ਸਾਹਿਤਕ ਸੱਥ

ਇੱਕ ਮਜ਼ਦੂਰ ਦੀ ਕਹਾਣੀ

ਰੱਤੀਪਾਲ ਇੱਕ ਗਰੀਬ ਮਜ਼ਦੂਰ ਹੈ ਜੋ ਆਪਣੇ ਪਰਿਵਾਰ ਸਮੇਤ ਪਿਛਲੇ ਦੋ ਦਹਾਕਿਆਂ ਤੋਂ ਲੁਧਿਆਣੇ ਰਿਹਾ ਹੈ। ਉਹ ਪਿਛਲੇ ਤਕਰੀਬਨ 15 ਸਾਲਾਂ ਤੋਂ ਇੱਕੋ ਫੈਕਟਰੀ ’ਚ ਕੰਮ ਕਰ ਰਿਹਾ ਸੀ। ਜਿਸ ਫੈਕਟਰੀ ’ਚ ਉਹ ਕੰਮ ਕਰਦਾ ਸੀ ਉੱਥੋਂ ਦੇ ਮਜ਼ਦੂਰ ਉਸ ਬਾਰੇ ਦੱਸਦੇ ਹਨ ਕਿ ਉਹ ਸ਼ੁਰੂ ਤੋਂ ਹੀ ਮਾਲਕ ਦੇ ਬਹੁਤ ਕਰੀਬ ਰਿਹਾ ਹੈ ਅਤੇ ਕਾਰੀਗਰਾਂ ਨਾਲ਼ ਕਦੇ ਵੀ ਮਿਲ਼ਕੇ ਨਹੀਂ ਸੀ ਬੈਠਦਾ। ਜਦੋਂ ਕਦੇ ਵੀ ਵਿਹਲ ਮਿਲ਼ਦੀ ਉਹ ਮਾਲਕ ਕੋਲ਼ ਜਾ ਬਹਿੰਦਾ ਤੇ ਉਸ ਨਾਲ਼ ਗੱਲਾਂ ਕਰਦਾ ਰਹਿੰਦਾ। ਜਦੋਂ ਕਦੇ ਵੀ ਕੋਈ ਮਾਲਕ ਅਤੇ ਮਜ਼ਦੂਰਾਂ ਵਿਚਕਾਰ ਗੱਲ ਹੋ ਜਾਂਦੀ ਤਾਂ ਉਹ ਹਮੇਸ਼ਾ ਮਾਲਕ ਦਾ ਹੀ ਪੱਖ ਲੈਂਦਾ ਸੀ। ਇਨ੍ਹਾਂ ਗੱਲਾਂ ਕਾਰਨ ਹੀ ਬਾਕੀ ਮਜ਼ਦੂਰਾਂ ਨੇ ਉਸ ਨਾਲ਼ ਇੱਕ ਦੂਰੀ ਜਿਹੀ ਬਣਾ ਲਈ। ਇੱਕ ਵਾਰ ਨਾਲ਼ ਦੀ ਫੈਕਟਰੀ ’ਚ ਕਿਸੇ ਮਜ਼ਦੂਰ ਦੀ ਮੌਤ ਹੋ ਗਈ ਸੀ। ਉਸ ਮਜ਼ਦੂਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਮਜ਼ਦੂਰਾਂ ਦੁਆਰਾ ਸਾਰੀ ਗਲੀ ਦੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ। ਪਰ ਰੱਤੀਪਾਲ ਉਸ ਸਮੇਂ ਫੈਕਟਰੀ ’ਚ ਆਪਣੀ ਮਸ਼ੀਨ ਠੀਕ ਕਰਵਾ ਰਿਹਾ ਸੀ। ਜਦੋਂ ਉਸਦੇ ਸਾਥੀ ਮਜ਼ਦੂਰਾਂ ਨੇ ਉਸ ਨੂੰ ਕੰਮ ਬੰਦ ਕਰਨ ਲਈ ਕਿਹਾ ਤਾਂ ਉਸਨੇ ਜਵਾਬ ਦਿੱਤਾ ਕਿ,“ਮੈ ਕਿਉਂ ਕਰਾਂ ਫੈਕਟਰੀ ਬੰਦ? ਕੀ ਇਹ ਯੂਨੀਅਨ ਮੈਨੂੰ ਤਨਖਾਹ ਦੇਊ?” ਮਾਲਕ ਦਾ ਰਵੱਈਆ ਵੀ ਉਸ ਪ੍ਰਤੀ ਹਮੇਸ਼ਾ ਦੂਸਰੇ ਮਜ਼ਦੂਰਾਂ ਦੇ ਮੁਕਾਬਲੇ ਉਦਾਰ ਰਿਹਾ।

ਪਰ ਇਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਰੱਤੀਪਾਲ ਨਾਲ਼ ਇੱਕ ਅਜਿਹੀ ਘਟਨਾ ਵਾਪਰੀ ਕਿ ਸਭ ਕੁੱਝ ਬਦਲ ਗਿਆ। ਤਕਰੀਬਨ ਸਵਾ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਚਲਦੀ ਮਸ਼ੀਨ ਦਾ ਇੱਕ ਛੋਟਾ ਜਿਹਾ ਪੁਰਜਾ ਖੁੱਲਕੇ ਅਚਾਨਕ ਉਸਦੇ ਮੱਥੇ ’ਚ ਜਾ ਵੱਜਿਆ ਅਤੇ ਉਹ ਲਹੂ ਲੁਹਾਣ ਹੋਕੇ ਜ਼ਮੀਨ ’ਤੇ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ। ਮਾਲਕ ਦੁਆਰਾ ਕਿਸੇ ਵੀ ਮਜ਼ਦੂਰ ਦਾ ਡਾਕਟਰੀ ਕਾਰਡ ਨਹੀਂ ਬਣਾਇਆ ਗਿਆ ਜਿਸ ਕਰਕੇ ਉਸ ਨੂੰ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ ਸੀ.ਐੱਮ.ਸੀ ’ਚ ਭਰਤੀ ਕਰਵਾਇਆ ਗਿਆ। ਉਸ ਸਮੇਂ ਭਾਵੇਂ ਉਹ ਠੀਕ ਹੋ ਗਿਆ ਪਰ ਉਸਦੇ ਸਿਰ ਅੰਦਰ ਲਹੂ ਦੀ ਇੱਕ ਗੰਢ ਬਣ ਗਈ। ਜਿਸਦਾ ਪਤਾ ਉਦੋਂ ਲੱਗਿਆ ਜਦੋਂ ਪਾਣੀ ਸਿਰ ਉੱਤੋਂ ਲੰਘ ਗਿਆ ਸੀ। ਉਸਤੋਂ ਬਾਅਦ ਉਸਦੀ ਸਿਹਤ ਖਰਾਬ ਰਹਿਣ ਲੱਗ ਪਈ। ਪਰ ਮਾਲਕ ਵੱਲੋਂ ਪੂਰੇ ਇਲਾਜ ਦੌਰਾਨ ਇੱਕ ਪੈਸਾ ਵੀ ਨਹੀਂ ਖਰਚਿਆ ਗਿਆ। ਘਰ ਦੀ ਗਰੀਬੀ ਕਾਰਨ ਉਸਨੂੰ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਹਰ ਰੋਜ ਕੰਮ ’ਤੇ ਆਉਣਾ ਪੈਂਦਾ ਸੀ। ਕਈ ਵਾਰ ਜਦੋਂ ਕੰਮ ਕਰਦੇ ਸਮੇਂ ਜ਼ਿਆਦਾ ਹਾਲਤ ਵਿਘੜ ਜਾਂਦੀ ਉਹ ਛੁੱਟੀ ਕਰਕੇ ਕਮਰੇ ਚਲਾ ਜਾਂਦਾ। ਪਰ ਪਿਛਲੇ ਲੱਗਭਗ ਇੱਕ ਡੇਢ ਮਹੀਨੇ ਪਹਿਲਾਂ ਅਚਾਨਕ ਉਸਦੀ ਸਿਹਤ ਨੇ ਗੰਭੀਰ ਰੂਪ ਧਾਰਨ ਕਰ ਲਿਆ। ਉਸਦੀ ਘਰਵਾਲੀ ਨੇ ਦੱਸਿਆ ਕਿ ਇੱਕ ਦਿਨ ਉਸ ਨੂੰ ਨਹਾਉਂਦੇ ਵੇਲੇ ਦੌਰਾ ਜਿਹਾ ਪੈ ਗਿਆ। ਉਸਦੇ ਅਚਾਨਕ ਹੱਥ ਪੈਰ ਆਕੜਨ ਲੱਗ ਪਏ ਅਤੇ ਧੜੱਮ ਕਰਕੇ ਜ਼ਮੀਨ ’ਤੇ ਡਿੱਗ ਪਿਆ ਜਿਸ ਕਾਰਨ ਉਸਦੀ ਇੱਕ ਲੱਤ ਟੁੱਟ ਗਈ। ਉਸਨੂੰ ਇਲਾਜ ਲਈ ਚੰਡੀਗੜ੍ਹ ’ਚ ਭਰਤੀ ਕਰਵਾਉਣਾ ਪਿਆ। ਪਰਿਵਾਰ ਵੱਲੋਂ ਮਾਲਕ ਤੋਂ ਵੀ ਮਦਦ ਮੰਗੀ ਗਈ ਪਰ ਮਾਲਕ ਨੇ ਇੱਕ ਵੀ ਪੈਸਾ ਦੇਣ ਤੋਂ ਕੋਰੀ ਨਾਹ ਕਰ ਦਿੱਤੀ। ਇੱਕ ਦਿਨ ਉਸਦੀ ਪਤਨੀ ਅਤੇ ਉਸਦਾ ਲੜਕਾ ਉਸ ਨੂੰ ਚੱਕ ਕੇ ਫੈਕਟਰੀ ਲੈ ਗਏ ਇਸ ਆਸ ਨਾਲ਼ ਕਿ ਸ਼ਾਇਦ ਮਾਲਿਕ ਦੇ ਦਿਲ ’ਚ ਕੋਈ ਰਹਿਮ ਆ ਜਾਵੇ। ਪਰ ਮਾਲਿਕ ਨੇ ਉਹਨਾਂ ਨੂੰ ਉਲਟਾ-ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਫੈਕਟਰੀ ’ਚੋਂ ਬਾਹਰ ਕੱਢ ਦਿੱਤਾ। ਫੈਕਟਰੀ ’ਚ ਉਸਦੇ ਨਾਲ਼ ਕੰਮ ਕਰਦੇ ਕਿਸੇ ਮਜ਼ਦੂਰ ਨੇ ਵੀ ਉਸਦਾ ਸਾਥ ਨਹੀਂ ਦਿੱਤਾ। ਇਸਦਾ ਕਾਰਨ ਇਹ ਸੀ ਕਿ ਰੱਤੀਪਾਲ ਨੇ ਖੁਦ ਵੀ ਕਦੀ ਸਮੂਹਿਕਤਾ ਦਾ ਪਾਲਣ ਨਹੀਂ ਕੀਤਾ। ਉਸਨੇ ਕਦੀ ਵੀ ਕਿਸੇ ਮਜ਼ਦੂਰ ਦਾ ਸਾਥ ਨਹੀਂ ਦਿੱਤਾ। ਅਜੇ ਰੱਤੀਪਾਲ ਜਿਉਂਦਾ ਹੈ। ਪਰ ਉਸਦਾ ਪੂਰਾ ਸਰੀਰ ਅਧਰੰਗ ਦਾ ਸ਼ਿਕਾਰ ਹੋ ਗਿਆ ਹੈ। ਉਸ ’ਤੇ ਹਰ ਮਹੀਨੇ ਘੱਟੋ-ਘੱਟ ਦਸ ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ। ਪਰਿਵਾਰ ’ਤੇ ਕਰਜੇ ਦਾ ਬੋਝ ਵਧਦਾ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਰੱਤੀਪਾਲ ਹੁਣ ਕੁੱਝ ਕੁ ਮਹੀਨਿਆਂ ਦਾ ਮਹਿਮਾਨ ਹੈ। ਰੱਤੀਪਾਲ ਦੀ ਪਤਨੀ ਦਾ ਕਹਿਣਾ ਹੈ ਕਿ ਮਾਲਕ ਲਈ ਉਹ ਸਿਰਫ ਇੱਕ ਕਾਰੀਗਰ ਸੀ ਅਤੇ ਉਸਨੂੰ ਇੱਕ ਕਾਰੀਗਰ ਦੀ ਜਗ੍ਹਾ ’ਤੇ ਦੂਸਰਾ ਕਾਰੀਗਰ ਮਿਲ਼ ਗਿਆ ਹੈ। ਪਰ ਮੈਨੂੰ ਮੇਰਾ ਪਤੀ ਅਤੇ ਮੇਰੇ ਜਵਾਕਾਂ ਨੂੰ ਆਪਣਾ ਪਿਤਾ ਕਦੀ ਵਾਪਸ ਨਹੀਂ ਮਿਲ਼ੇਗਾ। ਫੈਕਟਰੀ ਮਾਲਕ ਦੀਆਂ ਨਜ਼ਰਾਂ ’ਚ ਰੱਤੀਪਾਲ ਇਨਸਾਨ ਨਹੀਂ ਸਗੋਂ ਇੱਕ ਮਸ਼ੀਨ ਸੀ, ਇੱਕ ਸਾਹ ਲੈਣ ਵਾਲ਼ੀ ਮਸ਼ੀਨ। ਇੱਕ ਮਸ਼ੀਨ ਉੱਪਰ ਮਾਲਕ ਓਨਾ ਹੀ ਖਰਚਾ ਕਰਦਾ ਹੈ ਜਿਸ ਨਾਲ ਉਹ ਮਸ਼ੀਨ ਬੱਸ ਕੰਮ ਕਰਦੀ ਰਹੇ। ਜਦੋਂ ਉਹ ਮਸ਼ੀਨ ਨਕਾਰਾ ਹੋ ਜਾਂਦੀ ਹੈ ਤਾਂ ਉਸਨੂੰ ਜਾਂ ਤਾਂ ਕਿਸੇ ਖੂੰਜੇ ’ਚ ਸੜਨ ਲਈ ਰੱਖ ਦਿੱਤਾ ਜਾਂਦਾ ਹੈ ਜਾਂ ਉਸਨੂੰ ਕਬਾੜ ’ਚ ਵੇਚ ਦਿੱਤਾ ਜਾਂਦਾ ਹੈ। ਇਹੀ ਗੱਲ ਮਜ਼ਦੂਰਾਂ ਨਾਲ਼ ਵੀ ਵਾਪਰਦੀ ਹੈ। ਮਜ਼ਦੂਰ ਜਿੰਨਾਂ ਸਮਾਂ ਮਾਲਕ ਲਈ 12-13 ਘੰਟੇ ਹੱਡ ਭੰਨਵੀਂ ਮਿਹਨਤ ਕਰਦਾ ਹੈ, ਓਨਾਂ ਸਮਾਂ ਉਸਨੂੰ ਸਿਰਫ ਏਨੀਂ ਕੁ ਤਨਖਾਹ ਮਿਲ਼ਦੀ ਰਹਿੰਦੀ ਹੈ ਜਿਸ ਨਾਲ਼ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਜਿਉਂਦਾ ਰੱਖ ਸਕੇ। ਜਦੋਂ ਉਹ ਕਿਸੇ ਕਾਰਨ ਕਰਕੇ ਕੰਮ ਕਰਨਯੋਗ ਨਹੀਂ ਰਹਿੰਦਾ ਉਸਨੂੰ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਇਹ ਕਹਾਣੀ ਸਿਰਫ ਰੱਤੀਪਾਲ ਦੀ ਹੀ ਨਹੀਂ ਹੈ। ਅਜਿਹੇ ਹਾਦਸੇ ਹਰ ਰੋਜ਼ ਮਜ਼ਦੂਰਾਂ ਨਾਲ਼ ਵਾਪਰਦੇ ਹਨ ਕਿਉਂਕਿ ਕੰਮ ਕਰਨ ਵਾਲ਼ੀਆਂ ਥਾਵਾਂ ’ਤੇ ਅਸੁਰੱਖਿਆ ਦਾ ਮਹੌਲ ਹੁੰਦਾ ਹੈ। ਕੋਈ ਕਿਰਤ ਕਨੂੰਨ ਲਾਗੂ ਨਾ ਹੋਣ ਕਾਰਨ ਮਾਲਕਾਂ ਉੱਪਰ ਕੋਈ ਕਾਰਵਾਈ ਵੀ ਨਹੀਂ ਹੁੰਦੀ। ਅੱਜ ਜਰੂਰਤ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਨਜਿੱਠਣ ਲਈ ਮਜ਼ਦੂਰ ਇੱਕ ਦੂਸਰੇ ਦਾ ਸਾਥ ਦੇਣ ਅਤੇ ਮਾਲਕ ਜਮਾਤ ਤੋਂ ਦੋਸਤੀ ਦੀ ਆਸ ਛੱਡਕੇ ਉਨ੍ਹਾਂ ਖਿਲਾਫ ਜਥੇਬੰਦ ਹੋਣ।

-ਜਗਦੀਸ਼

Comment here