ਰੋਮ-ਇਟਲੀ ਤੋਂ ਇਕ ਬਹੁਤ ਹੀ ਦੁਖਦ ਘਟਨਾ ਸਾਹਮਣੇ ਆਈ ਹੈ ਕਿ ਜੈੱਟ ਦਾ ਸੰਤੁਲਨ ਵਿਗੜਨ ਕਾਰਨ ਉਹ ਇਕ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਇੱਕ 5 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਉਸ ਦਾ 9 ਸਾਲਾ ਭਰਾ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਦਰਅਸਲ ਜਦੋਂ ਫੌਜੀ ਜੈੱਟ ਕਾਰ ਨਾਲ ਟਕਰਾਇਆ, ਉਸ ਸਮੇਂ ਕਾਰ ਵਿੱਚ ਇੱਕ ਪਰਿਵਾਰ ਮੌਜੂਦ ਸੀ। ਹਾਦਸੇ ਦੀ ਜਾਣਕਾਰੀ ਰੱਖਿਆ ਮੰਤਰੀ ਗਾਈਡੋ ਕਰੋਸੇਟੋ ਨੇ ਦਿੱਤੀ।
ਇਟਾਲੀਅਨ ਮੀਡੀਆ ਮੁਤਾਬਕ ਬੱਚੇ ਦੇ ਮਾਤਾ-ਪਿਤਾ ਅਤੇ ਜੈੱਟ ਪਾਇਲਟ ਦੀ ਹਾਲਤ ਠੀਕ ਹੈ। ਮੰਤਰਾਲੇ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਥੇ ਹੀ ਉਪ ਪ੍ਰਧਾਨ ਮੰਤਰੀ ਮੈਟਿਓ ਸਾਲਵਿਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤਾ ਕਿ ਪਾਇਲਟ ਨੇ ਪੈਰਾਸ਼ੂਟ ਦੀ ਮਦਦ ਨਾਲ ਜੈੱਟ ਤੋਂ ਛਾਲ ਮਾਰ ਦਿੱਤੀ ਸੀ। ਉਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਹੀ ਭਿਆਨਕ ਦੱਸਿਆ। ਸੀਐੱਨਐੱਨ ਨੇ ਰਿਪੋਰਟ ਦਿੱਤੀ ਕਿ ਇਟਲੀ ਦੀ ਹਵਾਈ ਸੈਨਾ ਦਾ ਏਰੋਬੈਟਿਕਸ ਸਕੁਐਡਰਨ ਸ਼ਨੀਵਾਰ ਨੂੰ ਉੱਤਰੀ ਸ਼ਹਿਰ ਟਿਊਰਿਨ ਨੇੜੇ ਅਭਿਆਸ ਦੌਰਾਨ ਕਰੈਸ਼ ਹੋ ਗਿਆ। ਇਤਾਲਵੀ ਫਾਇਰ ਬ੍ਰਿਗੇਡ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ ਲਗਭਗ ਦੁਪਹਿਰ 2 ਵਜੇ ਐਮਬੀ-339 ਜੈੱਟ ਵਿਚ ਉਡਾਣ ਭਰਨ ਦੇ ਕੁਝ ਪਲਾਂ ਬਾਅਦ ਹੀ ਧਮਾਕਾ ਹੋ ਗਿਆ। ਫਾਇਰ ਬ੍ਰਿਗੇਡ ਨੇ ਕਿਹਾ ਕਿ ਜੈੱਟ ਦਾ ਪਾਇਲਟ ਬਚ ਗਿਆ ਅਤੇ ਜੈੱਟ ਦੇ ਜ਼ਮੀਨ ‘ਤੇ ਟਕਰਾਉਣ ਤੋਂ ਠੀਕ ਪਹਿਲਾਂ ਆਪਣੇ ਪੈਰਾਸ਼ੂਟ ਨਾਲ ਬਾਹਰ ਨਿਕਲਦਾ ਦੇਖਿਆ ਗਿਆ।
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮੌਜੂਦਾ ਸਮੇਂ ਪਾਇਲਟ ਦਾ ਟਿਊਰਿਨ ਦੇ ਜਿਓਵਨੀ ਬੋਸਕੋ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇੱਥੇ ਦੱਸ ਦਈਏ ਕਿ ਇਤਾਲਵੀ ਹਵਾਈ ਸੈਨਾ ਦਾ ਹਿੱਸਾ, ਫ੍ਰੀਸ ਟ੍ਰਾਈਕੋਲੋਰੀ ਐਰੋਬੈਟਿਕ ਜੈੱਟ, ਐਤਵਾਰ ਨੂੰ ਹੋਣ ਵਾਲੇ ਇਤਾਲਵੀ ਹਵਾਈ ਸੈਨਾ ਦੇ 100 ਸਾਲਾ ਜਸ਼ਨਾਂ ਤੋਂ ਪਹਿਲਾਂ ਇੱਕ ਫੋਰਮੇਸ਼ਨ ਦਾ ਅਭਿਆਸ ਕਰ ਰਹੇ ਸਨ। ਜਹਾਜ਼ਾਂ ਨੇ ਟਿਊਰੀਨ ਦੇ ਕੈਸੇਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਜਦੋਂ ਇੱਕ ਜਹਾਜ਼ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਇਕ ਕਾਰ ਨਾਲ ਟਕਰਾ ਗਿਆ। ਇਹ ਹਾਦਸਾ ਏਅਰਪੋਰਟ ਦੇ ਘੇਰੇ ਅੰਦਰ ਹੋਇਆ। ਘਟਨਾ ਤੋਂ ਬਾਅਦ ਹਵਾਈ ਅੱਡੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ।
ਉਡਾਣ ਭਰਦੇ ਜੈੱਟ ‘ਚ ਹੋਏ ਧਮਾਕੇ ਕਾਰਨ 5 ਸਾਲਾ ਬੱਚੀ ਦੀ ਮੌਤ

Comment here