ਅਪਰਾਧਖਬਰਾਂਚਲੰਤ ਮਾਮਲੇ

ਈਰਾਨ ਦੀ ਹਾਰ ਦਾ ਜਸ਼ਨ ਮਨਾ ਰਹੇ ਗੱਭਰੂ ਦਾ ਕਤਲ

ਤਹਿਰਾਨ-ਈਰਾਨ ਦੇ ਲੋਕਾਂ ਨੇ ਫੀਫਾ ’ਚ ਆਪਣੀ ਹੀ ਟੀਮ ਦੀ ਹਾਰ ਦਾ ਜਸ਼ਨ ਮਨਾਇਆ। ਪਰ ਅਜਿਹਾ ਕਰਨਾ ਇੱਕ ਨੌਜਵਾਨ ਲਈ ਭਾਰੀ ਪੈ ਗਿਆ। ਈਰਾਨੀ ਸੁਰੱਖਿਆ ਬਲਾਂ ਨੇ ਅਮਰੀਕਾ ਦੀ ਜਿੱਤ ਅਤੇ ਈਰਾਨ ਦੀ ਹਾਰ ਦਾ ਜਸ਼ਨ ਮਨਾ ਰਹੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ।
ਦਰਅਸਲ ਈਰਾਨ ’ਚ ਹਿਜਾਬ ਵਿਵਾਦ ’ਚ ਪੁਲਸ ਹਿਰਾਸਤ ’ਚ 22 ਸਾਲਾ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਪੂਰੇ ਦੇਸ਼ ’ਚ ਹੰਗਾਮਾ ਮਚ ਗਿਆ ਹੈ। ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਵੱਡੀ ਗਿਣਤੀ ਵਿੱਚ ਈਰਾਨੀ ਲੋਕ ਸਰਕਾਰ ਵਿਰੁੱਧ ਖੁੱਲ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਵੀ ਹੋਈ ਹੈ। ਅਜਿਹੇ ’ਚ ਜਦੋਂ ਈਰਾਨ ਨੂੰ ਫੀਫਾ ਵਿਸ਼ਵ ਕੱਪ ’ਚ ਅਮਰੀਕਾ ਨੇ ਹਰਾਇਆ ਤਾਂ ਦੇਸ਼ ਦੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ। ਇਸ ਦੌਰਾਨ 27 ਸਾਲਾ ਮਹਿਰਾਨ ਸਮਕ ਨੇ ਵੀ ਅਮਰੀਕਾ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ, ਜੋ ਕਿ ਈਰਾਨੀ ਸੁਰੱਖਿਆ ਬਲਾਂ ਨੂੰ ਪਸੰਦ ਨਹੀਂ ਆਇਆ।
ਮੀਡੀਆ ਰਿਪੋਰਟਾਂ ਮੁਤਾਬਕ ਮਹਿਰਾਨ ਸਮਕ ਬਾਂਦਰ ਅੰਜਲੀ ਵਿਖੇ ਆਪਣੀ ਕਾਰ ਦਾ ਹਾਰਨ ਉੱਚੀ-ਉੱਚੀ ਵਜਾ ਰਿਹਾ ਸੀ। ਇਹ ਤਹਿਰਾਨ ਦੇ ਉੱਤਰ ਪੱਛਮ ਵਿੱਚ ਸਥਿਤ ਹੈ। ਓਸਲੋ ਸਥਿਤ ਸੰਗਠਨ ਈਰਾਨ ਹਿਊਮਨ ਰਾਈਟਸ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਸਮਕ ਨੂੰ ਸੁਰੱਖਿਆ ਬਲਾਂ ਨੇ ਨਿਸ਼ਾਨਾ ਬਣਾਇਆ ਅਤੇ ਉਸ ਦੇ ਸਿਰ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਮਰੀਕਾ ਦੇ ਸੰਗਠਨ ਸੈਂਟਰ ਫਾਰ ਹਿਊਮਨ ਰਾਈਟਸ ਇਨ ਈਰਾਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਸਮਕ ਨੂੰ ਜਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਗੋਲੀ ਮਾਰ ਦਿੱਤੀ ਸੀ। ਹਾਲਾਂਕਿ ਅਜੇ ਤੱਕ ਇਸ ਘਟਨਾ ’ਤੇ ਈਰਾਨ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

Comment here