ ਬਣਾਉਣ ਦਾ ਦਾਅਵਾ ਕੀਤਾ।

Comment here