ਉਮੀਦਵਾਰਾਂ ਦੀ ਮੌਜੂਦਗੀ ‘ਚ ਵੋਟਿੰਗ ਮਸ਼ੀਨਾਂ ਦੀ ਤਿਆਰੀ
ਕਪੂਰਥਲਾ -ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮਤੀ ਦੀਪਤੀ ਉੱਪਲ ਨੇ ਅੱਜ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ 20 ਫਰਵਰੀ ਨੂੰ ਮਤਦਾਨ ਵਾਲੇ ਦਿਨ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਅਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲ (ਵੀ.ਵੀ.ਪੈਟ) ਮਸ਼ੀਨਾਂ ਦੀ ਤਿਆਰੀ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨਾਂ ਕਪੂਰਥਲਾ , ਭੁਲੱਥ ਤੇ ਸੁਲਤਾਨਪੁਰ ਲੋਧੀ ਵਿਖੇ ਈ.ਵੀ.ਐਮਜ਼ ਅਤੇ ਵੀ.ਵੀ.ਪੈਟਸ ਦੀ ਤਿਆਰੀ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਲਈ ਵੀ.ਵੀ.ਪੈਟ ਯੂਨਿਟਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨਾਂ ਦੀ ਤਿਆਰੀ ਦਾ ਮੁੱਖ ਉਦੇਸ਼ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਨੂੰ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣਾ ਹੈ। ਨਿਰਪੱਖ ਅਤੇ ਪਾਰਦਰਸ਼ੀ ਪੋਲਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਹਰੇਕ ਹਲਕੇ ਲਈ ਅਲਾਟ ਕੁੱਲ ਈ.ਵੀ.ਐਮਜ਼ ਅਤੇ ਵੀ.ਵੀ.ਪੈਟਸ ਵਿੱਚੋਂ ਰੈਂਡਮ ਢੰਗ ਨਾਲ ਚੁਣੀਆਂ 5 ਫੀਸਦੀ ਮਸ਼ੀਨਾਂ ‘ਤੇ ਘੱਟ ਤੋਂ ਘੱਟ 1000 ਮੋਕ ਪੋਲ ਕਰਵਾਈ ਜਾਵੇ ਅਤੇ ਇਸ ਸਮੁੱਚੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਨਿਰਪੱਖ ਅਤੇ ਪਾਰਦਰਸ਼ੀ ਚੋਣ ਅਮਲ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਸਮੁੱਚੀ ਪ੍ਰਕਿਰਿਆ ਦੌਰਾਨ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੂਥਵਾਰ ਵੰਡ ਲਈ ਈ.ਵੀ.ਐਮਜ਼ ਅਤੇ ਵੀ.ਵੀ.ਪੈਟਸ ਦੀ ਦੂਜੀ ਰੈਂਡੇਮਾਈਜ਼ੇਸ਼ਨ ਕੀਤੀ ਗਈ ਸੀ, ਜਿਸ ਉਪਰੰਤ ਅੱਜ ਸਮੂਹ ਹਲਕਿਆਂ ਲਈ ਅਲਾਟ ਵੋਟਿੰਗ ਮਸ਼ੀਨਾਂ ਦੀ ਤਿਆਰੀ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਸੈਕਟਰ ਅਫ਼ਸਰਾਂ ਨੂੰ ਈ.ਵੀ.ਐਮਜ਼ ਅਤੇ ਵੀ.ਵੀ.ਪੈਟਸ ਦੀ ਤਿਆਰੀ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਰਿਟਰਨਿੰਗ ਅਫਸਰ ਕਪੂਰਥਲਾ ਡਾ ਜੈ ਇੰਦਰ ਸਿੰਘ, ਰਿਟਰਨਿੰਗ ਅਫਸਰ ਭੁਲੱਥ ਸ਼ਾਇਰੀ ਮਲਹੋਤਰਾ ਤੇ ਹੋਰ ਮੌਜੂਦ ਸਨ।
Comment here