ਅਪਰਾਧਸਿਆਸਤਖਬਰਾਂਦੁਨੀਆ

ਈਸ਼ਨਿੰਦਾ- ਸ੍ਰੀਲੰਕਾਈ ਦੇ ਕਤਲ ਮਾਮਲੇ ਚ ਪਾਕਿ ਅਦਾਲਤ ਨੇ ਛੇ ਨੂੰ ਸੁਣਾਈ ਮੌਤ ਦੀ ਸਜ਼ਾ

ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਕਥਿਤ ਤੌਰ ‘ਤੇ ਈਸ਼ਨਿੰਦਾ ਦੇ ਦੋਸ਼ ‘ਚ ਸ਼੍ਰੀਲੰਕਾਈ ਨਾਗਰਿਕ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿਚ ਅੱਤਵਾਦ ਰੋਕੂ ਅਦਾਲਤ ਨੇ ਪੰਜ ਮਹੀਨਿਆਂ ਚ ਸਖਤ ਫੈਸਲਾ ਸੁਣਾਇਆ। ਅਦਾਲਤ ਨੇ 6 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਅਤੇ 7 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਬਾਕੀ 67 ਹੋਰ ਸ਼ੱਕੀਆਂ ਨੂੰ ਵੀ 2-2 ਸਾਲ ਦੀ ਸਜ਼ਾ ਸੁਣਾਈ ਹੈ। ਲਾਹੌਰ ਦੀ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ਦੇ ਅੰਦਰ ਬੰਦ ਕਮਰੇ ਵਿਚ ਰੋਜ਼ਾਨਾ ਆਧਾਰ ‘ਤੇ ਸੁਣਵਾਈ ਕਰਨ ਵਾਲੀ ਜੱਜ ਨਤਾਸ਼ਾ ਨਸੀਮ ਨੇ ਸ਼ੱਕੀਆਂ ਦੀ ਮੌਜੂਦਗੀ ਵਿੱਚ ਇਹ ਫ਼ੈਸਲਾ ਸੁਣਾਇਆ। ਜੱਜ ਨੇ ਹਾਲਾਂਕਿ 9 ਨਾਬਾਲਗ ਸ਼ੱਕੀਆਂ ਬਾਰੇ ਫ਼ੈਸਲਾ ਨਹੀਂ ਸੁਣਾਇਆ, ਜਿਨ੍ਹਾਂ ਖ਼ਿਲਾਫ਼ ਸੁਣਵਾਈ ਹੋਣੀ ਅਜੇ ਬਾਕੀ ਹੈ। ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਦੇ ਸਮਰਥਕਾਂ ਸਮੇਤ 800 ਤੋਂ ਵੱਧ ਲੋਕਾਂ ਦੀ ਭੀੜ ਨੇ ਸੂਬਾਈ ਰਾਜਧਾਨੀ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਸਿਆਲਕੋਟ ਵਿੱਚ ਇੱਕ ਕੱਪੜਾ ਫੈਕਟਰੀ ਉੱਤੇ ਹਮਲਾ ਕੀਤਾ ਸੀ। ਭੀੜ ਨੇ ਕਥਿਤ ਤੌਰ ‘ਤੇ ਫੈਕਟਰੀ ਦੇ 47 ਸਾਲਾ ਜਨਰਲ ਮੈਨੇਜਰ ਪ੍ਰਿਅੰਤਾ ਕੁਮਾਰਾ ਦੀ ਈਸ਼ਨਿੰਦਾ ਦੇ ਦੋਸ਼ ਵਿਚ ਕੁੱਟਮਾਰ ਕਰਕੇ ਮਾਰ ਦਿੱਤਾ ਸੀ ਅਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਪਾਕਿਸਤਾਨ ਵਿਚ ਸਿਆਸਤਦਾਨਾਂ, ਵਿਦਵਾਨਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਵੱਲੋਂ ਵਿਆਪਕ ਰੋਸ ਜਤਾਇਆ ਗਿਆ ਸੀ ਅਤੇ ਇਸ ਦੀ ਨਿੰਦਾ ਕੀਤੀ ਗਈ ਸੀ। ਨਾਲ ਹੀ ਦੋਸ਼ੀਆਂ ਨੂੰ ਜਲਦੀ ਸਜ਼ਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਗਈ ਸੀ।

Comment here