ਬਰਨਾਲਾ : ਅੱਜ ਸਵੇਰੇ ਹੀ ਈਟੀਟੀ ਅਧਿਆਪਕਾਂ ਵੱਲੋਂ ਪੰਜਾਬ ਦੇ ਨਵੇਂ ਬਣੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ। ਇਹ ਧਰਨਾ ਡੈਪੂਟੇਸ਼ਨ ਨੂੰ ਰੱਦ ਕਰਵਾਉਣ ਲਈ ਲਗਾਇਆ ਗਿਆ। ਇਸ ਦੌਰਾਨ ਈਟੀਟੀ ਅਧਿਆਪਕਾਂ ਨੇ ਬੱਚਿਆਂ ਸਮੇਤ ਧਰਨੇ ’ਚ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਈਟੀਟੀ ਅਧਿਆਪਕ ਯੂਨੀਅਨ ਦੇ ਆਗੂ ਮਨੀਸ਼ ਕੁਮਾਰ ਨੇ ਦੱਸਿਆ ਕਿ ਪੂਰੇ ਪੰਜਾਬ ’ਚੋਂ ਸੈਂਕੜੇ ਅਧਿਆਪਕਾਂ ਇਸ ਧਰਨੇ ’ਚ ਸ਼ਾਮਿਲ ਹੋਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਉਹ 200 ਤੋਂ 300 ਕਿਲੋਮੀਟਰ ਤੋਂ ਸਫ਼ਰ ਕਰ ਕੇ ਡਿਊਟੀ ਕਰ ਰਹੇ ਹਨ, ਜੋ ਕਿ ਸਰਾਸਰ ਪਾਲਿਸੀ ਤੇ ਵਿਭਾਗ ਦੇ ਨਿਯਮਾਂ ਦੇ ਖ਼ਿਲਾਫ਼ ਹੈ। ਵਿਭਾਗ ਵੱਲੋਂ 31 ਮਾਰਚ 2022 ਤਕ ਸਾਰੇ ਅਧਿਆਪਕ ਜਿਨ੍ਹਾਂ ਦੀ ਬਦਲੀ ਹੋਈ ਹੈ, ਉਨ੍ਹਾਂ ਨੂੰ 1 ਅਪ੍ਰੈਲ 2022 ਨੂੰ ਫ਼ਾਰਗ ਕਰਨ ਦਾ ਹੁਕਮ ਜਾਰੀ ਕੀਤਾ ਸੀ, ਪਰ ਵਿਭਾਗ ਵਲੋਂ ਅਜੇ ਤਕ ਕੋਈ ਵੀ ਅਧਿਆਪਕ ਫ਼ਾਰਗ ਨਹੀਂ ਕੀਤਾ ਗਿਆ, ਜੋਕਿ ਪੱਤਰ ਅਨੁਸਾਰ ਹੁਕਮਾਂ ਦੀ ਉਲੰਘਣਾ ਹੈ। ਇਸ ਲਈ ਬਦਲੀ ਹੋਏ ਈਟੀਟੀ ਅਧਿਆਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਤੋਂ ਡੈਪੂਟੇਸ਼ਨ ਰੱਦ ਕਰ ਕੇ ਬਦਲੀ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੇ ਪਿਤਰੀ ਸਕੂਲ ਭੇਜਿਆ ਜਾਵੇ ਤੇ ਸਿੰਗਲ ਟੀਚਰ ਅਧਿਆਪਕਾਂ ਨੂੰ ਵੀ ਫ਼ਾਰਗ ਕੀਤਾ ਜਾਵੇ। ਉਨ੍ਹਾਂ ਕਿਹਾ ਜਦੋਂ ਤਕ ਸਾਡੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ ਤੇ ਸਮੂਹ ਅਧਿਆਪਕ ਸਮੂਹਿਕ ਛੁੱਟੀ ’ਤੇ ਰਹਿਣਗੇ ਤੇ ਆਨਲਾਈਨ ਕੰਮ ਜਾਂ ਕੰਮ ਦਾ ਬਾਈਕਾਟ ਕਰਨਗੇ। ਇਸ ਦੌਰਾਨ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਜਲਦੀ ਹੀ ਮੀਟਿੰਗ ਕਰ ਕੇ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਦੇ ਲੇਖੇ ਜੋਖੇ ਦੇ ਜਵਾਬਦੇਹ ਨਹੀਂ ਹਨ। ਉਹ ਆਪਣੀ ਸਰਕਾਰ ਦਾ ਕੰਮ ਭ੍ਰਿਸ਼ਟਾਚਾਰ ਤੋਂ ਮੁਕਤ ਹੋਕੇ ਬਿਨਾਂ ਕਿਸੇ ਵਿਧਾਇਕ ਦੀ ਸਿਫ਼ਾਰਿਸ਼ ’ਤੇ ਨਿਯਮਾਂ ਅਨੁਸਾਰ ਕਰਨਗੇ। ਭਾਵੇਂ ਉਨ੍ਹਾਂ ਨੇ ਮੰਗ ਪੱਤਰ ਲੈਣ ਉਪਰੰਤ ਅਧਿਆਪਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਕੁਝ ਦਿਨਾਂ ’ਚ ਹੀ ਚੰਡੀਗੜ੍ਹ ਵਿਖੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੇ ਮਸਲੇ ਦਾ ਜਲਦੀ ਹੱਲ ਕਰਨਗੇ , ਪਰ ਅਧਿਆਪਕਾਂ ਨੇ ਸਿੱਖਿਆ ਮੰਤਰੀ ’ਤੇ ਬੇਭਰੋਸਗੀ ਜਤਾਉਂਦਿਆਂ ਪੱਕਾ ਧਰਨਾ ਸ਼ੁਰ ਕਰ ਦਿੱਤਾ ਹੈ। ਬਰਨਾਲਾ ਪੁਲਿਸ ਵਲੋਂ ਵੀ ਸਿੱਖਿਆ ਮੰਤਰੀ ਦੇ ਦਰਾਂ ’ਚ ਲੱਗੇ ਪੱਕੇ ਧਰਨੇ ਸਬੰਧੀ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਹਨ।
ਈਟੀਟੀ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ


Comment here