ਖਬਰਾਂਚਲੰਤ ਮਾਮਲੇਦੁਨੀਆ

ਇੰਗਲੈਂਡ ‘ਚ 10 ਸਾਲਾ ਬੱਚੀ ਦੇ ਕਾਤਲ ਪਾਕਿ ਪਿਓ ਦੀ ਭਾਲ ਸ਼ੁਰੂ

ਲੰਡਨ-ਇਥੋਂ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬ੍ਰਿਟਿਸ਼ ਪੁਲਸ ਨੇ ਸ਼ੁੱਕਰਵਾਰ ਨੂੰ ਦੱਖਣ-ਪੂਰਬੀ ਇੰਗਲੈਂਡ ਦੇ ਇਕ ਸ਼ਹਿਰ ਵਿਚ 10 ਸਾਲਾ ਬੱਚੀ ਦੇ ਕਤਲ ਦੀ ਜਾਂਚ ਵਿਚ ਅੰਤਰਰਾਸ਼ਟਰੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਘਟਨਾ ਨਾਲ ਜੁੜੇ ਲੋਕਾਂ ਵਿਚ ਬੱਚੀ ਦੇ ਪਾਕਿਸਤਾਨੀ ਪਿਤਾ, ਉਸ ਦੀ ਮਹਿਲਾ ਸਾਥੀ ਅਤੇ ਉਸ ਦੇ ਭਰਾ ਨੂੰ ਲੱਭ ਰਹੀ ਹੈ। ਬ੍ਰਿਟਿਸ਼ ਪੁਲਸ ਨੇ ਕਿਹਾ ਕਿ ਉਹ ਉਰਫਾਨ ਸ਼ਰੀਫ (41), ਬੇਨਾਸ਼ ਬਤੂਲ (29) ਅਤੇ ਫੈਜ਼ਲ ਸ਼ਹਿਜਾਦ ਮਲਿਕ (28) ਨਾਲ ਗੱਲ ਕਰਨਾ ਚਾਹੁੰਦੇ ਹਨ।
ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ 10 ਸਾਲਾ ਸਾਰਾ ਸ਼ਰੀਫ ਨਾਲ ਕੀ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਤਿੰਨਾਂ ਨੇ ਇਕ ਤੋਂ 13 ਸਾਲ ਦੀ ਉਮਰ ਦੇ 5 ਹੋਰ ਬੱਚਿਆਂ ਨਾਲ 9 ਅਗਸਤ ਨੂੰ ਇਸਲਾਮਾਬਾਦ ਦੀ ਯਾਤਰਾ ਕੀਤੀ ਸੀ। ਪੁਲਸ ਨੂੰ 10 ਅਗਸਤ ਨੂੰ 999 ‘ਤੇ ਐਮਰਜੈਂਸੀ ਫੋਨ ਦੇ ਬਾਅਦ ਇੰਗਲੈਂਡ ਦੇ ਸਰੀ ਦੇ ਵੋਕਿੰਗ ਵਿਚ ਇਕ ਰਿਹਾਇਸ਼ੀ ਪਤੇ ‘ਤੇ ਸਾਰਾ ਸ਼ਰੀਫ ਦੀ ਲਾਸ਼ ਮਿਲੀ ਸੀ। ਇਹ ਫੋਨ ਇਕ ਵਿਅਕਤੀ ਨੇ ਕੀਤਾ ਸੀ, ਜੋ ਖ਼ੁਦ ਨੂੰ ਬੱਚੀ ਦੀ ਪਿਤਾ ਦੱਸ ਰਿਹਾ ਸੀ ਅਤੇ ਪਾਕਿਸਤਾਨ ਵਿਚ ਸੀ।
ਸਰੀ ਪੁਲਸ ਅਤੇ ਸਸੇਕਸ ਪੁਲਸ ਦੀ ਮੇਜਰ ਕ੍ਰਾਈਮ ਟੀਮ ਦੇ ਸੁਪਰਡੈਂਟ ਮਾਰਕ ਚੈਪਮੈਨ ਨੇ ਦੱਸਿਆ ਕਿ ਉਹ ਤਿੰਨਾਂ ਸ਼ੱਕੀ ਅਪਰਾਧੀਆਂ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਸਾਰਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਗਿਆ ਪਰ ਇਸ ਦੌਰਾਨ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਾਂਚ ਟੀਮ ਨੇ ਦੱਸਿਆ ਕਿ ਸਰੀਰ ‘ਤੇ ਕਈ ਸੱਟਾਂ ਦੇ ਨਿਸ਼ਾਨ ਸਨ, ਜੋ ਵੱਖ-ਵੱਖ ਸਮੇਂ ‘ਤੇ ਲੱਗੀ ਸੀ। ਮੰਨਿਆ ਜਾਂਦਾ ਹੈ ਕਿ ਸਾਰਾ ਆਪਣੇ ਪਿਤਾ ਅਤੇ ਮਤਰੇਈ ਮਾਂ ਬਤੂਲ ਦੇ ਨਾਲ ਉਸ ਪਤੇ ‘ਤੇ ਰਹਿੰਦੀ ਸੀ ਜਿੱਥੇ ਉਸ ਦਾ ਕਤਲ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਉਸਦੀ ਆਪਣੀ ਮਾਂ ਨੂੰ ਇਸ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ।

Comment here