ਸਿਆਸਤਖਬਰਾਂਚਲੰਤ ਮਾਮਲੇ

‘ਉਮੀਦਵਾਰ ਪਹਾੜੀਆਂ ’ਤੇ ਤੇ ਲੋਕ ਦਿਹਾੜੀਆਂ ਤੇ’

ਜਲੰਧਰ–ਵਿਧਾਨ ਸਭਾ ਚੋਣਾਂ 2022 ਆਪਣੇ ਆਖਰੀ ਪੜਾਅ ’ਤੇ ਪਹੁੰਚ ਚੁੱਕੀਆਂ ਹਨ। 10 ਮਾਰਚ ਨੂੰ ਨਤੀਜੇ ਆ ਜਾਣਗੇ ਜਿਸ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਤਾਜ ਕਿਸ ਦੇ ਸਿਰ ਤੇ ਸਜੇਗਾ। ਚੋਣਾਂ ਦਾ ਐਲਾਨ ਹੁੰਦਿਆਂ ਜਿਹੜੇ ਸਿਆਸੀ ਲੀਡਰ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਦੇ ਇਰਾਦੇ ਨਾਲ ਸਵੇਰੇ ਤੜਕੇ ਹੀ ਅਤੇ ਦੇਰ ਰਾਤ ਤਕ ਵੋਟਰਾਂ ਦੇ ਬੂਹੇ ਖੜਕਾਉਣੇ ਨਹੀਂ ਸਨ ਹਟਦੇ ਅਤੇ ਵੋਟਰਾਂ ਨੂੰ ਰੱਬ ਦਾ ਦਰਜਾ ਦੇ ਕੇ ਗੋਡੇ ਟੇਕਣ ਤੋਂ ਵੀ ਗੁਰੇਜ਼ ਨਹੀਂ ਸਨ ਕਰਦੇ। 20 ਫਰਵਰੀ ਚੋਣਾਂ ਤੋਂ ਬਾਅਦ ਹੁਣ ਜਿੱਥੇ ਉਹ ਵੋਟਰ ਦੁਬਾਰਾ ਆਪੋ ਆਪਣੇ ਕਾਰਜਾਂ ’ਚ ਮਸ਼ਰੂਫ ਹੋ ਗਏ ਹਨ ਅਤੇ ਜਿਹਡ਼ੇ ਉਮੀਦਵਾਰ ਪਹਾੜੀਆਂ ਉਪਰਲੀਆਂ ਹਿੱਲ ਸਟੇਸ਼ਨਾਂ ’ਤੇ ਥਕਾਨ ਉਤਾਰ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਪਹਾੜਾਂ ਉਪਰ ਧਾਰਮਿਕ ਸਥਾਨਾਂ ’ਤੇ ਕਈ ਉਮੀਦਵਾਰ ਮੱਥੇ ਰਗੜ ਕੇ ਆਪਣੀ ਜਿੱਤ ਲਈ ਪੂਜਾ ਪਾਠ ਹਵਨ ਆਦਿ ਵੀ ਕਰਵਾ ਰਹੇ ਹਨ। ਭਾਵੇਂ ਲੋਕਾਂ ਵੱਲੋਂ ਦਿੱਤਾ ਗਿਆ ਫ਼ਤਵਾ ਇਲੈਕਟ੍ਰਾਨਿਕ ਵੋਟ ਮਸ਼ੀਨਾਂ ਵਿਚ ਬੰਦ ਹੋ ਚੁੱਕਾ ਹੈ, ਜਿਸ ਨੂੰ ਬਦਲਿਆ ਜਾਣਾ ਸੰਭਵ ਨਹੀਂ ਸਗੋਂ ਨਾਮੁਮਕਿਨ ਵੀ ਹੈ ਪਰ ਫਿਰ ਵੀ ਆਪਣੀ ਜਿੱਤ ਨੂੰ ਯਕੀਨੀ ਰੂਪ ਦੇਣ ਲਈ ਉਹ ਆਪਣੇ ਆਪਣੇ ਗੁਰੂਆਂ, ਦੇਵੀ-ਦੇਵਤਿਆਂ ਦੇ ਅੱਗੇ ਨਤਮਸਤਕ ਹੋ ਕੇ ਜਿੱਤ ਲਈ ਅਰਦਾਸਾਂ ਕਰ ਰਹੇ ਹਨ। ਸੱਤਾ ਉੱਪਰ ਕਾਬਜ਼ ਰਹੇ ਜਿਹੜੇ ਉਮੀਦਵਾਰਾਂ ਨੇ ਲੋਕਾਂ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਉਨ੍ਹਾਂ ਨੂੰ ਪੂਰਨ ਰੂਪ ਵਿਚ ਆਸ ਬੱਝੀ ਹੋਈ ਹੈ ਕਿ ਉਨ੍ਹਾਂ ਵੱਲੋਂ ਕੀਤੀ ਗਈ ਸੇਵਾ ਦਾ ਮੁੱਲ ਵੋਟਰਾਂ ਵੱਲੋਂ ਜ਼ਰੂਰ ਮੋਡ਼ਿਆ ਜਾਵੇਗਾ ਪਰ ਫਿਰ ਵੀ ਉਹ ਗੁਰਧਾਮਾਂ ਵਿਚ ਪੂਜਾ ਪਾਠ ਕਰਵਾ ਕੇ ਅੰਦਰੂਨੀ ਸੰਤੁਸ਼ਟੀ ਦੀ ਪ੍ਰਾਪਤੀ ਲਈ ਪੂਜਾ ਪਾਠ ਕਰ ਰਹੇ ਹਨ। ਹਲਕੇ ਵਿਚ ਪੈਂਦੇ ਇਕ ਪਿੰਡ ਦੇ ਕਈ ਛੋਟੇ ਦੁਕਾਨਦਾਰ ਦਿਹਾੜੀਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਉਹ ਆਪੋ-ਆਪਣੇ ਚਹੇਤੇ ਉਮੀਦਵਾਰਾਂ ਨਾਲ ਚੋਣ ਪ੍ਰਚਾਰ ਦੌਰਾਨ ਗੇੜਾ ਤਾਂ ਲਾਉਂਦੇ ਰਹੇ ਪਰ ਆਖਰਕਾਰ ਘਰ ਦਾ ਗੁਜ਼ਾਰਾ ਤਾਂ ਕੰਮ ਕਰ ਕੇ ਹੀ ਚੱਲਣਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਆਮ ਵਾਂਗ ਹੀ ਆਪਣੀਆਂ ਦੁਕਾਨਾਂ ਖੋਲ੍ਹ ਰਹੇ ਹਨ ਪਰ ਪਾਰਟੀਆਂ ਦੇ ਉਮੀਦਵਾਰ ਜਾਂ ਹੋਰ ਲੀਡਰ ਸਾਹਿਬਾਨ ਤਾਂ ਹੁਣ ਪਹਾੜਾਂ ‘ਤੇ ਅਰਾਮ ਫਰਮਾਉਂਦੇ ਹੋਣਗੇ। ਵੱਖ-ਵੱਖ ਦੁਕਾਨਾਂ ਫੈਕਟਰੀਆਂ ਰਾਈਸ ਮਿੱਲ ਵਿਚ ਮਜ਼ਦੂਰੀ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰੋਟੀ ਦਾ ਗੁਜ਼ਾਰਾ ਤਾਂ ਦਿਹਾਡ਼ੀ ਕਰ ਕੇ ਹੀ ਹੋਣਾ ਹੈ। ਉਹ ਤਾਂ ਪਹਿਲਾਂ ਵੀ ਦਿਹਾਡ਼ੀ ਕਰਦੇ ਸਨ ਅਤੇ ਹੁਣ ਵੀ ਉਹੀ ਕੰਮ ਕਰ ਰਹੇ ਹਨ। ਇਨ੍ਹਾਂ ਦਿਨਾਂ ਵਿਚ ਸ਼ੋਸ਼ਲ ਮੀਡੀਆ ’ਤੇ ਵੀ ਇਹ ਕਹਾਵਤ ਬਹੁਤ ਜ਼ਿਆਦਾ ਪ੍ਰਚੱਲਿਤ ਹੋ ਰਹੀ ਹੈ ਕਿ ਉਮੀਦਵਾਰ ਪਹੁੰਚੇ ਪਹਾੜੀਆਂ ’ਤੇ ਅਤੇ ਲੋਕ ਦਿਹਾੜੀਆਂ ’ਤੇ।

Comment here