ਬੱਚਿਓ! ਜੰਗਲ ਦਾ ਰਾਜਾ ਸ਼ੇਰ ਸਭ ਜੰਗਲੀ ਜੀਵਾਂ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਸੀ। ਉਹ ਆਪਣੀ ਲੋੜ ਤੋਂ ਵੱਧ ਜੀਵਾਂ ਨੂੰ ਮਾਰ-ਮਾਰ ਕੇ ਸੁੱਟ ਦਿੰਦਾ ਤਾਂ ਜੰਗਲ ਦੇ ਸਾਰੇ ਜੀਵਾਂ ਨੇ ਪੰਚਾਇਤ ਕਰ ਕੇ ਫ਼ੈਸਲਾ ਕੀਤਾ ਕਿ ਹਰ ਰੋਜ਼ ਇੱਕ-ਇੱਕ ਜੰਗਲੀ ਜੀਵ ਸ਼ੇਰ ਦਾ ਸ਼ਿਕਾਰ ਬਣਨ ਲਈ ਉਸ ਕੋਲ ਜਾਵੇਗਾ ਜਿਸ ਨੂੰ ਖਾ ਕੇ ਉਹ ਆਪਣੀ ਭੁੱਖ ਮਿਟਾ ਸਕੇਗਾ। ਇਹ ਫ਼ੈਸਲਾ ਸ਼ੇਰ ਨੂੰ ਵੀ ਦੱਸ ਦਿੱਤਾ ਅਤੇ ਨਾਲ ਹੀ ਸ਼ਰਤ ਲਗਾਈ ਕਿ ਉਹ ਹੋਰ ਜਾਨਵਰਾਂ ਨੂੰ ਨਹੀਂ ਮਾਰੇਗਾ।
ਇਸ ਤਰ੍ਹਾਂ ਹਰ ਰੋਜ਼ ਇੱਕ ਇੱਕ ਕਰਕੇ ਜੰਗਲੀ ਜੀਵ ਸ਼ੇਰ ਕੋਲ ਜਾਂਦੇ ਅਤੇ ਸ਼ੇਰ ਉਸ ਨੂੰ ਮਾਰ ਕੇ ਆਪਣੀ ਭੁੱਖ ਮਿਟਾ ਲੈਂਦਾ। ਕਈ ਦਿਨਾਂ ਬਾਅਦ ਇੱਕ ਖਰਗੋਸ਼ ਦੀ ਵਾਰੀ ਆਈ ਤਾਂ ਉਹ ਜਾਣ ਬੁੱਝ ਕੇ ਸ਼ੇਰ ਕੋਲ ਲੇਟ ਗਿਆ। ਸ਼ੇਰ ਗੁੱਸੇ ਵਿੱਚ ਬੈਠਾ ਸੀ ਤਾਂ ਖਰਗੋਸ਼ ਨੂੰ ਦੇਖ ਗੁੱਸੇ ਨਾਲ ਬੋਲਿਆ, ‘‘ਓਏ ਖਰਗੋਸ਼ ਦੇ ਬੱਚੇ ਤੂੰ ਲੇਟ ਕਿਉਂ ਆਇਆ ਏ? ਮੈਂ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਿਹਾ ਹਾਂ।’’ ਖਰਗੋਸ਼ ਨੇ ਆਪਣੀ ਸਫ਼ਾਈ ਵਿੱਚ ਕੁਝ ਕਹਿਣਾ ਸ਼ੁਰੂ ਹੀ ਕੀਤਾ ਸੀ ਕਿ ਸ਼ੇਰ ਫਿਰ ਗਰਜਿਆ, ‘‘ਹੁਣ ਤੂੰ ਮੇਰੇ ਵਰਗੇ ਦੂਜੇ ਸ਼ੇਰ ਦਾ ਬਹਾਨਾ ਕਰ ਕੇ ਮੈਨੂੰ ਖੂਹ ਵਿੱਚ ਸੁੱਟਣ ਦੀ ਕਹਾਣੀ ਘੜੇਗਾ। ਮੇਰਾ ਬਜ਼ੁਰਗ ਤਾਂ ਮੂਰਖ ਸੀ ਜਿਸ ਨੇ ਤੇਰੇ ਚਤੁਰ ਬਜ਼ੁਰਗ ਦੀਆਂ ਗੱਲਾਂ ਵਿੱਚ ਆ ਕੇ ਖੂਹ ਵਿੱਚ ਛਾਲ ਮਾਰ ਦਿੱਤੀ ਸੀ। ਮੈਂ ਤਾਂ ਨਵੇਂ ਜ਼ਮਾਨੇ ਦਾ ਆਧੁਨਿਕ ਸ਼ੇਰ ਹਾਂ, ਮੂਰਖ ਨਹੀਂ। ’’ ਸ਼ੇਰ ਦੀ ਗੱਲ ਸੁਣ ਖਰਗੋਸ਼ ਚੁਕੰਨਾ ਹੋ ਗਿਆ, ਪਰ ਬਹੁਤ ਹੀ ਫੁਰਤੀ ਨਾਲ ਗੱਲ ਬਦਲਦਿਆਂ ਬੋਲਿਆ, ‘‘ਜਨਾਬ, ਮੈਂ ਵੀ ਤੁਹਾਨੂੰ ਇਹੀ ਗੱਲ ਕਹਿਣ ਲੱਗਿਆ ਸੀ ਕਿ ਤੁਸੀਂ ਮੂਰਖ ਨਹੀਂ ਹੋ, ਤੁਸੀਂ ਤਾਂ ਬਹੁਤ ਹੀ ਸਮਝਦਾਰ ਅਤੇ ਸਿਆਣੇ ਹੋ।’’ ਖਰਗੋਸ਼ ਦੀ ਗੱਲ ਸੁਣ ਕੇ ਸ਼ੇਰ ਚੌੜਾ ਹੋ ਕੇ ਬੈਠ ਗਿਆ ਅਤੇ ਪੁੱਛਿਆ ‘‘ਤੈਨੂੰ ਕਿਵੇਂ ਪਤਾ ਏ?’’ ਤਾਂ ਖਰਗੋਸ਼ ਫਿਰ ਬੋਲਿਆ, ‘‘ਦੇਖੋ ਨਾ! ਮੈਂ ਛੋਟਾ ਜਿਹਾ ਖਰਗੋਸ਼, ਤੁਹਾਡੀ ਇੱਕ ਬੁਰਕੀ ਜਿਹਾ, ਤੁਹਾਡੀ ਜਾੜ੍ਹ ਹੇਠ ਵੀ ਨਹੀਂ ਆਵਾਂਗਾ, ਮੈਨੂੰ ਖਾ ਕੇ ਤੁਹਾਨੂੰ ਕੀ ਮਿਲੇਗਾ? ਇਸ ਲਈ ਮੈਂ ਸੋਚਦਾ ਹਾਂ ਕਿ ਤੁਹਾਡੇ ਲਈ ਕੋਈ ਵੱਡਾ ਸਾਰਾ ਜਾਨਵਰ ਲੱਭ ਕੇ ਲਿਆਵਾਂ ਤਾਂ ਕਿ ਤੁਹਾਡਾ ਪੂਰਾ ਪੇਟ ਭਰ ਜਾਵੇ। ਇਸ ਲਈ ਤੁਸੀਂ ਮੈਨੂੰ ਖਾਣ ਦੀ ਮੂਰਖਤਾ ਨਹੀਂ ਕਰੋਗੇ। ਸ਼ੇਰ ਹਵਾ ਛੱਕ ਗਿਆ ਅਤੇ ਬੋਲਿਆ, ‘‘ ਹਾਂ, ਹਾਂ ਤੂੰ ਠੀਕ ਏ, ਤੂੰ ਜਲਦੀ ਜਾ ਅਤੇ ਕੋਈ ਵੱਡਾ ਜਾਨਵਰ ਲੈ ਕੇ ਆ, ਮੈਂ ਇੱਥੇ ਹੀ ਤੇਰਾ ਇੰਤਜ਼ਾਰ ਕਰਾਂਗਾ।’’
ਇੰਨਾ ਸੁਣਨ ਦੀ ਦੇਰ ਸੀ ਕਿ ਖਰਗੋਸ਼ ਦੌੜ ਗਿਆ ਅਤੇ ਜੰਗਲ ਦੇ ਨਾਲ ਲੱਗਦੇ ਪਿੰਡ ਵਿੱਚ ਇੱਕ ਊਠ ਨੂੰ ਜਾ ਮਿਲਿਆ ਅਤੇ ਸ਼ੇਰ ਤੋਂ ਜਾਨਵਰਾਂ ਦੇ ਛੁਟਕਾਰੇ ਲਈ ਆਪਣੀ ਸਾਰੀ ਸਕੀਮ ਸਮਝਾਈ। ਊਠ ਸਮਝ ਗਿਆ ਅਤੇ ਉਸਦੀ ਸਕੀਮ ਵਿੱਚ ਸ਼ਾਮਲ ਹੋ ਗਿਆ। ਹੁਣ ਖਰਗੋਸ਼ ਨੇ ਇੱਕ ਵੱਡੀ ਟੱਲੀ ਲਿਆ ਕੇ ਊਠ ਦੇ ਗਲ਼ ਬੰਨ੍ਹ ਦਿੱਤੀ ਅਤੇ ਆਪ ਊਠ ਦੇ ਉੱਪਰ ਬੈਠ ਕੇ ਜੰਗਲ ਵਿੱਚ ਸ਼ੇਰ ਵੱਲ ਚੱਲ ਪਿਆ। ਜਦੋਂ ਤੁਰਨ ਸਮੇਂ ਊਠ ਦੇ ਗਲ਼ ਟੱਲੀ ਵੱਜਦੀ ਤਾਂ ਰਸਤੇ ਵਿੱਚ ਸਾਰੇ ਜੰਗਲੀ ਜੀਵ ਉਸ ਕੋਲ ਇਕੱਠੇ ਹੋਣ ਲੱਗੇ। ਜੰਗਲੀ ਜੀਵਾਂ ਨੂੰ ਬਾਹਰ ਆਉਂਦਿਆਂ ਦੇਖ ਊਠ ’ਤੇ ਬੈਠਾ ਖਰਗੋਸ਼ ਕਹਿ ਰਿਹਾ ਸੀ, ‘‘ਆਓ ਸਾਰੇ! ਜੰਗ ਦਾ ਐਲਾਨ ਹੋ ਚੁੱਕਾ ਹੈ।’’ ਸਭ ਜੀਵ ਉਨ੍ਹਾਂ ਦੇ ਪਿੱਛੇ ਲੱਗ ਤੁਰੇ। ਕੀ ਛੋਟੇ ਅਤੇ ਵੱਡੇ ਸਭ ਜੰਗਲੀ ਜੀਵ ਸੈਨਾ ਦੀ ਤਰ੍ਹਾਂ ਉਨ੍ਹਾਂ ਦੇ ਪਿੱਛੇ ਪਿੱਛੇ ਜਾ ਰਹੇ ਸਨ। ਜੰਗਲੀ ਜੀਵਾਂ ਦੇ ਬੱਚਿਆਂ ਲਈ ਤਾਂ ਇਹ ਇੱਕ ਤਮਾਸ਼ਾ ਹੀ ਬਣ ਗਿਆ ਸੀ, ਉਹ ਵੀ ਤਾੜੀਆਂ ਮਾਰਦੇ ਪਿਛੇ ਦੌੜਦੇ ਜਾਣ। ਜਿਉਂ-ਜਿਉਂ ਟੱਲੀ ਵੱਜਦੀ ਜਾਵੇ, ਹਰ ਕਿਸਮ ਦੇ ਜੰਗਲੀ ਜੀਵ ਕਾਫਲੇ ਵਿੱਚ ਸ਼ਾਮਲ ਹੁੰਦੇ ਜਾਣ।
ਸ਼ੇਰ ਕੋਲ ਪਹੁੰਚ ਕੇ ਖਰਗੋਸ਼ ਬੋਲਿਆ, ‘‘ਦੇਖ, ਓਏ ਸ਼ੇਰ, ਅੱਜ ਰਾਜਾ ਮੈਂ ਹਾਂ, ਇਹ ਊਠ ਤੇਰਾ ਵੱਡਾ ਸ਼ਿਕਾਰ ਹੈ।’’ ਪਰ ਇਸ ਤੋਂ ਪਹਿਲਾਂ ਹੀ ਸਾਰੇ ਜੀਵਾਂ ਨੇ ਸ਼ੇਰ ਨੂੰ ਘੇਰੇ ਵਿੱਚ ਲੈ ਲਿਆ। ਹਾਥੀਆਂ, ਗੈਂਡਿਆਂ ਅਤੇ ਦੂਜੇ ਵੱਡੇ ਜੀਵਾਂ ਨੇ ਛੋਟੇ ਜੀਵਾਂ ਲਈ ਸੁਰੱਖਿਆ ਚੱਕਰ ਬਣਾ ਲਿਆ। ਸ਼ੇਰ ਘਬਰਾ ਗਿਆ, ਪਰ ਦੱਬੀ ਪੂਛ ਉਹ ਊਠ ਵੱਲ ਵਧਿਆ ਤਾਂ ਇੱਕ ਹਾਥੀ ਨੇ ਠੁੱਢ ਮਾਰ ਕੇ ਦੂਰ ਸੁੱਟ ਦਿੱਤਾ, ਜਦੋਂ ਉੱਠਿਆ ਤਾਂ ਦੂਜੇ ਹਾਥੀ ਨੇ ਸੁੰਢ ਨਾਲ ਚੁੱਕ ਕੇ ਧਰਤੀ ’ਤੇ ਮਾਰਿਆ। ਇੱਕ ਜੰਗਲੀ ਗਧੇ ਨੇ ਦੁਲੱਤਾ ਮਾਰ ਕੇ ਉਸ ਦੇ ਮੂੰਹ ਦੇ ਸਾਰੇ ਦੰਦ ਤੋੜ ਕੇ ਲਹੂ-ਲੁਹਾਨ ਕਰ ਦਿੱਤਾ। ਜੰਗਲੀ ਜੀਵਾਂ ਦੇ ਸਭ ਬੱਚੇ ਜ਼ੋਰ ਜ਼ੋਰ ਦੀ ਤਾੜੀਆਂ ਮਾਰਨ ਲੱਗੇ।
ਜਦੋਂ ਸ਼ੇਰ ਨਿਢਾਲ ਹੋ ਕੇ ਮੌਤ ਦੇ ਮੂੰਹ ਨੇੜੇ ਪਹੁੰਚਿਆ ਤਾਂ ਖਰਗੋਸ਼ ਊਠ ਤੋਂ ਹੇਠਾਂ ਉੱਤਰਿਆ ਅਤੇ ਸ਼ੇਰ ਕੋਲ ਜਾ ਕੇ ਕਿਹਾ, ‘‘ਆਧੁਨਿਕ ਸ਼ੇਰ! ਤੂੰ ਅੱਜ ਵੀ ਮੂਰਖ ਹੈ, ਤੇਰੀ ਮੂਰਖਤਾ ਕਾਰਨ ਹੀ ਮੇਰੀ ਅਤੇ ਬਾਕੀ ਜੀਵਾਂ ਦੀ ਜਿੱਤ ਹੋਈ ਹੈ। ਯਾਦ ਰੱਖ ਗ਼ਰੀਬਾਂ, ਕਮਜ਼ੋਰਾਂ, ਨਿਮਾਣਿਆਂ ’ਤੇ ਜ਼ੁਲਮ ਕਰਨ ਵਾਲੇ ਸਦਾ ਹੀ ਮੂਰਖ ਹੁੰਦੇ ਹਨ।’’ ਦੇਖਦੇ ਦੇਖਦੇ ਸ਼ੇਰ ਨੇ ਪ੍ਰਾਣ ਤਿਆਗ ਦਿੱਤੇ। ਹੁਣ ਖਰਗੋਸ਼ ਨੇ ਸਭ ਜੀਵਾਂ ਦਾ ਖ਼ਾਸ ਕਰਕੇ ਊਠ ਦਾ ਧੰਨਵਾਦ ਕੀਤਾ ਅਤੇ ਸਭ ਜੀਵ ਆਪਣੇ ਕਿਲਕਾਰੀਆਂ ਮਾਰਦੇ ਬੱਚਿਆਂ ਨਾਲ ਘਰਾਂ ਨੂੰ ਚਲੇ ਗਏ।
-ਬਹਾਦਰ ਸਿੰਘ ਗੋਸਲ
Comment here