ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਇੱਕ ਹੋਰ ਕਸ਼ਮੀਰੀ ਪੰਡਿਤ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ

ਕੁਲਗਾਮ– ਜੰਮੂ-ਕਸ਼ਮੀਰ ਵਿੱਚ ਕਸ਼ਮੀਰੀ ਪੰਡਿਤਾਂ ਦੇ ਟਾਰਗੈਟ ਕਤਲ ਜਾਰੀ ਹਨ, ਹੁਣ ਕੁਲਗਾਮ ਜ਼ਿਲੇ ‘ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਅਧਿਆਪਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਕੁਲਗਾਮ ਜ਼ਿਲੇ ਦੇ ਗੋਪਾਲਪੁਰ ‘ਚ ਰਜਨੀ ਬਾਲਾ (36) ‘ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਉਹ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਜਨੀ ਬਾਲਾ ਗੋਪਾਲਪੁਰ ਵਿੱਚ ਅਧਿਆਪਕ ਵਜੋਂ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਯਾਦ ਰਹੇ ਮਈ ਮਹੀਨੇ ‘ਚ ਦੂਜੀ ਵਾਰ ਕਿਸੇ ਕਸ਼ਮੀਰੀ ਪੰਡਿਤ ਦਾ ਕਤਲ ਹੋਇਆ ਹੈ। 12 ਮਈ ਨੂੰ ਰਾਹੁਲ ਭੱਟ ਦੀ ਬਡਗਾਮ ਜ਼ਿਲ੍ਹੇ ਦੀ ਚਦੂਰਾ ਤਹਿਸੀਲ ਵਿੱਚ ਤਹਿਸੀਲਦਾਰ ਦਫ਼ਤਰ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਈ ਮਹੀਨੇ ਦੌਰਾਨ ਕਸ਼ਮੀਰ ਵਿੱਚ ਹੁਣ ਤੱਕ ਸੱਤ ਨਿਸ਼ਾਨਾ ਕਤਲ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਚਾਰ ਆਮ ਨਾਗਰਿਕ ਅਤੇ ਤਿੰਨ ਪੁਲੀਸ ਮੁਲਾਜ਼ਮ ਸਨ ਜੋ ਡਿਊਟੀ ’ਤੇ ਨਹੀਂ ਸਨ। ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਦੀ ਕਾਇਰਤਾਪੂਰਨ ਕਾਰਵਾਈ ਜਾਰੀ ਹੈ। ਇਸ ਤੋਂ ਪਹਿਲਾਂ ਸਥਾਨਕ ਟੀਵੀ ਅਦਾਕਾਰਾ ਅਮਰੀਨਾ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਦੇ ਨਾਲ ਹੀ ਇਸ ਹਮਲੇ ‘ਚ ਉਸ ਦਾ 10 ਸਾਲਾ ਭਤੀਜਾ ਗੰਭੀਰ ਜ਼ਖਮੀ ਹੋ ਗਿਆ। ਜੰਮੂ-ਕਸ਼ਮੀਰ ਪੁਲਿਸ ਨੇ ਟੀਵੀ ਅਦਾਕਾਰਾ ਅਮਰੀਨ ਭੱਟ ਦੇ ਕਤਲ ਕੇਸ ਨੂੰ 24 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਕਸ਼ਮੀਰ ਜ਼ੋਨ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਦੇ ਹਵਾਲੇ ਨਾਲ ਕਿਹਾ ਕਿ ਟੀਵੀ ਕਲਾਕਾਰ ਅਮਰੀਨ  ਦੀ ਘਿਨਾਉਣੀ ਹੱਤਿਆ ਵਿੱਚ ਸ਼ਾਮਲ ਅੱਤਵਾਦੀ ਮੁਕਾਬਲੇ ਵਿੱਚ ਮਾਰੇ ਗਏ ਹਨ।  ਅਕਤੂਬਰ 2021 ਵਿੱਚ ਸ੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਅੱਤਵਾਦੀਆਂ ਨੇ ਇੱਕ ਔਰਤ ਸਮੇਤ ਇੱਕ ਸਰਕਾਰੀ ਸਕੂਲ ਦੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮ੍ਰਿਤਕਾਂ ਦੀ ਪਛਾਣ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਕਸ਼ਮੀਰੀ ਪੰਡਿਤ ਅਧਿਆਪਕ ਦੀਪਕ ਚੰਦ ਵਜੋਂ ਹੋਈ ਸੀ।

 

Comment here