ਖਬਰਾਂਖੇਡ ਖਿਡਾਰੀ

ਉਲੰਪਿਕ ਤੱਕ ਪੁੱਜੇ ਖਿਡਾਰੀਆਂ ਲਈ ਸਿਆਸੀ ਖੇਡਾਂ ਨਾ ਖੇਡੋ ਕਪਤਾਨ ਸਾਬ….

ਅੰਮ੍ਰਿਤਸਰ- ਹਾਲ ਹੀ ਵਿੱਚ ਟੋਕੀਓ ਉਲੰਪਿਕ ਵਿੱਚ ਮਹਿਲਾ ਹਾਕੀ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਦੀ ਦੇਸ਼ ਭਰ ਚ ਸਲਾਹੁਤ ਹੋ ਰਹੀ ਹੈ, ਸਾਬਾਸ਼ੀਆਂ ਮਿਲ ਰਹੀਆਂ ਹਨ, ਬੇਸ਼ੱਕ ਟੀਮ ਮੈਡਲ ਨਹੀਂ ਜਿੱਤ ਸਕੀ, ਪਰ ਇੱਥੇ ਤੱਕ ਪਹੁੰਚਣਾ ਹੀ ਵੱਡੀ ਮਾਣ ਵਾਲੀ ਗੱਲ ਹੈ, ਇੱਥੋਂ ਤੱਕ ਕਿ ਗ੍ਰੇਟ ਬ੍ਰਿਟੇਨ ਤੋੰ ਹਾਰਨ ਮਗਰੋਂ ਨਿਰਾਸ਼ ਹੋ ਕੇ ਰੋ ਰਹੀਆਂ ਦੇਸ਼ ਦੀਆਂ ਖਿਡਾਰਨਾਂ ਨੂੰ ਪ੍ਰਧਾਨ ਮੰਤਰੀ ਨੇ ਖੁਦ ਫੋਨ ਕਰਕੇ ਹੌਸਲਾ ਅਫਜ਼ਾਈ ਕੀਤੀ ਸੀ। ਪੰਜਾਬ ਦੇ ਅੰਮ੍ਰਿਤਸਰ ਦੀ ਗੁਰਜੀਤ ਕੌਰ ਦੀ ਸ਼ਾਨਦਾਰ ਖੇਡ ਦੇ ਹਰ ਪਾਸੇ ਚਰਚੇ ਹੋਏ, ਜਿਸ ਨੇ ਇਸ ਖੇਡ ਸਫਰ ਚ ਕਈ ਗੋਲ ਵੀ ਕੀਤੇ। ਭਾਰਤੀ ਮਹਿਲਾ ਹਾਕੀ ਟੀਮ ਵੱਲੋ ਖੇਡਦੇ ਹੋਏ ਟੋਕੀਓ ਓਲੰਪਿਕ 2020 ’ਚ ਪੰਜਾਬ ਦਾ ਨਾਮ ਰੋਸ਼ਨ ਕਰਨ ’ਚ ਕਸਰ ਨਹੀਂ ਛੱਡੀ। ਸ਼ਾਨਦਾਰ ਖੇਡ ਬਦਲੇ ਤੇ ਅੱਗੇ ਤੋਂ ਹੋਰ ਹੌਸਲੇ ਨਾਲ ਖੇਡਣ ਲਈ ਸਰਕਾਰਾਂ ਆਪਣੇ ਖਿਡਾਰੀਆਂ, ਖਿਡਾਰਨਾਂ ਨੂੰ ਵੱਡੇ ਇਨਾਮ ਸਨਮਾਨ ਦੇ ਰਹੀਆਂ ਹਨ, ਪਰ ਪੰਜਾਬ ਸਰਕਾਰ ਨੇ ਹਾਕੀ ਖਿਡਾਰਨ ਗੁਰਜੀਤ ਕੌਰ ਦੇ ਮਾਮਲੇ ਚ ਹਾਲੇ ਹੱਥ ਘੁਟਿਆ ਹੋਇਆ ਹੈ।  ਪੰਜਾਬ ਦੇ ਗੁਆਂਢੀ ਸੂਬਾ ਹਰਿਆਣਾ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਨੇ ਮਹਿਲਾ ਹਾਕੀ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਆਪਣੇ-ਆਪਣੇ ਪੱਧਰ ’ਤੇ 50-50 ਲੱਖ ਰੁਪਏ ਦੇਣ ਦਾ ਐਲਾਨ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪੰਜਾਬ ਸਰਕਾਰ ਨੇ ਗੁਰਜੀਤ ਕੌਰ ਦਾ ਮਨੋਬਲ ਵਧਾਉਣ ਲਈ ਅਜੇ ਤਕ ਕੋਈ ਵੀ ਐਲਾਨ ਨਹੀਂ ਕੀਤਾ ਹੈ। ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪਿੰਡਾਂ ਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਸੜਕਾਂ ਤੇ ਉਨ੍ਹਾਂ ਦੇ ਪਿੰਡਾਂ ਦੇ ਸਕੂਲਾਂ ਦਾ ਨਾਂ ਖਿਡਾਰੀਆਂ ਦੇ ਨਾਮ ’ਤੇ ਰੱਖਣ ਦਾ ਐਲਾਨ ਕੀਤਾ ਹੈ।ਗੁਰਜੀਤ ਕੌਰ ਨੇ ਕਿਹਾ ਕਿ ਕੁਝ ਵੀ ਬੋਲਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਸੂਬੇ ਦਾ ਨਾਮ ਰੋਸ਼ਨ ਕਰਨ ’ਚ ਕੋਈ ਕਸਰ ਨਹੀਂ ਛੱਡੀ। ਗੁਰਜੀਤ ਦੇ ਪਿਤਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਘੱਟ ਤੋਂ ਘੱਟ ਡੀਐੱਸਪੀ ਦੀ ਨੌਕਰੀ ਦੇ ਕੇ ਸਨਮਾਨ ਕਰਨਾ ਚਾਹੀਦਾ ਹੈ, ਇਸ ਨਾਲ ਹੋਰ ਖਿਡਾਰੀਆਂ ਨੂੰ ਵੀ ਹੌਸਲਾ ਮਿਲੇਗਾ ਕਿ ਸਰਕਾਰ ਉਹਨਾਂ ਦੇ ਨਾਲ ਖੜੀ ਹੈ, ਤੇ ਉਹ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਮਿਹਨਤ ਕਰਨਗੇ।

Comment here