ਅਪਰਾਧਸਿਆਸਤਖਬਰਾਂ

ਇੱਕ ਹੋਰ ਨੌਜਵਾਨ ਚਿੱਟੇ ਦੀ ਭੇਟ ਚੜਿਆ

ਮੁੱਲਾਂਪੁਰ ਦਾਖਾ – ਪੰਜਾਬ ਵਿੱਚ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਦਾ ਦੁਖਦ ਸਿਲਸਿਲਾ ਜਾਰੀ ਹੈ। ਮੁੱਲਾਂਪੁਰ ਸ਼ਹਿਰ ਅਤੇ ਲਾਗਲੇ ਪਿੰਡਾਂ ਵਿਚ ਚਿੱਟੇ ਦਾ ਦਿਨੋ-ਦਿਨ ਵੱਧ ਰਿਹਾ ਪ੍ਰਕੋਪ ਨੌਜਵਾਨਾਂ ਲਈ ਕਾਲ ਬਣ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਵੱਲੋਂ ਸਰਭ ਅਭਿਆਨ ਚਲਾਉਣ ਦੇ ਬਾਵਜੂਦ ਵੀ ਪੁਲਸ ਦੇ ਹੱਥ ਖਾਲੀ ਹਨ ਅਤੇ ਬੀਤੀ ਰਾਤ ਇਕ ਹੋਰ ਨੌਜਵਾਨ ਚਿੱਟੇ ਦੀ ਭੇਂਟ ਚੜ ਗਿਆ, ਜਿਸ ਦਾ ਪਤਾ ਦਿਨ ਚੜੇ ਲੱਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਰੋਡ ’ਤੇ ਸਥਿਤ ਰਵੀਦਾਸ ਨਗਰ ਦਾ ਨੌਜਵਾਨ ਜਸਪ੍ਰੀਤ ਸਿੰਘ 26 ਸਾਲ ਜੋ ਕਿ ਚਿੱਟਾ ਪੀਣ ਦਾ ਆਦੀ ਸੀ। ਮਾਂ-ਪਿਓ ਨੇ ਘਰ ਵਿਚ ਇਸ ਕਰਕੇ ਡੱਕਿਆ ਹੋਇਆ ਸੀ ਕਿ ਇਹ ਚਿੱਟਾ ਛੱਡ ਦੇਵੇ ਅਤੇ ਘਰ ਦਾ ਆਖਰੀ ਚਿਰਾਗ ਰੌਸ਼ਨ ਰਹੇ ਪਰ ਬੀਤੀ ਸ਼ਾਮ ਇਹ ਨੌਜਵਾਨ ਘਰੋਂ ਲੜ ਕੇ ਬਾਹਰ ਨਿਕਲ ਗਿਆ ਅਤੇ ਫਿਰ ਚਿੱਟੇ ਦਾ ਟੀਕਾ ਲਗਾਉਂਦਿਆਂ ਹੀ ਮੌਤ ਦੇ ਮੂੰਹ ’ਚ ਜਾ ਪਿਆ। ਰੇਲਵੇ ਓਵਰ ਬਰਿੱਜ ਥੱਲੇ ਇਸ ਦੀ ਲਾਸ਼ ਟੀਕੇ ਸਮੇਤ ਮਿਲੀ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਜਸਪ੍ਰੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਰਵੀਦਾਸ ਨਗਰ ਜੋ ਕਿ ਰਾਏਕੋਟ ਰੋਡ ਤੋਂ ਆ ਕੇ ਇੱਥੇ ਰਹਿਣ ਲੱਗੇ ਸਨ ਅਤੇ ਦੋ ਸਾਲ ਪਹਿਲਾਂ ਇਸ ਦਾ ਵੱਡਾ ਭਰਾ ਬਿੱਲਾ ਵੀ ਚਿੱਟੇ ਦੀ ਭੇਂਟ ਚੜ੍ਹ ਗਿਆ ਸੀ। ਮਾਂ-ਬਾਪ ਦੇ ਇਹ ਦੋਵੇਂ ਪੁੱਤਰ ਸਨ ਜੋ ਚਿੱਟੇ ਦੇ ਕਾਲ ਰੂਪੀ ਦੈਂਤ ਨੇ ਨਿਗਲ ਲਏ ਅਤੇ ਘਰ ਦਾ ਆਖਰੀ ਚਿਰਾਗ ਵੀ ਬੁੱਝ ਗਿਆ। ਮਾਂ ਬਾਪ ਦੇ ਬੁਢਾਪੇ ਦਾ ਸਹਾਰਾ ਬਨਣ ਵਾਲੇ ਪੁੱਤਰਾਂ ਤੋਂ ਸੁੰਨਾ ਹੋਇਆ ਘਰ ਪਰਿਵਾਰ ਹੁਣ ਬੇਸਹਾਰਾ ਹੋ ਗਿਆ ਹੈ ਅਤੇ ਮਾਂ-ਬਾਪ ਦੀ ਆਖਰੀ ਆਸ ਦੀ ਕਿਰਨ ਵੀ ਖਤਮ ਹੋ ਗਈ ਹੈ। ਇਸ ਘਟਨਾ ਨੂੰ ਲੈ ਕੇ ਹਰ ਇਕ ਦਾ ਦਿਲ ਪਸੀਜ ਰਿਹਾ ਸੀ ਅਤੇ ਪੁਲਸ ਪ੍ਰਸਾਸ਼ਨ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ੍ਹ ਲਗਾ ਰਿਹਾ ਹੈ।

Comment here