ਖਬਰਾਂਚਲੰਤ ਮਾਮਲੇਦੁਨੀਆ

ਈਸ਼ਨਿੰਦਾ ‘ਤੇ ਭੜਕੀ ਮੁਸਲਿਮ ਭੀੜ ਨੇ ਪੰਜ ਚਰਚਾਂ ਨੂੰ ਲਗਾਈ ਅੱਗ

ਫੈਸਲਾਬਾਦ-ਪਾਕਿਸਤਾਨ ਦੇ ਫੈਸਲਾਬਾਦ ਜ਼ਿਲੇ ਦੀ ਜਰਾਨਵਾਲਾ ਤਹਿਸੀਲ ’ਚ ਇਸਲਾਮਿਕ ਕੱਟੜਪੰਥੀਆਂ ਨੇ ਪਹਿਲਾਂ ਇੱਕ ਚਰਚ ’ਤੇ ਹਮਲਾ ਕਰਦਿਆਂ ਭੰਨਤੋੜ ਕੀਤੀ ਅਤੇ ਫਿਰ ਹੋਰਨਾਂ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਅੱਗ ਲਾ ਦਿੱਤੀ। ਇਸਲਾਮਿਕ ਕੱਟੜਪੰਥੀਆਂ ਦਾ ਦੋਸ਼ ਹੈ ਕਿ ਚਰਚ ਨਾਲ ਜੁੜੇ ਲੋਕ ਈਸ਼ਨਿੰਦਾ ’ਚ ਸ਼ਾਮਲ ਰਹੇ ਹਨ। ਇਕ ਈਸਾਈ ਨੇਤਾ ਅਕਮਲ ਭੱਟੀ ਨੇ ਕਿਹਾ ਕਿ ਭੀੜ ਨੇ ਘੱਟ ਤੋਂ ਘੱਟ 5 ਚਰਚਾਂ ’ਚ ਅੱਗ ਲਗਾ ਦਿੱਤੀ ਅਤੇ ਉਨ੍ਹਾਂ ਦੇ ਘਰਾਂ ਤੋਂ ਕੀਮਤੀ ਸਾਮਾਨ ਲੁੱਟ ਲਿਆ। ਮੌਲਵੀਆਂ ਦੁਆਰਾ ਮਸਜਿਦਾਂ ਵਿਚ ਭੀੜ ਨੂੰ ਉਕਸਾਉਣ ਤੋਂ ਬਾਅਦ ਲੁੱਟਮਾਰ ਸ਼ੁਰੂ ਹੋਈ।
ਚਰਚਾਂ ਦੀਆਂ ਇਮਾਰਤਾਂ ’ਚੋਂ ਧੂੰਆਂ ਨਿਕਲ ਰਿਹਾ ਹੈ ਅਤੇ ਲੋਕ ਫਰਨੀਚਰ ਨੂੰ ਅੱਗ ਲਗਾਉਂਦੇ ਦੇਖੇ ਗਏ ਹਨ। ਦਰਜਨਾਂ ਲੋਕਾਂ ਨੇ ਨੇੜਲੇ ਹਾਈਵੇਅ ਨੂੰ ਵੀ ਜਾਮ ਕਰ ਦਿੱਤਾ। ਜੜਾਂਵਾਲਾ ਦੇ ਪਾਸਟਰ ਇਮਰਾਨ ਭੱਟੀ ਨੇ ਦੱਸਿਆ ਕਿ ਨੁਕਸਾਨੇ ਗਏ ਚਰਚਾਂ ਵਿੱਚ ਈਸਾ ਨਗਰੀ ਇਲਾਕੇ ਵਿੱਚ ਸੈਲਵੇਸ਼ਨ ਆਰਮੀ ਚਰਚ, ਯੂਨਾਈਟਿਡ ਪ੍ਰੈਸਬੀਟੇਰੀਅਨ ਚਰਚ, ਅਲਾਈਡ ਫਾਊਂਡੇਸ਼ਨ ਚਰਚ ਅਤੇ ਸ਼ੇਰੋਂਵਾਲਾ ਚਰਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭੀੜ ਨੇ ਈਸ਼ਨਿੰਦਾ ਦੇ ਦੋਸ਼ੀ ਇੱਕ ਈਸਾਈ ਸਫਾਈ ਕਰਮਚਾਰੀ ਦੇ ਘਰ ਨੂੰ ਵੀ ਤਬਾਹ ਕਰ ਦਿੱਤਾ। ਉਸ ’ਤੇ ਪੈਗੰਬਰ ਸਾਹਿਬ ਵਿਰੁੱਧ ਕੁਝ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੋਸ਼ ਹੈ।
ਇਸ ਦੌਰਾਨ ਪੁਲਸ ਨੇ ਪਾਕਿਸਤਾਨ ਪੀਨਲ ਕੋਡ ਦੀਆਂ ਧਾਰਾਵਾਂ 295ਬੀ (ਪਵਿੱਤਰ ਕੁਰਾਨ ਦੀ ਨਿੰਦਾ) ਅਤੇ 295ਸੀ (ਪਵਿੱਤਰ ਪੈਗੰਬਰ ਦੇ ਸਬੰਧ ਵਿੱਚ ਅਪਮਾਨਜਨਕ ਟਿੱਪਣੀਆਂ ਦੀ ਵਰਤੋਂ ਕਰਨ) ਦੇ ਤਹਿਤ ਮੁਲਜ਼ਮਾਂ ਵਿਰੁੱਧ ਰਿਪੋਰਟ ਦਰਜ ਕੀਤੀ। ਪੰਜਾਬ ਪੁਲਸ ਦੇ ਮੁਖੀ ਉਸਮਾਨ ਅਨਵਰ ਨੇ ਕਿਹਾ ਕਿ ਪੁਲਸ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਤੰਗ ਗਲੀਆਂ ਹਨ, ਜਿਨ੍ਹਾਂ ਵਿੱਚ ਦੋ ਤੋਂ ਤਿੰਨ ਛੋਟੇ ਚਰਚ ਸਥਿਤ ਹਨ ਅਤੇ ਇੱਕ ਮੁੱਖ ਚਰਚ ਹੈ। ਉਨ੍ਹਾਂ ਨੇ ਚਰਚ ਦੇ ਕੁਝ ਹਿੱਸਿਆਂ ਵਿੱਚ ਭੰਨਤੋੜ ਅਤੇ ਅੱਗਜ਼ਨੀ ਦੀ ਘਟਨਾ ਨੂੰ ਸਵੀਕਾਰ ਕੀਤਾ। ਅਧਿਕਾਰੀ ਨੇ ਕਿਹਾ ਕਿ ਸ਼ਾਂਤੀ ਕਮੇਟੀਆਂ ਦੇ ਸਹਿਯੋਗ ਨਾਲ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸੂਬੇ ਭਰ ’ਚ ਪੁਲਸ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਅਨਵਰ ਨੇ ਦੱਸਿਆ ਕਿ ਇਲਾਕੇ ਦੇ ਸਹਾਇਕ ਕਮਿਸ਼ਨਰ, ਜੋ ਕਿ ਈਸਾਈ ਭਾਈਚਾਰੇ ਦਾ ਮੈਂਬਰ ਹੈ, ਨੂੰ ਵੀ ਲੋਕਾਂ ਦੇ ਵਿਰੋਧ ਤੋਂ ਬਾਅਦ ਹਟਾ ਦਿੱਤਾ ਗਿਆ ਹੈ।
ਦੂਜੇ ਪਾਸੇ ਈਸਾਈ ਆਗੂਆਂ ਨੇ ਦੋਸ਼ ਲਾਇਆ ਕਿ ਪੁਲਸ ਮੂਕ ਦਰਸ਼ਕ ਬਣੀ ਰਹੀ। ਇਸ ਤੋਂ ਇਲਾਵਾ, ਪੰਜਾਬ ਗ੍ਰਹਿ ਵਿਭਾਗ ਦੇ ਬੁਲਾਰੇ ਅਮਜਦ ਕਲਿਆਰ ਨੇ ਪੁਸ਼ਟੀ ਕੀਤੀ ਕਿ ਇਲਾਕੇ ਵਿੱਚ ਰੇਂਜਰਾਂ ਦੀ ਤਾਇਨਾਤੀ ਲਈ ਇੱਕ ਬੇਨਤੀ ਵਿਭਾਗ ਨੂੰ ਭੇਜ ਦਿੱਤੀ ਗਈ ਸੀ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਬਾਅਦ ਵਿੱਚ ਸ਼ਾਮ ਨੂੰ, ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕਾਕੜ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਲਾਕੇ ਦੇ ਸਹਾਇਕ ਕਮਿਸ਼ਨਰ, ਜੋ ਕਿ ਈਸਾਈ ਭਾਈਚਾਰੇ ਦਾ ਮੈਂਬਰ ਹੈ, ਨੂੰ ਵੀ ਲੋਕਾਂ ਦੇ ਵਿਰੋਧ ਤੋਂ ਬਾਅਦ ਹਟਾ ਦਿੱਤਾ ਗਿਆ ਹੈ।

Comment here