ਅਪਰਾਧਸਿਆਸਤਖਬਰਾਂ

ਇੱਕ ਹੋਰ ਪਰਫਿਊਮ ਵਪਾਰੀ ਕੋਲ ਮਿਲਿਆ ਕਰੋੜਾਂ ਦਾ ਕੈਸ਼

ਕਾਨਪੁਰ-ਇਤਰ ਕਾਰੋਬਾਰੀ ਐੱਮ. ਐੱਲ. ਸੀ. ਪੁਸ਼ਪਰਾਜ ਜੈਨ ਉਰਫ ਪੰਮੀ ਅਤੇ ਦੂਜੇ ਕਾਰੋਬਾਰੀ ਫੌਜਾਨ ਮਲਿਕ ਦੇ ਕਨੌਜ, ਕਾਨਪੁਰ, ਦਿੱਲੀ, ਲਖਨਊ ਅਤੇ ਮੁੰਬਈ ‘ਚ ਆਮਦਨ ਕਰ ਵਿਭਾਗ ਦੇ ਛਾਪਿਆਂ ਦੌਰਾਨ ਹੁਣ ਤੱਕ 5 ਕਰੋੜ ਕੈਸ਼ ਅਤੇ ਸੋਨਾ ਬਰਾਮਦ ਕੀਤਾ ਜਾ ਚੁੱਕਾ ਹੈ। ਦੋਵਾਂ ਕਾਰੋਬਾਰੀਆਂ ਦੇ ਘਰ ਅਤੇ ਅਦਾਰਿਆਂ ’ਤੇ ਛਾਪੇਮਾਰੀ ਅਜੇ ਵੀ ਜਾਰੀ ਹੈ। ਆਮਦਨ ਕਰ ਵਿਭਾਗ ਦੀ ਟੀਮ ਨੇ ਫੌਜਾਨ ਮਲਿਕ ਦੇ ਘਰ ਐੱਚ. ਡੀ. ਐੱਫ. ਸੀ. ਦੇ ਮੁਲਾਜ਼ਮਾ ਨੂੰ ਬੁਲਾ ਕੇ ਨੋਟ ਗਿਣਨ ਦੀਆਂ ਮਸ਼ੀਨਾਂ ਵੀ ਮੰਗਵਾਈਆਂ ਹਨ। ਦੱਸਿਆ ਜਾਂਦਾ ਹੈ ਕਿ ਫੌਜਾਨ ਦੇ ਕਨੌਜ ਸਥਿਤ ਘਰ ਤੋਂ ਹੁਣ ਤੱਕ ਢਾਈ ਕਰੋੜ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਰੁਪਇਆ ਨੂੰ ਐੱਸ. ਬੀ. ਆਈ. ਦੀ ਟੀਮ ਸੁਰੱਖਿਆ ਵਿਵਸਥਾ ਦਰਮਿਆਨ ਬੈਂਕ ਲੈ ਕੇ ਗਈ। ਟੀਮ ਨੇ ਫੌਜਾਨ ਦੇ ਕਾਰਖਾਨੇ ’ਚੋਂ ਪ੍ਰਿੰਟਰ, ਕੰਪਿਊਟਰ ਨੂੰ ਵੀ ਜ਼ਬਤ ਕਰ ਲਿਆ ਹੈ। ਉੱਥੇ ਪੁਸ਼ਪਰਾਜ ਦੇ ਮੁੰਬਈ ਸਥਿਤ ਨਿਵਾਸ ’ਚੋਂ 2 ਕਰੋੜ ਕੈਸ਼ ਮਿਲੇ ਹਨ।
ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਸ਼ੁੱਕਰਵਾਰ ਨੂੰ 35 ਥਾਵਾਂ ’ਤੇ ਇਕੋ ਸਮੇਂ ਛਾਪੇ ਮਾਰੇ ਸਨ। ਦੂਜੇ ਦਿਨ 20 ਥਾਵਾਂ ’ਤੇ ਕਾਰਵਾਈ ਚੱਲੀ। ਕਾਨਪੁਰ ’ਚ ਡਾਕਟਰ ਅਨੂਪ ਜੈਨ ਦੇ ਆਨੰਦਪੁਰੀ ’ਚ ਦੋਵੇਂ ਘਰਾਂ ਨੂੰ ਆਮਦਨ ਕਰ ਵਿਭਾਗ ਨੇ ਸੀਲ ਕਰ ਦਿੱਤਾ ਹੈ ਅਤੇ ਕਾਨਪੁਰ ’ਚ ਸਾਰੀਆਂ ਥਾਵਾਂ ’ਤੇ ਕਾਰਵਾਈ ਫਿਲਹਾਲ ਬੰਦ ਦਿੱਤੀ ਗਈ ਹੈ। ਛਾਪੇ ਦੌਰਾਨ ਆਮਦਨ ਕਰ ਵਿਭਾਗ ਨੂੰ ਜਾਣਕਾਰੀ ਮਿਲੀ ਹੈ ਕਿ ਪੰਮੀ ਜੈਨ ਮੱਧ ਏਸ਼ੀਆ ਦੇ ਦੇਸ਼ਾਂ ਤੋਂ ਲਗਭਗ 40 ਕਰੋੜ ਦੇ ਨਿਵੇਸ਼ ਵਜੋਂ ਆਪਣੇ ਕਾਰੋਬਾਰ ਵਿਚ ਲਿਆਇਆ ਸੀ। ਆਮਦਨ ਕਰ ਵਿਭਾਗ ਜਾਂਚ ਕਰ ਰਿਹਾ ਹੈ ਕਿ ਇਸ ਰੁਪਏ ਨੂੰ ਕਿਸ ਤਰ੍ਹਾਂ ਲਿਆਂਦਾ ਗਿਆ । ਨਾਲ ਹੀ ਪੁਸ਼ਪਰਾਜ ਉਰਫ ਪੰਮੀ ਜੈਨ ਕੋਲੋਂ ਸਟਾਕ ਦਾ ਰਜਿਸਟਰ ਵੀ ਮਿਲਿਆ ਜਿਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਦੂਜੇ ਇਤਰ ਕਾਰੋਬਾਰੀ ਫੌਜਾਨ ਮਲਿਕ ਦੇ ਦਿੱਲੀ ਸਥਿਤ ਨਿਵਾਸ ਤੋਂ ਆਮਦਨ ਕਰ ਵਿਭਾਗ ਨੂੰ ਨਕਦੀ ਦੇ ਲੈਣ-ਦੇਣ ਦੇ ਕਈ ਸਬੂਤ ਮਿਲੇ ਹਨ। ਨਾਲ ਹੀ ਕਨੌਜ ਅਤੇ ਦਿੱਲੀ ਵਿਚ ਵੀ 4 ਲਾਕਰ ਮਿਲੇ ਹਨ, ਜਿਨ੍ਹਾਂ ਨੂੰ ਫਿਲਹਾਲ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਲਾਕਰਾਂ ਦੀ ਹੋਰ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਸਪਾ ਦੇ ਐੱਮ.ਐੱਲ.ਸੀ. ਪੰਮੀ ਨੇ ਦਾਅਵਾ ਕੀਤਾ ਹੈ ਕਿ ਆਮਦਨ ਕਰ ਵਿਭਾਗ ਦੀ ਪਿਛਲੇ 27 ਘੰਟਿਆਂ ਤੋਂ ਜਾਰੀ ਪੜਤਾਲ ਦੌਰਾਨ ਕੁਝ ਵੀ ਨਹੀਂ ਮਿਲਿਆ ਹੈ। ਪੰਮੀ ਨੇ ਪਿਛਲੇ ਦਿਨੀਂ ਪ੍ਰਧਾਨ ਅਖਿਲੇਸ਼ ਯਾਦਵ ਤੋਂ ‘ਸਮਾਜਵਾਦੀ ਇਤਰ’ ਲਾਂਚ ਕਰਵਾਇਆ ਸੀ। ਕਨੌਜ ਤੋਂ ਇਲਾਵਾ ਪੰਮੀ ਦੇ ਮੁੰਬਈ ਸਥਿਤ ਟਿਕਾਣਿਆਂ ’ਤੇ ਵੀ ਛਾਪੇਮਾਰੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਪੰਮੀ ਦੀ ਕੰਪਨੀ ‘ਪ੍ਰਗਤੀ ਅਰੋਮਾ’ ਦਾ ਖੇਤਰੀ ਦਫ਼ਤਰ ਮੁੰਬਈ ‘ਚ ਹੈ।

Comment here