ਸਿਆਸਤਖਬਰਾਂ

ਈ. ਡੀ. ਨੇ ਸੁਖਪਾਲ ਖਹਿਰਾ ਦੇ ਘਰ ਮਾਰਿਆ ਛਾਪਾ, ਗ੍ਰਿਫਤਾਰ

ਚੰਡੀਗੜ੍ਹ-ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ’ਤੇ ਮਨੀ ਲਾਂਡਰਿੰਗ ਦੇ ਦੋਸ਼ ਲੱਗੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਈ. ਡੀ. ਨੇ ਛਾਪਾ ਮਾਰਿਆ ਸੀ। ਦਿੱਲੀ ਤੋਂ ਆਈ ਈ.ਡੀ. ਦੀ ਟੀਮ ਵਲੋਂ ਉਦੋਂ ਖਹਿਰੇ ਦੀ ਸੈਕਟਰ-5 ਸਥਿਤ ਕੋਠੀ ’ਚ ਛਾਪੇਮਾਰੀ ਕੀਤੀ ਗਈ ਸੀ। ਜਿਸ ਸਮੇਂ ਈ. ਡੀ. ਦੇ ਅਧਿਕਾਰੀ ਛਾਪੇਮਾਰੀ ਕਰਨ ਪਹੁੰਚੇ ਸਨ, ਉਸ ਸਮੇਂ ਸੁਖਪਾਲ ਖਹਿਰਾ ਆਪਣੇ ਘਰ ’ਚ ਹੀ ਮੌਜੂਦ ਸਨ। ਇਸ ਗੱਲ ਦੀ ਜਾਣਕਾਰੀ ਸੁਖਪਾਲ ਖਹਿਰਾ ਨੇ ਖ਼ੁਦ ਮੀਡੀਆ ਨੂੰ ਦਿੱਤੀ ਸੀ।
ਕੀ ਹੈ ਪੂਰਾ ਮਾਮਲਾ
ਪਿਛਲੇ ਸਮੇਂ ਸੁਖਪਾਲ ਸਿੰਘ ਖਹਿਰਾ ਈ. ਡੀ. ਦੀ ਕਾਰਵਾਈ ਨੂੰ ਲੈ ਕੇ ਸੁਰਖ਼ੀਆਂ ’ਚ ਆ ਗਏ ਸਨ। ਈ. ਡੀ. ਵਲੋਂ ਟਾਪ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰੀਤੂ ਕੁਮਾਰ ਨੂੰ ਸੰਮਨ ਭੇਜਿਆ ਗਿਆ ਹੈ। ਇਹ ਸੰਮਨ ਖਹਿਰਾ ਵਲੋਂ ਆਪਣੀ ਧੀ ਦੇ ਵਿਆਹ ’ਤੇ ਕੀਤੀ ਖਰੀਦਦਾਰੀ ਸਬੰਧੀ ਭੇਜਿਆ ਗਿਆ ਹੈ।
ਧੀ ਦੇ ਵਿਆਹ ਲਈ ਬਣਵਾਏ ਸਨ 7-8 ਲੱਖ ਰੁਪਏ ਦੇ ਕੱਪੜੇ
ਈ. ਡੀ. ਵਲੋਂ ਫੈਸ਼ਨ ਡਿਜ਼ਾਈਨਰਾਂ ਨੂੰ ਸੰਮਨ ਭੇਜਣ ’ਤੇ ਉਦੋਂ ਖਹਿਰਾ ਨੇ ਕਿਹਾ ਸੀ ਕਿ ‘ਮੈਂ ਸਾਲ 2016 ਦੇ ਫਰਵਰੀ ਮਹੀਨੇ ’ਚ ਆਪਣੀ ਧੀ ਦਾ ਵਿਆਹ ਕੀਤਾ ਸੀ। ਉਸ ਵਿਆਹ ਨੂੰ ਲੈ ਕੇ ਮੇਰੇ ਪਰਿਵਾਰ ਨੇ ਕੁਝ ਕੱਪੜੇ ਬਣਵਾਏ ਸਨ। ਅਸੀਂ ਉਦੋਂ ਇਨ੍ਹਾਂ ਡਿਜ਼ਾਈਨਰਾਂ ਕੋਲੋਂ ਤਿੰਨ ਕੱਪੜੇ ਬਣਵਾਏ ਸਨ, ਭਾਵ ਤਿੰਨਾਂ ਡਿਜ਼ਾਈਨਰਾਂ ਕੋਲੋਂ ਇਕ-ਇਕ ਡਰੈੱਸ ਬਣਵਾਈ ਸੀ। ਇਹ ਸਾਰੀ ਖਰੀਦ ਲਗਭਗ 7 ਤੋਂ 8 ਲੱਖ ਰੁਪਏ ਦੀ ਸੀ।’ ਖਹਿਰਾ ਨੇ ਕਿਹਾ ਕਿ ਪੰਜਾਬ ਦਾ ਅਜਿਹਾ ਕਿਹੜਾ ਪਰਿਵਾਰ ਹੈ, ਜੋ ਆਪਣੇ ਬੱਚਿਆਂ ਖ਼ਾਸ ਤੌਰ ’ਤੇ ਧੀ ਦੇ ਵਿਆਹ ’ਤੇ ਖਰਚਾ ਨਹੀਂ ਕਰਦਾ। ਅਸੀਂ ਭਾਵੇਂ ਚੁੱਕ ਕੇ ਖਰਚਾ ਕਰੀਏ, ਬੱਚਿਆਂ ਦੇ ਵਿਆਹ ’ਚ ਅਸੀਂ ਕੋਈ ਘਾਟ ਨਹੀਂ ਛੱਡਦੇ।
ਉਸ ਸਮੇਂ ਖਹਿਰਾ ਨੇ ਕਿਹਾ ਸੀ ਕਿ ‘ਇਸ ਗੱਲ ਨੂੰ ਇੰਝ ਬਣਾ ਦਿੱਤਾ, ਜਿਵੇਂ ਮੈਂ ਬਹੁਤ ਵੱਡੀ ਮਨੀ ਲਾਂਡਰਿੰਗ ਕੀਤੀ ਹੈ। ਮੈਂ ਉਨ੍ਹਾਂ ਕੋਲੋਂ ਜੋ ਕੱਪੜੇ ਖਰੀਦੇ, ਉਨ੍ਹਾਂ ਦੀ ਪੇਮੈਂਟ ਕੀਤੀ ਹੈ। ਇਹ ਪੈਸਾ ਮੈਂ ਆਪਣੇ ਜਲੰਧਰ ਦੇ ਬੈਂਕ ’ਚੋਂ ਕਢਵਾ ਕੇ ਦਿੱਤਾ ਹੈ, ਜਿਥੇ ਮੇਰੀ ਐਗਰੀਕਲਚਰ ਦੀ ਲਿਮਿਟ ਸੀ। ਉਸ ’ਚੋਂ ਕਢਵਾ ਕੇ ਮੈਂ ਇਹ ਪੈਸੇ ਕੈਸ਼ ਦਿੱਤਾ।’ ਖਹਿਰਾ ਨੇ ਇਹ ਵੀ ਕਿਹਾ ਸੀ ਕਿ, ‘ਮੈਂ ਅਜਿਹੇ ਕਈ ਲੋਕਾਂ ਨੂੰ ਜਾਣਦਾ ਹਾਂ ਜੋ ਆਪਣੀ ਧੀ ਦੇ ਵਿਆਹ ’ਤੇ 50-50 ਲੱਖ ਰੁਪਏ ਦਾ ਲਹਿੰਗਾ ਹੀ ਖਰੀਦਦੇ ਹਨ, ਉਨ੍ਹਾਂ ਨੂੰ ਜਾ ਕੇ ਕੋਈ ਨਹੀਂ ਫੜਦਾ। ਮੈਂ ਜੇ 7-8 ਲੱਖ ਰੁਪਏ ਦੀ ਚੀਜ਼ ਆਪਣੀ ਧੀ ਲਈ ਲੈ ਲਈ, ਉਨ੍ਹਾਂ ਨੂੰ ਬਹੁਤ ਚੁੱਬੀ।’

Comment here