ਪਿਓਂਗਯਾਂਗ – ਕਰੋਨਾ ਨੇ ਉੱਤਰੀ ਕੋਰੀਆ ‘ਚ ਬੁਰੀ ਤਰਾਂ ਕਹਿਰ ਮਚਾਇਆ ਹੋਇਆ ਹੈ। ਇੱਥੇ ਲੱਖਾਂ ਲੋਕ ਕਰੋਨਾ ਦੀ ਲਪੇਟ ਚ ਆ ਰਹੇ ਹਨ। ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਜੰਗੀ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੋਰੀਆ ਦੀ ਵਰਕਰਜ਼ ਪਾਰਟੀ ਦੀ ਮੀਟਿੰਗ ਵਿੱਚ ਇਸ ਸਬੰਧੀ ਕਈ ਹੁਕਮ ਵੀ ਦਿੱਤੇ ਗਏ ਹਨ। ਕੋਰੀਆਈ ਨਿਊਜ਼ ਏਜੰਸੀ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 232 880 ਨਵੇਂ ਮਾਮਲੇ ਸਾਹਮਣੇ ਆਏ ਹਨ।ਪਿਛਲੇ ਤਿੰਨ ਦਿਨਾਂ ਤੋਂ ਮੁਲਾਜ਼ਮਾਂ ਵੱਲੋਂ ਇੱਥੇ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਏਜੰਸੀ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ, ਦੇਸ਼ ਵਿੱਚ 205 630 ਮਰੀਜ਼ ਠੀਕ ਹੋ ਗਏ ਹਨ ਅਤੇ ਛੇ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਹੁਣ ਤੱਕ ਦੇਸ਼ ਭਰ ਵਿੱਚ ਕੋਰੋਨਾ ਦੇ ਕੁੱਲ 1715 950 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 1,024,720 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਮਹਾਮਾਰੀ ਨਾਲ ਨਜਿੱਠਣ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਮਕਸਦ ਨਾਲ ਉੱਤਰੀ ਕੋਰੀਆ ਨੇ ਤਿੰਨ ਹਜ਼ਾਰ ਫੌਜੀ ਜਵਾਨ ਵੀ ਤਾਇਨਾਤ ਕੀਤੇ ਹਨ। ਉਨ੍ਹਾਂ ਦਾ ਕੰਮ ਦਵਾਈਆਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣਾ ਹੈ। ਅਧਿਕਾਰੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ ਹਨ ਕਿ ਕਿਸੇ ਵੀ ਹਾਲਤ ਵਿੱਚ ਦਵਾਈਆਂ ਦੀ ਸਪਲਾਈ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ।ਕਿਮ ਜੋਂਗ ਉਨ ਨੇ ਦੂਰ-ਦੁਰਾਡੇ ਦੇ ਪਿੰਡਾਂ ਤੱਕ ਦਵਾਈਆਂ ਦੀ ਸਪਲਾਈ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਮਹਾਮਾਰੀ ਦੀ ਰੋਕਥਾਮ ਲਈ ਦੇਸ਼ ਭਰ ਵਿੱਚ 1428000 ਲੋਕਾਂ ਦੀ ਐਮਰਜੈਂਸੀ ਡਿਊਟੀ ਲਗਾਈ ਗਈ ਹੈ। ਇਸ ਵਿੱਚ ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਵਲੰਟੀਅਰਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਮਹਾਮਾਰੀ ‘ਤੇ ਨਜ਼ਰ ਰੱਖਣ ਲਈ ਕਮਾਂਡ ਸਿਸਟਮ ਬਣਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜੋ 24 ਘੰਟੇ ਦੇਸ਼ ਭਰ ‘ਚ ਇਸ ਨਾਲ ਸਬੰਧਤ ਹਰ ਚੀਜ਼ ‘ਤੇ ਨਜ਼ਰ ਰੱਖੇਗਾ। ਇਸ ਦੀ ਰੋਕਥਾਮ ਲਈ ਤਕਨੀਕ ਦੀ ਪੂਰੀ ਵਰਤੋਂ ਕਰਨ ਦੇ ਨਾਲ-ਨਾਲ ਕਿਮ ਜੋਂਗ ਉਨ ਨੇ ਲੋਕਾਂ ਨੂੰ ਕੁਆਰੰਟੀਨ ਕਰਨ ਲਈ ਵਾਧੂ ਪ੍ਰਬੰਧ ਕਰਨ ਅਤੇ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੇਸ਼ ਭਰ ਵਿੱਚ ਲਗਭਗ 500 ਤੇਜ਼ ਮੋਬਾਈਲ ਐਂਟੀ-ਮਹਾਂਮਾਰੀ ਸਮੂਹ ਬਣਾਏ ਗਏ ਹਨ, ਜੋ ਸੰਕਰਮਿਤ ਮਰੀਜ਼ਾਂ ਦੇ ਇਲਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
Comment here