ਖਬਰਾਂਚਲੰਤ ਮਾਮਲੇਮਨੋਰੰਜਨ

ਈ. ਡੀ. ਨੇ ਬੰਗਾਲੀ ਅਦਾਕਾਰਾ ਰੂਪਲੇਖਾ ਨੂੰ ਪੁੱਛਗਿੱਛ ਲਈ ਭੇਜਿਆ ਸੰਮਨ

ਕੋਲਕਾਤਾ-ਵਿੱਤੀ ਇਕਾਈ ਨਾਲ ਜੁੜੇ ਮਾਮਲਿਆਂ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਸੰਸਦ ਮੈਂਬਰ ਅਤੇ ਅਦਾਕਾਰਾ ਨੁਸਰਤ ਜਹਾਂ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਕ ਹੋਰ ਬੰਗਾਲੀ ਫਿਲਮ ਅਦਾਕਾਰਾ ਰੂਪਲੇਖਾ ਮਿੱਤਰਾ ਨੂੰ ਉਸੇ ਵਿੱਤੀ ਇਕਾਈ ਨਾਲ ਜੁੜੇ ਹੋਣ ’ਤੇ ਤਬਲ ਕੀਤਾ ਹੈ, ਜਿਸ ਵਿਚ ਸੀਨੀਅਰ ਨਾਗਰਿਕਾਂ ਨੂੰ ਉਚਿਤ ਦਰਾਂ ’ਤੇ ਰਿਹਾਇਸ਼ੀ ਫਲੈਟ ਦੇਣ ਦਾ ਵਾਅਦਾ ਕਰ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ।
ਸੂਤਰਾਂ ਮੁਤਾਬਕ, ਉਕਤ ਕੰਪਨੀ ਸੈਵਨ ਸੈਂਸ ਇਨਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਦੇ ਕਾਗਜ਼ਾਂ ਤੋਂ ਈ. ਡੀ. ਨੂੰ ਪਤਾ ਲੱਗਾ ਹੈ ਕਿ ਨੁਸਰਤ ਜਹਾਂ ਵਾਂਗ ਰੂਪਲੇਖਾ ਮਿੱਤਰਾ ਵੀ ਯੂਨਿਟ ਦੀ ਸਾਬਕਾ ਡਾਇਰੈਕਟਰ ਸੀ। ਰੂਪਲੇਖਾ ਨੂੰ 12 ਸਤੰਬਰ ਨੂੰ ਸਵੇਰੇ 11 ਵਜੇ ਤੱਕ ਕੋਲਕਾਤਾ ਦੇ ਸਾਲਟ ਲੇਕ ਸਥਿਤ ਕੇਂਦਰੀ ਏਜੰਸੀ ਦੇ ਸੀ. ਜੀ. ਓ. ਕੰਪਲੈਕਸ ਦੇ ਦਫ਼ਤਰ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਉਸੇ ਦਿਨ ਨੁਸਰਤ ਜਹਾਂ ਅਤੇ ਕੰਪਨੀ ਦੇ ਇਕ ਹੋਰ ਡਾਇਰੈਕਟਰ ਰਾਕੇਸ਼ ਸਿੰਘ ਨੂੰ ਬੁਲਾਇਆ ਗਿਆ ਹੈ। ਇਕ ਦਿਨ ਪਹਿਲਾਂ ਈ. ਡੀ. ਨੇ ਨੁਸਰਤ ਅਤੇ ਰਾਕੇਸ਼ ਸਿੰਘ ਨੂੰ ਸੰਮਨ ਜਾਰੀ ਕੀਤਾ ਸੀ।
ਨੁਸਰਤ ਨੇ ਦੋਸ਼ਾਂ ਤੋਂ ਪੱਲਾ ਝਾੜਿਆ
ਦੋਸ਼ ਹੈ ਕਿ ਨੁਸਰਤ ਜਹਾਂ ਸਮੇਤ ਕੰਪਨੀ ਦੇ ਡਾਇਰੈਕਟਰਾਂ ਨੇ ਉਸ ਪੈਸੇ ਦੀ ਵਰਤੋਂ ਆਪਣੇ ਫਲੈਟ ਬਣਾਉਣ ਲਈ ਕੀਤੀ। ਪਿਛਲੇ ਮਹੀਨੇ ਦੀ ਸ਼ੁਰੂਆਤ ’ਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤ੍ਰਿਣਮੂਲ ਸੰਸਦ ਮੈਂਬਰ ਨੇ ਇਕ ਪ੍ਰੈੱਸ ਕਾਨਫਰੰਸ ’ਚ ਸਪੱਸ਼ਟ ਕੀਤਾ ਸੀ ਕਿ ਉਸ ਨੇ ਮਾਰਚ 2017 ’ਚ ਉਕਤ ਕੰਪਨੀ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਨੁਸਰਤ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕੰਪਨੀ ਤੋਂ ਲਗਭਗ 1.16 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਮਾਰਚ, 2017 ਵਿਚ ਕਰਜ਼ਾ ਅਤੇ ਵਿਆਜ਼ ਦੇ ਤੌਰ ’ਤੇ 1.40 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਅਦਾ ਕਰ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਈ. ਡੀ. ਇਸ ਧੋਖਾਦੇਹੀ ਦੇ ਮਾਮਲੇ ਵਿਚ ਇਨਫੋਰਸਮੈਂਟ ਮਾਮਲਾ ਸੂਚਨਾ ਰਿਪੋਰਟ ਦਾਇਰ ਕਰ ਚੁੱਕੀ ਹੈ। ਸ਼ਿਕਾਇਤਾਂ ਮੁਤਾਬਕ ਉਕਤ ਕਾਰਪੋਰੇਟ ਇਕਾਈ ਨੇ 4 ਸਾਲਾਂ ਦੇ ਅੰਦਰ-ਅੰਦਰ ਵਾਜਬ ਦਰਾਂ ’ਤੇ ਰਿਹਾਇਸ਼ੀ ਫਲੈਟ ਦੇਣ ਦਾ ਵਾਅਦਾ ਕਰ ਕੇ ਨਿਵੇਸ਼ਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰ ਲਏ, ਪਰ ਅਜੇ ਤੱਕ ਉਨ੍ਹਾਂ ਨੂੰ ਫਲੈਟ ਅਲਾਟ ਨਹੀਂ ਕੀਤੇ ਗਏ।

Comment here