ਖਬਰਾਂ

ਉਡੀਸ਼ਾ ਸਮੇਤ ਹੋਰ ਸ਼ਹਿਰਾਂ ’ਚ ਚੱਕਰਵਾਤੀ ਤੂਫਾਨ ‘ਜਵਾਦ’ ਦਾ ਵਧਿਆ ਖ਼ਤਰਾ

ਉਡੀਸ਼ਾ-ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ’ਤੇ ਬਣਿਆ ਡੂੰਘਾ ਦਬਾਅ ਹੁਣ ਚੱਕਰਵਾਤ ‘ਜਵਾਦ’ ’ਚ ਬਦਲਦਾ ਨਜ਼ਰ ਆ ਰਿਹਾ ਹੈ। ਜਵਾਦ ਐਤਵਾਰ ਨੂੰ ਓਡੀਸ਼ਾ ਪਹੁੰਚ ਸਕਦਾ ਹੈ। ਮੌਸਮ ਵਿਭਾਗ ਮੁਤਾਬਕ, ਚੱਕਰਵਾਤ ਕਾਰਨ ਜਿਨ੍ਹਾਂ ਖੇਤਰਾਂ ਵਿੱਚ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ, ਉਨ੍ਹਾਂ ਵਿੱਚ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ, ਵਿਜ਼ਿਆਨਗਰਮ ਅਤੇ ਵਿਸ਼ਾਖਾਪਟਨਮ ਜ਼ਿਲ੍ਹੇ ਸ਼ਾਮਲ ਹਨ। ਇਸ ਤੋਂ ਇਲਾਵਾ ਓਡੀਸ਼ਾ ਦੇ ਗਜਪਤੀ, ਗੰਜਮ, ਪੁਰੀ, ਨਯਾਗੜ੍ਹ, ਖੁਰਦਾ, ਕਟਕ, ਜਗਤਸਿੰਘਪੁਰ ਅਤੇ ਕੇਂਦਰਪਾੜਾ ਜ਼ਿਲ੍ਹਿਆਂ ਦੇ ਕਈ ਖੇਤਰ ਸ਼ਾਮਲ ਹਨ। ਚੱਕਰਵਾਤੀ ਤੂਫ਼ਾਨ ਜਵਾਦ ਕਾਰਨ ਆਂਧਰਾ ਪ੍ਰਦੇਸ਼ ਤੋਂ ਲੈ ਕੇ ਉੜੀਸਾ ਤੱਕ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਐਤਵਾਰ ਨੂੰ ਪੁਰੀ ਦੇ ਬੀਚਾਂ ’ਤੇ ਟਕਰਾਉਣ ਦੀ ਸੰਭਾਵਨਾ
ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਮੁਤਾਬਕ, ਚੱਕਰਵਾਤ ਅੱਜ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਤੱਟ ਦੇ ਨੇੜੇ ਪੱਛਮੀ-ਮੱਧ ਬੰਗਾਲ ਦੀ ਖਾੜੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਤੂਫਾਨ ਓਡੀਸ਼ਾ ਅਤੇ ਨਾਲ ਲੱਗਦੇ ਆਂਧਰਾ ਪ੍ਰਦੇਸ਼ ਦੇ ਤੱਟ ’ਤੇ ਉੱਤਰ-ਉੱਤਰ-ਪੂਰਬ ਵੱਲ ਵਧੇਗਾ। ਮੌਸਮ ਵਿਭਾਗ ਮੁਤਾਬਕ 5 ਦਸੰਬਰ ਯਾਨੀ ਐਤਵਾਰ ਨੂੰ ਦੁਪਹਿਰ ਤੱਕ ਪੁਰੀ ਦੇ ਆਸ-ਪਾਸ ਤੱਟਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਉੱਤਰੀ ਆਂਧਰਾ ਪ੍ਰਦੇਸ਼ ਤੱਟ ਅਤੇ ਉੜੀਸਾ ਤੱਟ ਦੇ ਨੇੜੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅੱਜ ਸ਼ਾਮ ਤੋਂ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਵਿੱਚ ਕਿਹਾ ਗਿਆ ਹੈ ਕਿ ਇਹ ਹਵਾਵਾਂ ਅਗਲੇ 12 ਘੰਟਿਆਂ ਤੱਕ ਜਾਰੀ ਰਹਿ ਸਕਦੀਆਂ ਹਨ। ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਅਸਥਾਈ ਸਮੇਂ ਲਈ ਸਮੁੰਦਰ ਵਿੱਚ ਵੱਡੇ ਤੂਫਾਨ ਵਿੱਚ ਬਦਲ ਸਕਦਾ ਹੈ।
ਸਾਊਦੀ ਅਰਬ ਨੇ ਨਾਂ ਦਿੱਤਾ ‘ਜਵਾਦ’
ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮੁਤਾਬਕ ਤੂਫ਼ਾਨ ਦੌਰਾਨ ਕਰੀਬ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਐਤਵਾਰ ਸਵੇਰ ਤੋਂ ਅਗਲੇ 12 ਘੰਟਿਆਂ ਤੱਕ ਹਵਾ ਦੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਸਾਊਦੀ ਅਰਬ ਨੇ ਇਸ ਚੱਕਰਵਾਤ ਦਾ ਨਾਂ ‘ਜਵਾਦ’ ਰੱਖਿਆ ਹੈ। ਆਈਐਮਡੀ ਮੁਤਾਬਕ, ਸ਼ਨੀਵਾਰ ਅਤੇ ਐਤਵਾਰ ਨੂੰ ਪੱਛਮੀ ਬੰਗਾਲ ਦੇ ਕੁਝ ਖੇਤਰਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

Comment here