ਸਾਹਿਤਕ ਸੱਥਬਾਲ ਵਰੇਸ

ਇੱਕ ਨਿੱਕੇ ਚੰਗੇ ਮੁੰਡੇ ਦੀ ਕਹਾਣੀ

ਇੱਕ ਵਾਰ ਦੀ ਗੱਲ ਹੈ ਕਿ ਇੱਕ ਚੰਗਾ ਮੁੰਡਾ ਸੀ ਜਿਸਦਾ ਨਾਮ ਜੈਕਬ ਬਿਲਵੈਂਸ ਸੀ। ਉਹ ਹਮੇਸ਼ਾ ਆਪਣੇ ਮਾਤਾ-ਪਿਤਾ ਦੀ ਗੱਲ ਮੰਨਦਾ ਸੀ, ਚਾਹੇ ਉਹਨਾਂ ਦੀ ਮੰਗ ਕਿੰਨੇ ਵੀ ਗ਼ੈਰ-ਵਾਜਿਬ ਅਤੇ ਬੇਹੂਦਾ ਕਿਉਂ ਨਾ ਹੋਵੇ। ਉਹ ਹਮੇਸ਼ਾ ਆਪਣੀ ਕਿਤਾਬ ਪੜ੍ਹਦਾ ਸੀ ਅਤੇ ਐਤਵਾਰੀ ਸਕੂਲ ਵਿੱਚ ਕਦੇ ਵੀ ਦੇਰ ਨਾਲ਼ ਨਹੀਂ ਪੁੱਜਦਾ ਸੀ। ਉਹ ਕਦੇ ਹੂਕੀ ਨਹੀਂ ਖੇਡਦਾ ਸੀ, ਉਦੋਂ ਵੀ ਜਦੋਂ ਉਸਦਾ ਸੰਜਮੀ ਫੈਸਲਾ ਉਸਨੂੰ ਇਹ ਦੱਸਦਾ ਸੀ ਕਿ ਇਸਤੋਂ ਫਾਇਦੇਮੰਦ ਚੀਜ਼ ਉਹ ਕੋਈ ਨਹੀਂ ਕਰ ਸਕਦਾ ਸੀ। ਉਹ ਇੰਨੇ ਅਜੀਬ ਢੰਗ ਨਾਲ਼ ਹਰ ਕੰਮ ਕਰਦਾ ਸੀ ਕਿ ਕਿਸੇ ਵੀ ਦੂਜਾ ਮੁੰਡਾ ਨੂੰ ਉਸਦਾ ਮਤਲਬ ਨਹੀਂ ਸਮਝ ਆਉਂਦਾ ਸੀ। ਝੂਠ ਬੋਲਣਾ ਚਾਹੇ ਜਿੰਨਾ ਵੀ ਸੌਖਾ ਹੋਵੇ, ਉਹ ਕਦੇ ਝੂਠ ਨਹੀਂ ਬੋਲਦਾ ਸੀ। ਉਹ ਬਸ ਇੰਨਾ ਕਹਿੰਦਾ ਸੀ ਕਿ ਝੂਠ ਬੋਲਣਾ ਗ਼ਲਤ ਹੈ ਅਤੇ ਇਸ ਇਹੋ ਉਸ ਲਈ ਕਾਫ਼ੀ ਸੀ ਅਤੇ ਨਾਲ਼ ਹੀ ਉਹ ਮਜ਼ਾਕੀਆ ਹੱਦ ਤੱਕ ਇਮਾਨਦਾਰ ਸੀ। ਜੈਕਬ ਦੇ ਅਜੀਬੋ-ਗ਼ਰੀਬ ਤਰੀਕੇ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਸਨ। ਉਹ ਐਤਵਾਰ ਨੂੰ ਬੰਟੇ (ਗੋਲ਼ੀਆਂ) ਨਹੀਂ ਖੇਡਦਾ ਸੀ, ਉਹ ਪੰਛੀਆਂ ਦੇ ਆਲਣਿਆਂ ਨੂੰ ਤਬਾਹ ਨਹੀਂ ਕਰਦਾ ਸੀ, ਉਹ ਆਰਗਨ ਵਜਾਉਣ ਵਾਲ਼ੇ ਮਦਾਰੀਆਂ ਦੇ ਬਾਂਦਰਾਂ ਨੂੰ ਗਰਮ ਮੂਗਫਲ਼ੀ ਨਹੀਂ ਦਿੰਦਾ ਸੀ; ਉਹ ਕਿਸੇ ਵੀ ਤਰ੍ਹਾਂ ਦੇ ਤਾਰਕਿਕ ਮਨੋਰੰਜਨ ਵਿੱਚ ਕੋਈ ਦਿਲਚਸਪੀ ਨਹੀਂ ਰੱਖਦਾ ਸੀ। ਇਸ ਲਈ ਦੂਜੇ ਮੁੰਡੇ ਉਸਦਾ ਤਰਕ ਲੱਭਣ ਅਤੇ ਉਸਨੂੰ ਸਮਝਾਉਣ ਦੀ ਸਿਰ ਤੋੜ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਸਨ,ਪਰ ਉਹ ਕਿਸੇ ਵੀ ਸੰਤੁਸ਼ਟੀਜਨਕ ਨਤੀਜੇ ਤੱਕ ਨਾ ਪੁੱਜਦੇ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ, ਉਹ ਸਿਰਫ਼ ਇਸ ਧੁੰਧਲੇ ਅੰਦਾਜ਼ੇ ਤੱਕ ਹੀ ਪੁਹੰਚਦੇ ਸਨ ਕਿ ਉਹ ”ਪੀੜਤ” ਹੈ। ਉਹ ਉਹਨੂੰ ਸੁਰੱਖਿਆ ਦਿੰਦੇ ਸਨ ਅਤੇ ਕੋਈ ਨੁਕਸਾਨ ਨਹੀਂ ਹੋਣ ਦਿੰਦੇ ਸਨ।
ਉਹ ਨਿੱਕਾ ਚੰਗਾ ਮੁੰਡਾ ਐਤਵਾਰੀ ਸਕੂਲ ਦੀਆਂ ਸਾਰੀਆਂ ਕਿਤਾਬਾਂ ਪੜ੍ਹਦਾ ਸੀ; ਉਸਨੂੰ ਉਹਨਾਂ ਵਿੱਚ ਸਭ ਤੋਂ ਵਧੇਰੇ ਅਨੰਦ ਆਉਂਦਾ ਸੀ। ਇਹਨਾਂ ਕਿਤਾਬਾਂ ਵਿੱਚ ਹੀ ਸਾਰਾ ਭੇਦ ਲੁਕਿਆ ਹੋਇਆ ਹੈ। ਉਹ ਐਤਵਾਰੀ ਸਕੂਲ ਦੀਆਂ ਕਿਤਾਬਾਂ ਵਿੱਚ ਦੱਸੇ ਗਏ ਛੋਟੇ ਚੰਗੇ ਮੁੰਡਿਆਂ ਵਿੱਚ ਵਿਸ਼ਵਾਸ਼ ਕਰਦਾ ਸੀ; ਉਸਦਾ ਉਹਨਾਂ ਵਿੱਚ ਬਹੁਤ ਵਿਸ਼ਵਾਸ਼ ਸੀ। ਉਹ ਉਹਨਾਂ ਵਿੱਚੋਂ ਕਿਸੇ ਇੱਕ ਜਿਉਂਦੇ ਮੁੰਡੇ ਨੂੰ ਸਿਰਫ਼ ਇੱਕ ਵਾਰ ਮਿਲ਼ਣਾ ਚਾਹੁੰਦਾ ਸੀ; ਪਰ ਉਸਨੂੰ ਅਜਿਹਾ ਕੋਈ ਵੀ ਮੁੰਡਾ ਕਦੇ ਨਹੀਂ ਮਿਲ਼ਿਆ। ਉਹ ਸਾਰੇ ਸ਼ਾਇਦ ਉਸਦਾ ਯੁੱਗ ਆਉਣ ਤੋਂ ਪਹਿਲਾਂ ਹੀ ਮਰ ਗਏ ਸਨ। ਜਦੋਂ ਉਹ ਕਿਸੇ ਵਿਸ਼ੇਸ਼ ਪੱਖ ਤੋਂ ਚੰਗੇ ਮੁੰਡੇ ਬਾਰੇ ਪੜ੍ਹਦਾ ਤਾਂ ਤੁਰੰਤ ਪੰਨੇ ਪਲਟਦਾ ਹੋਇਆ ਆਖ਼ਰ ਵਿੱਚ ਪਹੁੰਚ ਜਾਂਦਾ ਤਾਂ ਕਿ ਇਹ ਜਾਣ ਸਕੇ ਕਿ ਉਸ ਮੁੰਡੇ ਨਾਲ਼ ਅੰਤ ਵਿੱਚ ਕੀ ਹੋਇਆ, ਕਿਉਂਕਿ ਉਹ ਕਿਸੇ ਵੀ ਤਰ੍ਹਾਂ ਉਹਨੂੰ ਮਿਲ਼ਣਾ ਚਾਹੁੰਦਾ ਸੀ; ਪਰ ਇਸਦਾ ਕੋਈ ਫਾਇਦਾ ਨਹੀਂ ਸੀ ਹੁੰਦਾ; ਕਿਉਂਕਿ ਚੰਗੇ ਨਿੱਕੇ ਮੁੰਡੇ ਹਮੇਸ਼ਾ ਆਖ਼ਰੀ ਪਾਠ ਵਿੱਚ ਮਰ ਜਾਂਦੇ ਸਨ ਅਤੇ ਅੰਤਮ ਸਸਕਾਰ ਦਾ ਇੱਕ ਦ੍ਰਿਸ਼ ਹੁੰਦਾ ਸੀ ਜਿਸ ਵਿੱਚ ਉਸਦੇ ਸਾਰੇ ਰਿਸ਼ਤੇਦਾਰ ਹੁੰਦੇ ਸਨ ਅਤੇ ਕਾਫ਼ੀ ਛੋਟੀਆਂ ਪਤਲੂਨਾਂ ਅਤੇ ਕਾਫ਼ੀ ਵੱਡੀਆਂ ਟੋਪੀਆਂ ਵਿੱਚ ਐਤਵਾਰੀ ਸਕੂਲ ਦੇ ਬੱਚੇ ਉੱਥੇ ਮੌਜੂਦ ਹੁੰਦੇ ਸਨ ਅਤੇ ਹਰ ਕੋਈ ਡੇਢ ਗਜ਼ ਲੰਮੇ ਰੁਮਾਲ ਚਿਹਰੇ ‘ਤੇ ਲਾਈ ਰੋ ਰਿਹਾ ਹੁੰਦਾ ਸੀ। ਉਹ ਹਮੇਸ਼ਾ ਇਸੇ ਨਤੀਜੇ ‘ਤੇ ਪਹੁੰਚਦਾ ਸੀ। ਉਹ ਕਦੇ ਅਜਿਹੇ ਚੰਗੇ ਮੁੰਡਿਆਂ ਨੂੰ ਨਹੀਂ ਦੇਖ ਸਕਿਆ ਕਿਉਂਕਿ ਉਹ ਹਮੇਸ਼ਾ ਆਖ਼ਰੀ ਪਾਠ ਵਿੱਚ ਮਰ ਜਾਂਦੇ ਸਨ।
ਜੈਕਬ ਦੀ ਇਹ ਨੇਕ ਅਕਾਂਖਿਆ ਸੀ ਕਿ ਉਹ ਵੀ ਐਤਵਾਰੀ ਸਕੂਲ ਦੀਆਂ ਕਿਤਾਬਾਂ ਵਿੱਚ ਦਰਜ ਹੋ ਜਾਵੇ। ਉਹ ਇਹਨਾਂ ਵਿੱਚ ਅਜਿਹੀਆਂ ਤਸਵੀਰਾਂ ਨਾਲ਼ ਚਿਤਰਿਆ ਜਾਣਾ ਲੋਚਦਾ ਸੀ ਜਿਨ੍ਹਾਂ ਵਿੱਚ ਉਸਨੂੰ ਗੌਰਵਸ਼ਾਲੀ ਢੰਗ ਨਾਲ਼ ਆਪਣੀ ਮਾਂ ਤੋਂ ਝੂਠ ਬੋਲਣ ਤੋਂ ਨਾਂਹ ਕਰਦੇ ਹੋਏ ਅਤੇ ਉਸਦੀ ਮਾਂ ਨੂੰ ਇਸ ਗੱਲ ‘ਤੇ ਖੁਸ਼ੀ ਨਾਲ਼ ਰੋਂਦੇ ਹੋਏ ਵਿਖਾਇਆ ਗਿਆ ਹੈ। ਇਸ ਵਿੱਚ ਅਜਿਹੇ ਚਿੱਤਰ ਹੋਣਗੇ ਜੋ ਉਸਨੂੰ ਦਰਵਾਜ਼ੇ ‘ਤੇ ਖੜ੍ਹੀ ਛੇ ਬੱਚਿਆਂ ਵਾਲ਼ੀ ਇੱਕ ਗ਼ਰੀਬ ਭਿਖਾਰਨ ਨੂੰ ਇੱਕ ਟਕਾ ਦਿੰਦੇ ਹੋਏ, ਉਸਨੂੰ ਅਜ਼ਾਦੀ ਨਾਲ਼ ਖ਼ਰਚਣ ਕਰਨ ਦੀ, ਪਰ ਫਜੂਲ ਖ਼ਰਚ ਨਾ ਕਰਨ ਦੀ ਨਸੀਹਤ ਦਿੰਦੇ ਹੋਏ ਦਿਖਾਇਆ ਗਿਆ ਹੈ, ਕਿਉਂਕਿ ਫਜੂਲ ਖ਼ਰਚ ਪਾਪ ਹੁੰਦਾ ਹੈ। ਅਜਿਹੇ ਚਿੱਤਰ ਵੀ ਹੋਣਗੇ ਜੋ ਉਸਨੂੰ ਉਦਾਰਤਾ ਕਾਰਨ ਉਸ ਬੁਰੇ ਮੁੰਡੇ ਦੀ ਸ਼ਿਕਾਇਤ ਕਰਨ ਤੋਂ ਨਾਂਹ ਕਰਦੇ ਹੋਏ ਦਿਖਾਉਣਗੇ ਜੋ ਹਮੇਸ਼ ਸਕੂਲ ਤੋਂ ਮੁੜਨ ਵੇਲ਼ੇ ਇੱਕ ਕੋਨੇ ਵਿੱਚ ਉਹਦੀ ਉਡੀਕ ਕਰਦਾ ਰਹਿੰਦਾ ਹੈ ਅਤੇ ਜੋ ਇੱਕ ਫੱਟੀ ਨਾਲ਼ ਉਹਦੇ ਸਿਰ ‘ਤੇ ਸੱਟ ਮਾਰਦਾ ਹੈ ਅਤੇ ਫਿਰ ਘਰ ਤੱਕ ”ਹੀ! ਹੀ!” ਕਰਦੇ ਹੋਏ ਉਹਦਾ ਪਿੱਛਾ ਕਰਦਾ ਹੈ। ਇਹ ਸੀ ਜੈਕਬ ਬਿਲਵੈਂਸ ਦੀ ਚਾਹਤ। ਉਹ ਐਤਵਾਰੀ ਸਕੂਲ ਦੀ ਕਿਤਾਬ ਵਿੱਚ ਦਰਜ ਹੋਣਾ ਚਾਹੁੰਦਾ ਸੀ। ਇਸ ਗੱਲ ਕਾਰਨ ਕਦੇ-ਕਦੇ ਉਸ ਨੂੰ ਦਿੱਕਤ ਮਹਿਸੂਸ ਹੁੰਦੀ ਸੀ ਕਿ ਨਿੱਕੇ ਚੰਗੇ ਮੁੰਡੇ ਹਮੇਸ਼ਾ ਮਰ ਜਾਂਦੇ ਹਨ। ਉਸਨੂੰ ਜਿਉਣ ਨਾਲ਼ ਪਿਆਰ ਸੀ ਅਤੇ ਤੁਸੀਂ ਸਮਝ ਹੀ ਸਕਦੇ ਹੋ ਕਿ ਐਤਵਾਰੀ ਸਕੂਲ ਦੀ ਕਿਤਾਬ ਦਾ ਚੰਗਾ ਮੁੰਡਾ ਹੋਣ ਦਾ ਸਭ ਤੋਂ ਪ੍ਰਮੁੱਖ ਪੱਖ ਇਹੋ ਸੀ। ਉਹ ਜਾਣਦਾ ਸੀ ਕਿ ਇੰਨਾ ਚੰਗਾ ਹੋਣਾ ਸਿਹਤ ਲਈ ਚੰਗਾ ਨਹੀਂ ਸੀ। ਉਹ ਜਾਣਦਾ ਸੀ ਕਿ ਕਿਤਾਬਾਂ ਵਿੱਚ ਚਿਤਰੇ ਮੁੰਡੇ ਦੀ ਹੱਦ ਤੱਕ ਦੈਵੀ ਰੂਪ ਵਿੱਚ ਚੰਗਾ ਹੋਣਾ ਤਪਦਿਕ ਨਾਲ਼ੋਂ ਵੀ ਜ਼ਿਆਦਾ ਖ਼ਤਰਨਾਕ ਸੀ। ਉਹ ਜਾਣਦਾ ਸੀ ਕਿ ਉਹਨਾਂ ਵਿੱਚੋਂ ਕੋਈ ਵੀ ਬਹੁਤ ਦਿਨਾਂ ਤੱਕ ਟਿਕ ਨਹੀਂ ਸਕਿਆ ਸੀ ਅਤੇ ਇਹ ਸੋਚਕੇ ਉਸਨੂੰ ਕਾਫ਼ੀ ਤਕਲੀਫ਼ ਹੁੰਦੀ ਸੀ ਕਿ ਜੇ ਲੋਕਾਂ ਨੇ ਉਸਨੂੰ ਐਤਵਾਰੀ ਸਕੂਲ ਦੀ ਕਿਤਾਬ ਵਿੱਚ ਦਰਜ ਵੀ ਕੀਤਾ ਤਾਂ ਉਹ ਉਸਨੂੰ ਕਦੇ ਦੇਖ ਨਹੀਂ ਸਕੇਗਾ, ਜਾਂ ਜੇ ਉਹ ਕਿਤਾਬ ਉਸਦੇ ਮਰਨ ਤੋਂ ਪਹਿਲਾਂ ਛਪ ਵੀ ਜਾਵੇ ਤਾਂ ਅੰਤ ਵਿੱਚ ਅਧਿਆਪਕਾਂ ਦੇ ਅੰਤਮ ਸਸਕਾਰ ਵਾਲ਼ੇ ਦ੍ਰਿਸ਼ ਤੋਂ ਬਿਨਾਂ ਉਹ ਇੰਨੀ ਹਰਮਨ ਪਿਆਰੀ ਨਹੀਂ ਹੋ ਸਕਦੀ। ਜੇ ਉਸ ਐਤਵਾਰੀ ਸਕੂਲ ਦੀ ਕਿਤਾਬ ਵਿੱਚ ਲੋਕਾਂ ਨੂੰ ਉਸ ਵੱਲੋਂ ਮਰਦੇ ਸਮੇਂ ਦਿੱਤੀ ਗਈ ਸਲਾਹ ਨਹੀਂ ਹੁੰਦੀ ਤਾਂ ਉਹ ਐਤਵਾਰੀ ਸਕੂਲ ਦੀ ਕਿਤਾਬ ਕਿਵੇਂ ਕਹਾਵੇਗੀ? ਇਸ ਲਈ ਅੰਤ ਨੂੰ ਜ਼ਾਹਿਰ ਹੈ ਕਿ ਉਸਨੇ ਇਹੋ ਮਨ ਬਣਾਇਆ ਕਿ ਮੌਜੂਦਾ ਹਾਲਤਾਂ ਵਿੱਚ ਜੋ ਉਸਦਾ ਵੱਸ ਚੱਲੇਗਾ ਉਹ ਕਰੇਗਾ — ਉਹ ਸਹੀ ਤਰੀਕੇ ਨਾਲ਼ ਜਿਉਂਵੇਗਾ ਅਤੇ ਦ੍ਰਿੜਤਾ ਨਾਲ਼ ਜਦੋਂ ਤੱਕ ਕਰ ਸਕੇਗਾ, ਅਜਿਹਾ ਹੀ ਕਰਦਾ ਰਹੇਗਾ ਅਤੇ ਆਪਣਾ ਸਮਾਂ ਆਉਣ ਤੋਂ ਪਹਿਲਾਂ ਹੀ ਆਪਣੇ ਮਰਦੇ ਸਮੇਂ ਵਾਲ਼ਾ ਭਾਸ਼ਣ ਤਿਆਰ ਰੱਖੇਗਾ।
ਪਰ ਪਤਾ ਨਹੀਂ ਕਿਵੇਂ ਇਸ ਚੰਗੇ ਮੁੰਡੇ ਨਾਲ਼ ਕੁੱਝ ਵੀ ਸਹੀ ਨਹੀਂ ਹੁੰਦਾ ਸੀ। ਉਸਦੇ ਨਾਲ਼ ਕਦੇ ਵੀ ਉਵੇਂ ਨਹੀਂ ਹੁੰਦਾ ਸੀ ਜਿਵੇਂ ਕਿ ਕਿਤਾਬ ਵਾਲ਼ੇ ਨਿੱਕੇ ਮੁੰਡਿਆਂ ਨਾਲ਼ ਹੁੰਦਾ ਸੀ। ਉਹਨਾਂ ਦਾ ਵਕਤ ਹਮੇਸ਼ਾ ਚੰਗਾ ਗੁਜ਼ਰਦਾ ਸੀ, ਜਦਕਿ ਬੁਰੇ ਮੁੰਡੇ ਆਪਣੀਆਂ ਲੱਤਾਂ ਤੁੜਵਾ ਬਹਿੰਦੇ ਸਨ;’ਪਰ ਇਸ ਮਾਮਲੇ ਵਿੱਚ ਕਿਤੇ ਕੋਈ ਪੇਚ ਢਿੱਲਾ ਸੀ। ਸਭ ਕੁੱਝ ਬਿਲਕੁਲ ਉਲ਼ਟਾ ਹੁੰਦਾ ਸੀ। ਜਦੋਂ ਉਸਨੇ ਜਿਮ ਬਲੈਕ ਨੂੰ ਸੇਬ ਚੋਰੀ ਕਰਦੇ ਵੇਖਿਆ ਤਾਂ ਉਹ ਉਸਨੂੰ ਉਸ ਬੁਰੇ ਮੁੰਡੇ ਬਾਰੇ ਪੜ੍ਹ ਕੇ ਸੁਣਾਉਣ ਲਈ ਰੁੱਖ ਹੇਠਾਂ ਗਿਆ ਜੋ ਗੁਆਂਢੀ ਦੇ ਸੇਬ ਦੇ ਰੁੱਖ ਤੋਂ ਡਿੱਗ ਕੇ ਆਪਣੀ ਬਾਂਹ ਤੁੜਵਾ ਬੈਠਾ ਸੀ। ਜਿਮ ਵੀ ਦਰੱਖ਼ਤ ਤੋਂ ਡਿੱਗ ਪਿਆ ਪਰ ਉਹ ਜੈਕਬ ਉੱਪਰ ਹੀ ਡਿੱਗ ਪਿਆ ਅਤੇ ਜੈਕਬ ਦੀ ਬਾਂਹ ਟੁੱਟ ਗਈ, ਜਦੋਂ ਕਿ ਜਿਮ ਦਾ ਵਾਲ਼ ਵੀ ਵਿੰਗਾ ਨਹੀਂ ਹੋਇਆ। ਜੈਕਬ ਕੁੱਝ ਸਮਝ ਨਾ ਸਕਿਆ। ਕਿਤਾਬਾਂ ਵਿੱਚ ਤਾਂ ਅਜਿਹਾ ਕੁੱਝ ਵੀ ਨਹੀਂ ਸੀ।
ਅਤੇ ਇੱਕ ਵਾਰ ਜਦੋਂ ਕੁੱਝ ਬੁਰੇ ਮੁੰਡਿਆਂ ਨੇ ਇੱਕ ਅੰਨ੍ਹੇ ਨੂੰ ਧੱਕਾ ਦੇ ਕੇ ਚਿੱਕੜ ਵਿੱਚ ਡੇਗ ਦਿੱਤਾ ਤਾਂ ਜੈਕਬ ਉਸਦੀ ਮਦਦ ਕਰਨ ਅਤੇ ਉਸਦੀਆਂ ਦੁਆਵਾਂ ਲੈਣ ਲਈ ਭੱਜਿਆ, ਪਰ ਉਸ ਅੰਨ੍ਹੇ ਨੇ ਉਸਨੂੰ ਕੋਈ ਦੁਆ ਨਹੀਂ ਦਿੱਤੀ, ਸਗੋਂ ਉਸਦੇ ਸਿਰ ‘ਤੇ ਸੋਟੀ ਮਾਰੀ ਅਤੇ ਕਿਹਾ ਕਿ ਅਗਲੀ ਵਾਰ ਉਹ ਉਸਨੂੰ ਧੱਕਾ ਦੇ ਕੇ ਡੇਗਣ ਅਤੇ ਫਿਰ ਮਦਦ ਕਰਨ ਦਾ ਨਾਟਕ ਕਰਨ ਤੋਂ ਪਹਿਲਾਂ ਫੜਨਾ ਚਾਹੇਗਾ। ਇਹ ਵੀ ਕਿਤਾਬਾਂ ਮੁਤਾਬਕ ਨਹੀਂ ਹੋਇਆ। ਜੈਕਬ ਨੇ ਇੱਕ ਅਜਿਹੀ ਘਟਨਾ ਲੱਭਣ ਲਈ ਉਹਨਾਂ ਨੂੰ ਸ਼ੁਰੂ ਤੋਂ ਅੰਤ ਤੱਕ ਫਰੋਲ਼ ਸੁੱਟਿਆ।
ਇੱਕ ਚੀਜ਼ ਜੋ ਜੈਕਬ ਕਰਨਾ ਚਾਹੁੰਦਾ ਸੀ ਉਹ ਸੀ ਕਿਸੇ ਅਜਿਹੇ ਲੰਗੜੇ ਕੁੱਤੇ ਨੂੰ ਲੱਭਣਾ ਜਿਸ ਕੋਲ਼ ਕੋਈ ਠਿਕਾਣਾ ਨਾ ਹੋਵੇ, ਜੋ ਭੁੱਖਾ ਤੇ ਤੰਗ ਕੀਤਾ ਗਿਆ ਹੋਵੇ ਅਤੇ ਉਹ ਉਸਨੂੰ ਘਰੇ ਲਿਆ ਕੇ ਪਾਲਣਾ ਚਾਹੁੰਦਾ ਸੀ। ਆਖ਼ਰ ਉਸਨੂੰ ਅਜਿਹਾ ਇੱਕ ਕੁੱਤਾ ਮਿਲ਼ ਹੀ ਗਿਆ। ਉਹ ਕਾਫ਼ੀ ਖੁਸ਼ ਸੀ। ਉਹ ਉਸਨੂੰ ਘਰੇ ਲੈ ਆਇਆ, ਉਸਨੂੰ ਖਾਣਾ ਖਵਾਇਆ ਪਰ ਜਦੋਂ ਉਹ ਉਸਨੂੰ ਪਾਲਤੂ ਬਣਾਉਣ ਲੱਗਿਆ ਤਾਂ ਉਹ ਉਸ ‘ਤੇ ਝਪਟ ਪਿਆ ਅਤੇ ਉਸਦੇ ਸਾਹਮਣੇ ਵਾਲ਼ੇ ਕੱਪਿੜਆਂ ਨੂੰ ਛੱਡ ਕੇ ਬਾਕੀ ਸਾਰੇ ਕੱਪੜੇ ਪਾੜ ਦਿੱਤੇ ਅਤੇ ਉਸਦਾ ਅਜਿਹਾ ਹਾਲ ਕਰ ਦਿੱਤਾ ਜੋ ਸਭ ਲਈ ਮਨੋਰੰਜਕ ਨਜ਼ਾਰਾ ਬਣ ਗਿਆ। ਉਸਨੇ ਦੁਬਾਰਾ ਕਿਤਾਬ ਦੇ ਲੇਖਕਾਂ ਦੀ ਜਾਂਚ ਕੀਤੀ, ਪਰ ਮਾਮਲਾ ਸਮਝ ਨਾ ਸਕਿਆ। ਉਹ ਉਸੇ ਨਸਲ ਦਾ ਕੁੱਤਾ ਸੀ ਜਿਸ ਬਾਰੇ ਕਿਤਾਬਾਂ ਵਿੱਚ ਦੱਸਿਆ ਗਿਆ ਸੀ, ਪਰ ਉਸਨੇ ਬੜੇ ਵੱਖਰੇ ਤਰੀਕੇ ਨਾਲ਼ ਵਿਹਾਰ ਕੀਤਾ। ਇਹ ਮੁੰਡਾ ਕੁੱਝ ਵੀ ਕਰਦਾ ਸੀ ਤਾਂ ਮੁਸੀਬਤ ਵਿੱਚ ਫਸ ਜਾਂਦਾ ਸੀ। ਉਹ ਚੀਜਾਂ ਜਿਨ੍ਹਾਂ ਲਈ ਕਿਤਾਬ ਵਾਲ਼ੇ ਮੁੰਡਿਆਂ ਨੂੰ ਇਨਾਮ ਮਿਲ਼ਦਾ ਸੀ, ਉਸ ਲਈ ਨੁਕਸਾਨਦੇਹ ਬਣ ਜਾਂਦੀਆਂ ਸਨ।
ਇੱਕ ਵਾਰ ਉਹ ਐਤਵਾਰੀ ਸਕੂਲ ਜਾ ਰਿਹਾ ਸੀ, ਉਸਦੇ ਵੇਖਿਆ ਕਿ ਕੁੱਝ ਬੁਰੇ ਮੁੰਡੇ ਇੱਕ ਕਿਸ਼ਤੀ ਵਿੱਚ ਸਵਾਰੀ ਦਾ ਮਜ਼ਾ ਲੈਣ ਦੀ ਤਿਆਰੀ ਕਰ ਰਹੇ ਹਨ। ਉਹ ਦਹਿਸ਼ਤ ਨਾਲ਼ ਭਰ ਗਿਆ, ਕਿਉਂਕਿ ਆਪਣੇ ਅਧਿਐਨ ਤੋਂ ਉਹ ਜਾਣਦਾ ਸੀ ਕਿ ਐਤਵਾਰ ਦੇ ਦਿਨ ਨਦੀ ਦੀ ਸੈਰ ਕਰਨ ਵਾਲ਼ੇ ਸਾਰੇ ਮੁੰਡੇ ਬਿਨਾਂ ਕਿਸੇ ਛੋਟ ਦੇ ਡੁੱਬ ਜਾਂਦੇ ਹਨ। ਇਸ ਲਈ ਉਹ ਇੱਕ ਲੱਕੜੀ ਦੇ ਬੇੜੇ ਉੱਤੋਂ ਉਹਨਾਂ ਨੂੰ ਚਿਤਾਵਨੀ ਦੇਣ ਲਈ ਭੱਜਿਆ ਪਰ ਇੱਕ ਡਾਂਗ ਉਸ ਨਾਲ਼ ਮੁੜੀ ਤੇ ਉਹ ਨਦੀ ਵਿੱਚ ਡਿਗ ਪਿਆ। ਇੱਕ ਆਦਮੀ ਨੇ ਕਾਫ਼ੀ ਜਲਦੀ ਆ ਕੇ ਉਸਨੂੰ ਬਾਹਰ ਕੱਢਿਆ ਅਤੇ ਡਾਕਟਰ ਨੇ ਉਸਦਾ ਪਾਣੀ ਬਾਹਰ ਕੱਢ ਕੇ ਉਸਦੇ ਫੇਫੜਿਆਂ ਵਿੱਚ ਨਵੀਂ ਜਾਨ ਭਰੀ, ਪਰ ਉਸਨੂੰ ਠੰਡ ਲੱਗ ਗਈ ਅਤੇ ਉਹ ਨੌਂ ਹਫ਼ਤੇ ਤੱਕ ਬਿਸਤਰੇ ‘ਤੇ ਬਿਮਾਰ ਪਿਆ ਰਿਹਾ। ਪਰ ਸਭ ਤੋਂ ਬੇਤੁਕੀ ਗੱਲ ਇਹ ਸੀ ਕਿ ਕਿਸ਼ਤੀ ਵਾਲ਼ੇ ਸਾਰੇ ਬੁਰੇ ਮੁੰਡਿਆਂ ਨੇ ਸਾਰੇ ਦਿਨ ਮੌਜ ਕੀਤੀ ਅਤੇ ਫੇਰ ਹੈਰਾਨਕੁੰਨ ਢੰਗ ਨਾਲ਼ ਜਿਉਂਦੇ ਤੇ ਸਿਹਤਮੰਦ ਘਰ ਪਹੁੰਚ ਗਏ। ਜੈਕਬ ਬਿਲਵੈਂਸ ਨੇ ਕਿਹਾ ਕਿ ਅਜਿਹੀ ਕੋਈ ਚੀਜ਼ ਤਾਂ ਕਿਤਾਬਾਂ ਵਿੱਚ ਨਹੀਂ ਹੈ। ਉਹ ਬਿਲਕੁਲ ਹੈਰਾਨ ਸੀ।
ਜਦੋਂ ਉਹ ਠੀਕ ਹੋਇਆ ਤਾਂ ਉਹ ਥੋੜ੍ਹਾ ਨਿਰਾਸ਼ ਸੀ, ਪਰ ਫਿਰ ਵੀ ਉਸ ਨੇ ਕਿਸੇ ਵੀ ਤਰ੍ਹਾਂ ਕੋਸ਼ਿਸ਼ ਜਾਰੀ ਰੱਖਣ ਦਾ ਸੰਕਲਪ ਲਿਆ। ਉਹ ਜਾਣਦਾ ਸੀ ਕਿ ਹੁਣ ਤੱਕ ਉਸਦਾ ਜੋ ਤਜ਼ਰਬਾ ਰਿਹਾ ਹੈ ਉਹ ਐਤਵਾਰੀ ਸਕੂਲ ਦੀ ਕਿਤਾਬ ਵਿੱਚ ਦਰਜ ਹੋਣ ਯੋਗ ਨਹੀਂ ਹੈ, ਪਰ ਹਾਲੇ ਉਹ ਚੰਗੇ ਛੋਟੇ ਮੁੰਡਿਆਂ ਨੂੰ ਮਿਲ਼ੀ ਉਮਰ ਦੇ ਅੰਤ ਤੱਕ ਨਹੀਂ ਪਹੁੰਚਿਆ ਹੈ ਅਤੇ ਉਸਨੇ ਉਮੀਦ ਕੀਤੀ ਕਿ ਉਹ ਜੇ ਆਪਣਾ ਸਮਾਂ ਆਉਣ ਤੱਕ ਡਟਿਆ ਰਹਿੰਦਾ ਹੈ ਤਾਂ ਸ਼ਾਇਦ ਉਹ ਕੋਈ ਦਰਜ ਹੋਣ ਯੋਗ ਕੰਮ ਕਰ ਲਵੇ। ਜੇ ਹਰ ਚੀਜ਼ ਅਸਫ਼ਲ ਹੋ ਜਾਂਦੀ ਹੈ ਤਾਂ ਅੰਤ ਵਿੱਚ ਉਹ ਆਪਣੇ ਮੌਤ ਵੇਲ਼ੇ ਦੇ ਭਾਸ਼ਣ ਦੀ ਸ਼ਰਨ ਵਿੱਚ ਜਾਵੇਗਾ।
ਉਸਨੇ ਕਿਤਾਬਾਂ ਨੂੰ ਜਾਂਚਿਆ ਅਤੇ ਜਾਣਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਇੱਕ ਕੈਬਿਨ ਬੁਆਏ ਦੇ ਰੂਪ ਵਿੱਚ ਸਮੁੰਦਰੀ ਜਹਾਜ਼ ‘ਤੇ ਜਾਵੇ। ਉਹ ਇੱਕ ਜਹਾਜ਼ ਦੇ ਕਪਤਾਨ ਨੂੰ ਮਿਲ਼ਿਆ ਅਤੇ ਉਸਨੂੰ ਆਪਣੀ ਅਰਜ਼ੀ ਦਿੱਤੀ ਤੇ ਜਦੋਂ ਉਸ ਕਪਤਾਨ ਨੇ ਸਿਫ਼ਾਰਸ਼ ਲਈ ਪੁੱਛਿਆ ਤਾਂ ਉਸਨੇ ਮਾਣ ਨਾਲ਼ ਇੱਕ ਛੋਟੀ ਧਾਰਮਿਕ ਪੋਥੀ ਕੱਢੀ ਅਤੇ ਇਹਨਾਂ ਸ਼ਬਦਾਂ ਵੱਲ ਇਸ਼ਾਰਾ ਕੀਤਾ, ”ਜੈਕਬ ਬਿਲਵੈਂਸ ਲਈ, ਉਸਦੇ ਪਿਆਰੇ ਅਧਿਆਪਕ ਵੱਲੋਂ।” ਪਰ ਕਪਤਾਨ ਇੱਕ ਗੰਵਾਰ, ਭੱਦਾ ਆਦਮੀ ਸੀ ਅਤੇ ਉਸਨੇ ਕਿਹਾ, ”ਉਹ, ਇਹ ਕੀ ਬਕਵਾਸ ਹੈ! ਇਹ ਤਾਂ ਕੋਈ ਸਬੂਤ ਨਹੀਂ ਹੋਇਆ ਕਿ ਤੂੰ ਬਰਤਨ ਧੋ ਸਕਦਾ ਹੈਂ ਜਾਂ ਚਿੱਕੜ ਨਾਲ਼ ਭਰੀ ਬਾਲਟੀ ਚੱਕ ਸਕਦਾ ਹੈਂ ਤੇ ਮੇਰੇ ਖ਼ਿਆਲ ਵਿੱਚ ਮੈਨੂੰ ਤੇਰੀ ਕੋਈ ਲੋੜ ਨਹੀਂ।” ਇਹ ਜੈਕਬ ਦੇ ਜੀਵਨ ਵਿੱਚ ਹੋਈਆਂ ਸਭ ਤੋਂ ਅਜੀਬ ਘਟਨਾਵਾਂ ਵਿੱਚੋਂ ਇੱਕ ਸੀ। ਕਿਸੇ ਛੋਟੀ ਧਾਰਮਿਕ ਪੋਥੀ ਉੱਤੇ ਕਿਸੇ ਅਧਿਆਪਕ ਵੱਲੋਂ ਲਿਖੀ ਪ੍ਰਸ਼ੰਸਾ ਕਦੇ ਵੀ ਜਹਾਜ਼ ਦੇ ਕਪਤਾਨਾਂ ਦੀਆਂ ਕੋਮਲ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਵਿੱਚ ਅਸਫ਼ਲ ਨਹੀਂ ਹੁੰਦੀ ਸੀ ਅਤੇ ਉਹ ਸਾਰੇ ਇੱਜਤਦਾਰ ਅਤੇ ਫਾਇਦੇਮੰਦ ਦਫ਼ਤਰਾਂ ਦੇ ਦਰਵਾਜ਼ੇ ਖੋਲ੍ਹ ਦਿੰਦੀ ਸੀ — ਉਸ ਵੱਲੋਂ ਪੜ੍ਹੀ ਗਈ ਕਿਸੇ ਵੀ ਕਿਤਾਬ ਵਿੱਚ ਅਜਿਹੀ ਘਟਨਾ ਨਹੀਂ ਸੀ। ਉਸਨੂੰ ਬੜੀ ਮੁਸ਼ਕਲ ਨਾਲ਼ ਆਪਣੀਆਂ ਅੱਖਾਂ ‘ਤੇ ਯਕੀਨ ਹੋਇਆ।
ਇਸ ਮੁੰਡੇ ਨਾਲ਼ ਇਸ ਮਾਮਲੇ ਵਿੱਚ ਹਮੇਸ਼ਾ ਬੜੀ ਉਲ਼ਝਣ ਹੁੰਦੀ ਸੀ। ਉਸ ਲਈ ਕਦੇ ਵੀ ਕੁੱਝ ਵੀ ਉਹਨਾਂ ਕਿਤਾਬਾਂ ਮੁਤਾਬਕ ਨਹੀਂ ਹੁੰਦਾ ਸੀ। ਆਖ਼ਰ, ਇੱਕ ਦਿਨ ਜਦੋਂ ਉਹ ਚਿਤਾਵਨੀ ਦੇਣ ਲਈ ਬੁਰੇ ਮੁੰਡਿਆਂ ਦੀ ਖੋਜ ਵਿੱਚ ਨਿੱਕਲ਼ਿਆ ਹੋਇਆ ਸੀ ਤਾਂ ਉਸਨੂੰ ਇੱਕ ਪੁਰਾਣੇ ਲੋਹੇ ਦੇ ਢਲ਼ਾਈਖਾਨੇ ਵਿੱਚ ਕਾਫ਼ੀ ਗਿਣਤੀ ਵਿੱਚ ਅਜਿਹੇ ਮੁੰਡੇ ਮਿਲ਼ੇ ਜੋ ਚੌਦਾਂ-ਪੰਦਰਾਂ ਕੁੱਤਿਆਂ ਨਾਲ਼ ਇੱਕ ਮਜ਼ਾਕ ਕਰ ਰਹੇ ਸਨ ਜਿਨ੍ਹਾਂ ਨੂੰ ਉਹਨਾਂ ਮੁੰਡਿਆਂ ਨੇ ਇੱਕ ਲੰਬੀ ਕਤਾਰ ਵਿੱਚ ਬੰਨਿਆ ਹੋਇਆ ਸੀ। ਉਹ ਉਹਨਾਂ ਨੂੰ ਨਾਈਟ੍ਰੋ ਗਲਿਸਰੀਨ ਦੇ ਡੱਬਿਆਂ ਨਾਲ਼ ਸਜਾਉਣ ਜਾ ਰਹੇ ਸਨ। ਉਸਨੇ ਸਭ ਤੋਂ ਅਗਲੇ ਕੁੱਤੇ ਨੂੰ ਗਰਦਨ ਤੋਂ ਫੜਿਆਂ ਅਤੇ ਆਪਣੀ ਲਾਹਣਤ ਭਰੀ ਨਜ਼ਰ ਬਦਮਾਸ਼ ਮੁੰਡੇ ਟਾਮ ਜੋਨਸ ‘ਤੇ ਮਾਰੀ। ਪਰ ਉਸੇ ਸਮੇਂ ਸ਼ਹਿਰ ਦੇ ਇੱਕ ਬਜ਼ੁਰਗ ਮੈਕਵੈਲਟਰ ਉੱਥੇ ਆ ਪਹੁੰਚੇ ਜੋ ਗੁੱਸੇ ਨਾਲ਼ ਭਰੇ ਹੋਏ ਸਨ। ਸਾਰੇ ਬੁਰੇ ਮੁੰਡੇ ਭੱਜ ਗਏ ਪਰ ਜੈਕਬ ਬਿਲਵੈਂਸ ਸੋਚੀ-ਸਮਝੀ ਮਾਸੂਮੀਅਤ ਨਾਲ਼ ਉੱਠਿਆ ਅਤੇ ਉਸਨੇ ਐਤਵਾਰੀ ਸਕੂਲ ਦੀਆਂ ਕਿਤਾਬਾਂ ਦੇ ਉਹਨਾਂ ਛੋਟੇ ਭਾਸ਼ਣਾਂ ਵਿੱਚੋਂ ਇੱਕ ਦੀ ਸ਼ੁਰੂਆਤ ਕੀਤੀ ਜੋ ਹਮੇਸ਼ਾ ”ਉਹ, ਸ਼੍ਰੀਮਾਨ!” ਨਾਲ਼ ਸ਼ੁਰੂ ਹੁੰਦੇ ਹਨ, ਭਾਵੇਂ ਕੋਈ ਵੀ ਮੁੰਡਾ, ਚਾਹੇ ਉਹ ਕਿੰਨਾ ਵੀ ਬੁਰਾ ਜਾਂ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ ਉਹ ਕਦੇ ਵੀ ”ਉਹ, ਸ਼੍ਰੀਮਾਨ!” ਤੋਂ ਬੋਲਣਾ ਸ਼ੁਰੂ ਨਹੀਂ ਕਰਦਾ। ਪਰ ਉਸ ਬਜ਼ੁਰਗ ਨੇ ਬਾਕੀ ਬਚਿਆ ਭਾਸ਼ਣ ਸੁਣਨ ਦੀ ਉਡੀਕ ਨਹੀਂ ਕੀਤੀ। ਉਸਨੇ ਜੈਕਬ ਬਿਲਵੈਂਸ ਨੂੰ ਕੰਨੋਂ ਫੜ ਕੇ ਘੁਮਾ ਦਿੱਤਾ ਅਤੇ ਉਸਦੇ ਪਿਛਵਾੜੇ ‘ਤੇ ਇੱਕ ਜ਼ੋਰਦਾਰ ਥੱਪੜ ਮਾਰਿਆ। ਉਦੋਂ ਹੀ ਉਹ ਚੰਗਾ ਨਿੱਕਾ ਮੁੰਡਾ ਗੋਲ਼ੀ ਵਾਂਗ ਨਿੱਕਲ਼ਿਆ ਅਤੇ ਛੱਤ ਪਾੜ ਕੇ ਸੂਰਜ ਵੱਲ ਉੱਡ ਚੱਲਿਆ ਅਤੇ ਉਸ ਪਿੱਛੇ ਉਹਨਾਂ ਪੰਦਰਾਂ ਕੁੱਤਿਆਂ ਦੇ ਟੁਕੜੇ ਕਿਸੇ ਪਤੰਗ ਦੀ ਪੂੰਛ ਵਾਂਗ ਲਹਿਰਾਉਂਦੇ ਨਿੱਕਲ਼ ਗਏ ਤੇ ਉਸ ਬਜ਼ੁਰਗ ਤੇ ਢਲ਼ਾਈਖਾਨੇ ਦਾ ਕੋਈ ਨਾਮੋ-ਨਿਸ਼ਾਨ ਧਰਤੀ ‘ਤੇ ਨਾ ਬਚਿਆ। ਜਿੱਥੋਂ ਤੱਕ ਛੋਟੇ ਬਿਲਵੈਂਸ ਦਾ ਸਵਾਲ ਹੈ ਤਾਂ ਆਪਣੀਆਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਸਨੂੰ ਉਸ ਸਮੇਂ ਤੱਕ ਮਰਨ ਸਮੇਂ ਵਾਲ਼ਾ ਭਾਸ਼ਣ ਦੇਣ ਦਾ ਮੌਕਾ ਨਹੀਂ ਮਿਲ਼ਿਆ ਜਦੋਂ ਤੱਕ ਕਿ ਉਸਨੇ ਪੰਛੀਆਂ ਨੂੰ ਇਹ ਭਾਸ਼ਣ ਨਹੀਂ ਦਿੱਤਾ। ਕਿਉਂਕਿ, ਭਾਵੇਂ ਉਸਦਾ ਜ਼ਿਆਦਾ ਹਿੱਸਾ ਤਾਂ ਠੀਕ-ਠਾਕ ਢੰਗ ਨਾਲ਼ ਇੱਕ ਨਾਲ਼ ਦੇ ਕਸਬੇ ਦੇ ਇੱਕ ਰੁੱਖ ਉੱਤੇ ਆ ਡਿੱਗਿਆ, ਪਰ ਉਸਦਾ ਬਾਕੀ ਹਿੱਸਾ ਚਾਰ ਕਸਬਿਆਂ ਦੇ ਆਲ਼ੇ-ਦੁਆਲ਼ੇ ਵੰਡਿਆ ਗਿਆ ਅਤੇ ਇਸ ਲਈ ਇਹ ਜਾਨਣ ਲਈ ਕਿ ਉਹ ਜਿਉਂਦਾ ਹੈ ਜਾਂ ਮਰ ਗਿਆ ਅਤੇ ਇਹ ਕਿਵੇਂ ਹੋਇਆ, ਉਹਨਾਂ ਪੰਜਾਂ ਦੀ ਜਾਂਚ ਕਰਨੀ ਪਈ। ਤੁਸੀਂ ਕਦੇ ਕਿਸੇ ਮੁੰਡੇ ਨੂੰ ਇੰਨਾ ਖਿੰਡਿਆ ਹੋਇਆ ਨਹੀਂ ਵੇਖਿਆ ਹੋਵੇਗਾ।
ਇਸ ਤਰ੍ਹਾਂ ਉਹ ਚੰਗਾ ਨਿੱਕਾ ਮੁੰਡਾ ਮਾਰਿਆ ਗਿਆ ਜਿਸਨੇ ਆਪਣੇ ਦਮ ‘ਤੇ ਹਰ ਚੀਜ਼ ਕੀਤੀ, ਪਰ ਕੁੱਝ ਵੀ ਕਿਤਾਬਾਂ ਮੁਤਾਬਕ ਨਹੀਂ ਹੋਇਆ। ਹਰ ਮੁੰਡਾ ਜਿਸਨੇ ਉਸ ਵਰਗੇ ਕੰਮ ਕੀਤੇ ਉਹ ਖੁਸ਼ਹਾਲ ਹੋਇਆ, ਬਸ ਉਹੀ ਨਹੀਂ ਹੋ ਸਕਿਆ। ਇਸ ਮੁੰਡੇ ਦਾ ਮਾਮਲਾ ਸੱਚੀਓਂ ਵਿਲੱਖਣ ਹੈ। ਸ਼ਾਇਦ ਇਸਦੀ ਤੁਕ ਕਦੇ ਕੋਈ ਨਹੀਂ ਸਮਝ ਸਕੇਗਾ।
(ਇਹ ਗਲਿਸਰੀਨ ਤਬਾਹੀ ਦਾ ਵੇਰਵਾ ਇੱਕ ਉੱਡਦੀ ਅਖ਼ਬਾਰੀ ਖ਼ਬਰ ਤੋਂ ਉਧਾਰਾ ਲਿਆ ਗਿਆ ਹੈ ਜਿਸਦੇ ਲੇਖਕ ਦਾ ਨਾਮ ਪਤਾ ਲੱਗਣ ‘ਤੇ ਮੈਂ ਤੁਹਾਨੂੰ ਦੱਸ ਦੇਵਾਂਗਾ। —ਮਾਰਕ ਟਵੇਨ)

Comment here