ਅਪਰਾਧਸਿਆਸਤਖਬਰਾਂ

ਈਰਾਨੀ ਫ਼ਿਲਮ ਨਿਰਦੇਸ਼ਕ ਪਨਾਹੀ ਜ਼ਮਾਨਤ ‘ਤੇ ਰਿਹਾਅ

ਦੁਬਈ-ਈਰਾਨੀ ਫ਼ਿਲਮ ਨਿਰਦੇਸ਼ਕ ਜ਼ਫਰ ਪਨਾਹੀ ਨੂੰ ਲੈ ਕੇ ਖਬਰ ਆਈ ਹੈ। ਜ਼ਫਰ ਪਨਾਹੀ ਨੂੰ ਆਪਣੀ ਸਜ਼ਾ ਦੇ ਵਿਰੋਧ ਵਿੱਚ 2 ਦਿਨ ਭੁੱਖ ਹੜਤਾਲ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਸਮਰਥਕਾਂ ਨੇ ਦਿੱਤੀ। ਪਨਾਹੀ ਨੂੰ ਪਿਛਲੇ ਸਾਲ ਜੁਲਾਈ ‘ਚ ਸਰਕਾਰ ਵਿਰੁੱਧ ਪ੍ਰਚਾਰ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 6 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਈਰਾਨ ਦੇ ਉਨ੍ਹਾਂ ਕਲਾਕਾਰਾਂ, ਖਿਡਾਰੀਆਂ ਅਤੇ ਹੋਰ ਸ਼ਖਸੀਅਤਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਸਰਕਾਰ ਵਿਰੁੱਧ ਬੋਲਣ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ।
ਸਤੰਬਰ ਵਿੱਚ ਪੁਲਸ ਹਿਰਾਸਤ ਵਿੱਚ ਇੱਕ ਕੁੜੀ ਦੀ ਮੌਤ ਤੋਂ ਬਾਅਦ ਹੋਏ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਅਜਿਹੀਆਂ ਗ੍ਰਿਫ਼ਤਾਰੀਆਂ ਆਮ ਹੋ ਗਈਆਂ ਹਨ। 62 ਸਾਲਾ ਪਨਾਹੀ ਕਾਨੂੰਨੀ ਤੌਰ ‘ਤੇ ਯਾਤਰਾ ਕਰਨ ਅਤੇ ਫਿਲਮਾਂ ਬਣਾਉਣ ‘ਤੇ ਪਾਬੰਦੀ ਦੇ ਬਾਵਜੂਦ ਇਕ ਦਹਾਕੇ ਤੋਂ ਪੁਰਸਕਾਰ ਜੇਤੂ ਫਿਲਮਾਂ ਬਣਾ ਰਿਹਾ ਹੈ। ਉਨ੍ਹਾਂ ਦੀ ਨਵੀਂ ਫ਼ਿਲਮ “ਨੋ ਬੀਅਰਸ” ਸਤੰਬਰ ਵਿੱਚ ਰਿਲੀਜ਼ ਹੋਈ ਸੀ। ਪਨਾਹੀ ਦੇ ਵਕੀਲ ਯੂਸਫ਼ ਮੌਲੀ ਨੇ ਪੁਸ਼ਟੀ ਕੀਤੀ ਕਿ ਉਹ ਜ਼ਮਾਨਤ ‘ਤੇ ਰਿਹਾਅ ਹੋ ਕੇ ਘਰ ਪਰਤ ਆਏ ਹਨ। ਮੌਲੀ ਨੇ ਦੱਸਿਆ ਕਿ 2 ਦਿਨ ਭੁੱਖ ਹੜਤਾਲ ਕਰਨ ਤੋਂ ਬਾਅਦ ਵੀ ਪਨਾਹੀ ਦੀ ਸਿਹਤ ਠੀਕ ਹੈ।

Comment here