ਸਾਹਿਤਕ ਸੱਥ

“ਇਹ!” “ਓਹ!”

(ਕਸ਼ਮੀਰੀ ਲੋਕ ਕਥਾ)

ਵਾਹੀਵਾਨ ਨੂੰ ਜਦੋਂ ਮੌਸਮਾਂ ਕਰਕੇ ਜਾਂ ਹੋਰ ਕਿਸੇ ਵਜ੍ਹਾ ਆਪਣੀ ਜ਼ਮੀਨ ‘ਤੇ ਕੰਮ ਨਾ ਹੋਏ ਤਾਂ ਉਸ ਨੂੰ ਸ਼ਹਿਰ ਜਾਣਾ ਪੈਂਦਾ ਹੈ ਜਿੱਥੇ ਹੁਸ਼ਿਆਰ ਲੋਕ ਉਸਦੀ ਸਾਦਗੀ ਅਤੇ ਉਸ ਦੇ ਜੁਗਾੜ ਕਰ ਸਕਣ ਅਤੇ ਉਸ ਦੀ ਮਿਹਨਤ ਕਰਨ ਦੀ ਆਦਤ ਦਾ ਫ਼ਾਇਦਾ ਉਠਾਅ ਲੈਂਦੇ ਹਨ। ਉਸ ‘ਤੇ ਮਖੌਲ ਵੱਖਰੇ ਕੱਸਦੇ ਹਨ, ਕਈ ਵਾਰ ਉਸਦਾ ਮੌਜੂ ਉਡਾਂਦੇ ਹਨ। ਇਨ੍ਹਾਂ ਤਕਲੀਫ਼ਾਂ ਨੂੰ ਉਹ ਆਪਣੇ ਚੌੜੇ ਮੋਢਿਆਂ ਨਾਲ ਸਹਾਰ ਲੈਂਦਾ ਹੈ।
ਕਸ਼ਮੀਰ ਦੇ ਡਾਢੇ ਮੌਸਮ ਕਰਕੇ, ਇਥੋਂ ਦੇ ਵਾਹੀਵਾਨ ਨੂੰ ਸਾਲ ਦੇ ਕੋਈ ਪੰਜ ਮਹੀਨੇ ਬੇਰੋਜ਼ਗਾਰੀ ਦਾ ਮੂੰਹ ਦੇਖਣਾ ਪੈਂਦਾ ਹੈ। ਅਮੀਰ ਕਿਸਾਨ ਤਾਂ ਇਸ ਜ਼ਬਰਦਸਤੀ ਕਰਾਏ ਗਏ ਆਰਾਮ ਨੂੰ ਝੱਲ ਲੈਂਦੇ ਹਨ ਜੀਅ ਭਰ ਕੇ ਦਾਲਾਂ, ਸ਼ਲਗਮਾਂ ਨਾਲ ਚੌਲ ਰਿਨ੍ਹ ਕੇ ਖਾਂਦੇ, ਅਤੇ ਨਾਲ ਹੁੰਦਾ ਹੈ ਕਨੋਲ-ਕੋਹਲ ਦਾ ਪਾਇਆ ਆਚਾਰ। ਜਿਨ੍ਹਾਂ ਦਾ ਪਰ ਹੱਥ ਏਨਾ ਸੌਖਾ ਨਹੀਂ ਹੁੰਦਾ ਉਹ ਆਪਣੀ ਮਾੜੀ ਮੋਟੀ ਆਮਦਨੀ ਵਿਚ ਹੱਥ-ਖੱਡੀਆਂ ਉੱਤੇ ਊਨੀ ਕੰਬਲ ਬੁਣਨ ਦਾ ਕੰਮ ਛੋਹੀ ਰੱਖਦੇ ਹਨ। ਮਾਤ੍ਹੜ, ਪੌੜੀ ਦੇ ਸਭ ਤੋਂ ਹੇਠਲੇ ਡੰਡੇ ‘ਤੇ ਹੁੰਦੇ ਹਨ ਜੋ, ਵਡੇਰੇ ਸ਼ਹਿਰਾਂ, ਜਾਂ ਸ੍ਰੀਨਗਰ ਸ਼ਹਿਰ ਵਿਚ ਘਰੋਗੀ ਨੌਕਰਾਂ ਵਜ੍ਹੋਂ ਆਪਣੇ ਆਪ ਨੂੰ ਕਿਰਾਏ ‘ਤੇ ਚਾੜ੍ਹ ਦਿੰਦੇ ਹਨ। ਅਜ਼ੀਜ਼ ਬੱਟ ਇਸੇ ਅਖੀਰਲੀ ਜਮਾਤ ਦਾ ਸੀ।
ਬਹੁਤ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੱਕੀ ਏਨੀ ਹੁੰਦੀ ਹੁੰਦੀ ਸੀ ਕਿ ਕੋਈ ਕਮੀ ਨਹੀਂ ਸੀ ਰਹਿੰਦੀ ਤੇ ਫਰ ਵੀ ਵਧ ਜਾਂਦੀ ਸੀ, ਅਜ਼ੀਜ਼ ਬੱਟ ਫੇਰ ਵੀ ਏਨਾ ਨਹੀਂ ਸੀ ਆਪਣੀ ਇਸ ਫ਼ਸਲ ਨੂੰ ਚਲਾਅ ਸਕਦਾ ਕਿ ਸਾਰਾ ਸਾਲ ਉਸਦਾ ਪਰਿਵਾਰ ਰੱਜਿਆ ਰਹਿ ਸਕੇ। ਉਹ ਦੋ ਬੱਚਿਆਂ ਦਾ ਪਿਉ ਸੀ, ਅਤੇ ਭਾਵੇਂ ਸਾਰਾ ਟੱਬਰ ਮਿਹਨਤ ਕਰਦੇ ਸੀ- ਕਦੇ ਕਦੇ ਤਾਂ ਵੱਡਾ ਬੱਚਾ ਵੀ ਆਪਣੇ ਵੱਲੋਂ ਮਾੜਾ ਮੋਟਾ ਹਿੱਸਾ ਪਾ ਹੀ ਦੇਂਦਾ ਸੀ- ਉਸ ਉੱਤੇ ਕਰਜ਼ਾ ਚੜ੍ਹ ਗਿਆ। ਸੋ ਮਜਬੂਰ ਹੋ ਕੇ ਉਸਨੂੰ ਸ਼ਹਿਰ ਵੱਲ ਰੁਖ਼ ਕਰਨਾ ਪਿਆ ਕਿ ਘਰਾਂ ਵਿਚ ਕੰਮ ਕਾਰ ਕਰਨ ਦੀ ਕਿਤੇ ਕੋਈ ਆਰਜ਼ੀ ਨੌਕਰੀ ਲੱਭ ਜਾਏ।
ਦੁਨੀਆ ਦੀਆਂ ਚੁਸਤੀਆਂ ਉਹਨੂੰ ਨਹੀਂ ਸੀ ਆਉਂਦੀਆਂ, ਉਸ ਨੂੰ ਜਾਪਦਾ ਸੀ ਕਿ ਸ਼ਹਿਰ ਵਿਚ ਉਸ ਨੂੰ ਕਿਸੇ ਕੰਮ ਉੱਤੇ ਸ਼ਾਇਦ ਹੀ ਕੋਈ ਰੱਖੇਗਾ। ਪਹਿਲੀ ਰਾਤ ਤਾਂ ਉਸ ਨੇ ਇੱਕ ਮਸਜਿਦ ਵਿਚ ਹੀ ਇੱਕ ਕੰਬਲ ਵਿਚ ਕੱਟ ਲਈ, ਹੋਰ ਕਿਤੇ ਉਸ ਨੂੰ ਕੋਈ ਥਾਂ ਮਿਲਣ ਬਾਰੇ ਕੋਈ ਪਤਾ ਵੀ ਨਹੀਂ ਸੀ। ਉਸਨੇ ਦੋ ਸੁੱਕੀਆਂ ਡਬਲਰੋਟੀਆਂ ਖਾਧੀਆਂ ਅਤੇ ਸੱਚੇ ਦਿਲੋਂ ਦੁਆ ਕਰ ਕੇ ਸ਼ੁਕਰ ਕੀਤਾ।
ਅਗਲੀ ਸਵੇਰ ਉਹਦੇ ਲਈ ਇੱਕ ਚੰਗੀ ਖੁਸ਼ਖਬਰੀ ਲੈ ਕੇ ਆਈ, ਕਿਉਂਕਿ ਉਸਦਾ ਇੱਕ ਪੁਰਾਣਾ ਜਾਣੂੰ ਉਸਨੂੰ ਮਿਲ ਪਿਆ- ਇਹ ਵੀ ਉਸ ਲਈ ਇੱਕ ਨਵੀਂ ਹੀ ਗੱਲ ਸੀ। ਉਹ ਆਦਮੀ ਉਸਦੇ ਪਿੰਡ ਦੇ ਗੁਆਂਢ ਦੇ ਪਿੰਡ ਦਾ ਸੀ, ਤੇ ਉਨ੍ਹਾਂ ਦੀ ਆਪਸ ਵਿਚ ਮਾੜੀ ਮੋਟੀ ਪਹਿਚਾਨ ਹੈ ਸੀ। ਅਜ਼ੀਜ਼ ਨੂੰ ਲੱਗਾ ਕਿ ਉਸਦਾ ਇੱਥੇ ਰਾਤ ਬਿਤਾਉਣਾ ਸਫ਼ਲ ਹੋ ਗਿਆ ਹੈ ਜਦੋਂ ਉਸ ਦੇ ਜਾਣੂੰ ਨੇ ਉਸਨੂੰ ਵਾਅਦਾ ਕੀਤਾ ਕਿ ਉਹ ਉਸਨੂੰ ਉਸ ਤਰਾਂ ਦੀ ਨੌਕਰੀ ਲਭਾਅ ਦਏਗਾ ਜਿਸ ਦੀ ਉਸਨੂੰ ਭਾਲ ਹੈ।
ਲਓ ਜੀ, ਉਸ ਜਾਣੂੰ ਨੇ ਆਪਣਾ ਵਾਅਦਾ ਪੁਗਾਅ ਦਿੱਤਾ। ਅਜ਼ੀਜ਼ ਬੱਟ ਨੂੰ ਉਹ ਇੱਕ ਆਦਮੀ ਦੇ ਘਰ ਲੈ ਗਿਆ ਜੋ ਬਹੁਤ ਅਮੀਰ ਜਾਪਦਾ ਸੀ। ਓਸ ਘਰ ਅੱਗੇ ਹੀ ਦੋ ਕੁ ਨੌਕਰ ਹੈ ਸਨ ਤੇ ਅਜ਼ੀਜ਼ ਬੱਟ ਤੀਜਾ ਹੋ ਗਿਆ। ਖ਼ਵਾਜਾ ਸਾਹਿਬ, ਇਸੇ ਤਰ੍ਹਾਂ ਉਸ ਘਰ ਦੇ ਮਾਲਿਕ ਬਾਰੇ ਗੱਲ ਕੀਤੀ ਜਾਂਦੀ ਸੀ, ਨੇ ਉਸਨੂੰ ਆਪਣੇ ਅੱਗੇ ਹਾਜ਼ਿਰ ਕਰਾਇਆ ਅਤੇ ਕਿਹਾ,
“ਮੇਰੇ ਘਰ ਤਾਂ ਕਈ ਹੱਸ ਕੇ ਮੁਫ਼ਤ ਰਿਹਾਇਸ਼ ਅਤੇ ਖਾਣੇ ਲਈ ਹੀ ਨੌਕਰ ਹੋਣ ਉੱਤੇ ਫ਼ਖਰ ਕਰਦੇ ਹਨ।
ਕੀ ਤੇਰਾ ਏਨੇ ਨਾਲ ਸਰ ਜਾਏਗਾ?” ਅਜ਼ੀਜ਼ ਬੱਟ ਉੱਤੇ ਏਨਾ ਕੁ ਰੁਹਬ ਪੈ ਗਿਆ ਖ਼ਵਾਜਾ ਦੇ ਤਰੀਕੇਕਾਰ ਦਾ, ਉਸਦੀ ਕੀਮਤੀ ਸ਼ਾੱਲ ਅਤੇ ਪਗੜੀ ਦਾ ਕਿ ਉਸ ਦੀ ਜੀਭ ‘ਤੇ ਕੋਈ ਲਫ਼ਜ਼ ਹੀ ਨਾ ਆਵੇ। ਬਹੁਤ ਔਖਾ ਹੀ ਉਹ ਹਕਲਾਅ ਜਿਹੇ ਕੇ ਬੋਲ ਸਕਿਆ,
“ਮੋਤੀਆਂ ਵਾਲਿਓ, ਮੈਂ ਤਾਂ ਇੱਕ ਗਰੀਬ ਆਦਮੀ ਹਾਂ ਤੇ ਮੇਰੇ ਪਿੱਛੇ ਪਿੰਡ ਵਿਚ ਨਿੱਕੇ ਨਿੱਕੇ ਬਾਲ ਹਨ।”
ਸੋ ਖ਼ਵਾਜਾ ਸਾਹਿਬ ਨੇ ਆਪਣੀ ਖੁਸ਼ੀ ਨਾਲ ਅੱਧੇ ਆਨੇ ਦੇ ਸਾਦਾ ਜਿਹੇ ਚੌਲ ਵੀ ਉਸਨੂੰ ਮਹੀਨੇ ਦੇ ਦੇਣੇ ਮੰਨ ਲਏ, ਰਿਹਾਇਸ਼ ਅਤੇ ਖਾਣੇ ਤੋਂ ਇਲਾਵਾ।
“ਪਰ ਵੇਖੀਂ, ਜੇ ਮੇਰਾ ਕੋਈ ਵੀ ਨੌਕਰ ਉਹ ਕੰਮ ਪੂਰਾ ਹੀਨਾ ਕਰ ਸਕੇ ਜੋ ਮੈਂ ਉਸਨੂੰ ਦਿੱਤਾ ਹੁੰਦਾ ਹੈ, ਤਾਂ ਉਸਨੂੰ ਡੰਨ ਲੱਗਦਾ ਹੈ,” ਉਸਨੇ ਕਿਹਾ,
ਇਓਂ ਜਿਵੇਂ ਮਖੌਲ ਨਾਲ ਕਿਹਾ ਹੋਏਪਰ ਇਓਂ ਵੀ ਜਿਵੇਂ ਸੱਚਮੁਚ ਖਬਰਦਾਰ ਕਰ ਰਿਹਾ ਹੋਏ। ਅਜ਼ੀਜ਼ ਬੱਟ ਦੇ ਨਾਲ ਆਇਆ ਇਹ ਗੱਲ ਸੁਣ ਕੇ “ਹਾ ਹਾ ਹਾ” ਕਰ ਕੇ ਹੱਸ ਪਿਆ, ਤਾਂ ਕਿ ਲਫ਼ਜ਼ਾਂ ਵਿਚੋਂ ਉਨ੍ਹਾਂ ਦਾ ਡੰਗ ਨਿੱਕਲ ਜਾਏ, ਅਤੇ ਆਪ ਅਜ਼ੀਜ਼ ਸੰਗ ਕੇ ਮੁਸਕਰਾਅ ਪਿਆ।
ਸਰਦੀ ਪੂਰੇ ਜ਼ੋਰਾਂ ‘ਤੇ ਸੀ ਅਤੇ ਅਜ਼ੀਜ਼ ਬੱਟ ਨੇ ਆਪਣੇ ਮਾਲਿਕ ਨੂੰ ਆਰਾਮ ਦੇਣ ਵਿਚ ਕੋਈ ਕਸਰ ਨਾ ਛੱਡੀ। ਦੇਰ ਰਾਤ ਨੂੰ ਸੌਣ ਲਈ ਜਾਣ ਤੋਂ ਪਹਿਲਾਂ “ਅਜ਼ੀਜ਼ੇ” ਉੱਤੇ ਆਪਣੇ ਮਾਲਿਕ ਦੇ ਸੌਣ ਕਮਰੇ ਵਿਚ ਆਉਣ ਦੀ ਖਾਸ ਕਿਰਪਾ ਕੀਤੀ ਗਈ ਸੀ ਤਾਂ ਜੋ ਉਹ ਖ਼ਵਾਜਾ ਦੀਆਂ ਲੱਤਾਂ ਨੂੰ ਆਪਣੇ ਤਕੜੇ ਹੱਥਾਂ ਨਾਲ ਘੁਟ ਦਿਆ ਕਰੇ, ਕਿਓਂਕਿ ਇਹਦੇ ਬਿਨਾ ਤਾਂ ਖਵਾਜਾ ਨੂੰ ਨੀਂਦ ਹੀ ਨਹੀਂ ਸੀ ਆਉਂਦੀ।
ਸਾਝਰੇ ਹੀ, ਕਈ ਵਾਰ ਤਾਂ ਕੁੱਕੜ ਦੇ ਬਾਂਗ ਦੇਣ ਤੋਂ ਵੀ ਪਹਿਲਾਂ ਹੀ ਉਸਨੂੰ ਖਵਾਜੇ ਦੀ ਆਵਾਜ਼ ਪੈਂਦੀ-
“ਅਜ਼ੀਜ਼ਿਆ!”ਤੇ ਉਸ ਤੋਂ ਇਹ ਆਸ ਹੁੰਦੀ ਸੀ ਕਿ ਉਸ ਨੇ ਹੁੱਕਾ ਤਿਆਰ ਕਰ ਵੀ ਲਿਆ ਹੋਏਗਾ, ਨਦੀ ਤੋਂ ਤਾਜ਼ਾ ਪਾਣੀ ਭਰ, ਤੰਬਾਕੂ ਅਤੇ ਮਘਦੇ ਕੋਲੇ ਨਾਲ ਤਾਂ ਜੋ ਉਸਦਾ ਮਾਲਿਕ ਆਪਣੇ ਅੰਦਰਲੇ ਨੂੰ ਰੱਜ ਕੇ ਧੂੰਆਂ ਦੇ ਲਏ। ਹਰਮ (ਖਵਾਜੇ ਦੀਆਂ ਘਰਵਾਲੀਆਂ) ਦੀਆਂ ਫ਼ਰਮਾਇਸ਼ਾਂ ਦੇ ਕੰਮਕਾਰ ਲਈ ਵੀ ਓਸੇ ਦੀ ਮੰਗ ਹੁੰਦੀ ਰਹਿੰਦੀ ਅਤੇ ਉਹ ਹਰ ਇੱਕ ਦਾ ਖਾਸ ਧਿਆਨ ਕਰਦਾ। ਉਸਦੇ ਸੰਗੀ ਨੌਕਰ ਵੀ ਉਸ ਦੀ ਵਾਹਵਾ ਕਰਦੇ ਰਹਿੰਦੇ ਨਹੀਂ ਤਾਂ ਉਹ ਸਾਰੇ ਕੰਮ ਉਨ੍ਹਾਂ ਨੂੰ ਹੀ ਤਾਂ ਕਰਨੇ ਪੈਣੇ ਸਨ। ਇਹ ਹੱਲਾਸ਼ੇਰੀ ਦੇ ਉਨ੍ਹਾਂ ਦਾ ਆਪਣਾ ਕੰਮ ਘਟ ਜਾਂਦਾ ਸੀ, ਤੇ ਅਜ਼ੀਜ਼ਾ ਤਾਂ ਜ਼ਰਾ ਕੁ ਹੱਲਾਸ਼ੇਰੀ ਨਾਲ ਹੀ ਆਪੇ ਹੀ ਅੱਗੇ ਆ ਜਾਂਦਾ ਸੀ ਉਸ ਹਰ ਕੰਮ ਨੂੰ ਕਰਨ ਦੇ ਲਈ ਜਿਸ ਤੋਂ ਬਾਕੀ ਦੇ ਬਚਦੇ ਫਿਰਦੇ ਸਨ!
ਇਹ ਸਰਦੀਆਂ ਕੁਝ ਵਧੇਰੇ ਹੀ ਸਖਤ ਪਈਆਂ। ਘਰਾਂ ਗ੍ਰਿਹਸਥੀਆਂ ਵਾਲੇ, ਜਿਨ੍ਹਾਂ ਨੂੰ ਪੈਸੇ ਲੱਤੇ ਵੱਲੋਂ ਏਨੀ ਮਜਬੂਰੀ ਨਹੀਂ ਸੀ, ਜਿੱਥੋਂ ਤੱਕ ਹੋ ਸਕੇ ਘਰਾਂ ਵਿਚੋਂ ਬਾਹਰ ਹੀ ਨਹੀਂ ਸੀ ਨਿਕਲਦੇ। ਪਰ ਅਜ਼ੀਜ਼ੇ ਵਰਗੇ ਘਰੋਗੀ ਨੌਕਰਾਂ ਦੀ ਤਾਂ ਕੋਈ ਮਰਜ਼ੀ ਨਹੀਂ ਸੀ! ਸਗੋਂ, ਖਵਾਜਾ ਸਾਹਿਬ ਅਜ਼ੀਜ਼ੇ ਵਰਗੇ ਆਦਮੀਆਂ ਦੀ ਕੀਤੀ ਖੇਚਲ ਦੇ ਬਹੁਤ ਆਦੀ ਸਨ, ਤੇ ਅਗਲੇ ਨੂੰ ਵੀ ਇਸਦਾ ਕੁਝ ਮਾਣ ਹੈ ਸੀ। ਕੋਈ ਚਾਰ ਮਹੀਨਿਆਂ ਬਾਅਦ, ਅਜ਼ੀਜ਼ਾ ਘਰ ਜਾਣ ਬਾਰੇ ਸੋਚਣ ਲੱਗਾ। ਏਨੇ ਚਿਰ ਤੋਂ ਉਸ ਆਪਣਾ ਟੱਬਰ ਨਹੀਂ ਸੀ ਵੇਖਿਆ ਹੋਇਆ ਅਤੇ ਹੁਣ ਤਾਂ ਖੇਤੀ ਦਾ ਕੰਮ ਵੀ ਵਾਜਾਂ ਮਾਰਨ ਲੱਗ ਪੈਣਾ ਸੀ। ਉਸਨੇ ਵੱਡੇ ਆਦਮੀ, ਖਵਾਜਾ, ਅੱਗੇ ਅਰਜ਼ੋਈ ਲਾਈ, ਪਹਿਲੀ ਵਾਰ। ਅਗਲੇ ਨੂੰ ਕੋਈ ਸੁਆਦ ਨਾ ਆਇਆ ਲੱਗਦਾ ਗੱਲ ਦਾ, ਅਤੇ ਚਿਹਰੇ ‘ਤੇ ਖਚਰੀ ਜਿਹੀ ਮੁਸਕੜੀ ਨਾਲ ਉਸ ਕਿਹਾ-“ਅਜ਼ੀਜ਼ਾ, ਮੈਂ ਤੇਰਾ ਬਣਦਾ ਪੈਸਾ ਤੈਨੂੰ ਜ਼ਰੂਰ ਅਦਾ ਕਰਾਂਗਾ। ਪਰ ਪਹਿਲਾਂ ਮੈਨੂੰ ਤੂੰ ਬਾਜ਼ਾਰ ਵਿਚੋਂ ਦੋ ਚੀਜ਼ਾਂ ਲਿਆ ਕੇ ਦੇਣੀਆਂ ਹੋਣਗੀਆਂ ਵੀ (ਇਹ!) ਅਤੇ ਵਈ (ਓਹ!)। ਫੇਰ ਹੀ ਤੈਨੂੰ ਤੇਰੀ ਤਨਖਾਹ ਮਿਲਣੀ ਹੈ।”
“ਇਹ ਤੇ ਓਹ”, ਅਜ਼ੀਜ਼ਾ ਹੈਰਾਨੀ ਨਾਲ ਕਹਿੰਦਾ, ਕਿਓਂਕਿ ਉਸਨੇ ਤਾਂ ਅਜਿਹੀਆਂ ਚੀਜ਼ਾਂ ਬਾਰੇ ਕੁਝ ਨਹੀਂ ਸੀ ਕਦੇ ਵੀ ਸੁਣਿਆ ਹੋਇਆ। ਪਰ ਉਸਨੇ ਹੋਰ ਕੁਝ ਨਾ ਮੂੰਹੋਂ ਕਿਹਾ, ਕਿ ਕਿਤੇ ਉਸਦ ਜਾਣਕਾਰੀ ਦੀ ਘਾਟ ਹੀ ਨਾ ਹੋਏ।
ਤਾਂ ਉਹ ਬਾਜ਼ਾਰ ਨੂੰ ਨਿੱਕਲ ਗਿਆ। ਬੜਾ ਘੁੰਮਿਆਂ, ਪਰ ਕੋਈ ਦੁਕਾਨਦਾਰ ਵੀ ਅਜਿਹੀਆਂ ਚੀਜ਼ਾਂ ਵੇਚਦਾ ਨਾ ਲੱਭਾ। ਕਈ ਤਾਂ ਉਸਦੇ ਮੂੰਹ ‘ਤੇ ਹੀ ਹੱਸ ਪਏ ਕੁਝ ਆਪਣੇ ਕੰਨਾਂ ‘ਤੇ ਸ਼ੱਕ ਕਰਨ ਲੱਗੇ ਅਤੇ ਕੁਝ ਉਸਨੂੰ ਝੱਲਾ ਸਮਝ ਲਿਆ।
“ਜੇ ਮੈਂ ਇਹ ਕੰਮ ਪੂਰਾ ਨਾ ਕਰ ਸਕਿਆ?” ਉਹ ਰੋਣ ਹਾਕਾ ਹੋ ਗਿਆ, “ਏਨੇ ਮਹੀਨੇ ਮੈਂ ਏਨੀ ਸੇਵਾ ਹਰ ਇੱਕ ਦੀ ਕੀਤੀ ਹੈ ਕਿ ਕੋਈ ਕੁਝ ਨਹੀਂ ਕਹਿ ਸਕਦਾ, ਤੇ ਹੁਣ ਏਨੇ ਨਾਲ ਸਭ ਕੁਝ ‘ਤੇ ਪਾਣੀ ਫਿਰ ਜਾਏਗਾ? ਕੀ ਉਹ ਵੱਡਾ ਆਦਮੀ ਮੇਰੇ ਪੈਸੇ ਮਾਰ ਲਏਗਾ?”
ਉਹ ਸਿਰ ਸੁੱਟ ਕੇ ਐਵੇਂ ਤੁਰਿਆ ਜਾ ਰਿਹਾ ਸੀ ਤੇ ਉਸ ਦੇ ਮਨ ਵਿਚ ਇਹੋ ਗੱਲਾਂ ਆਈ ਜਾ ਰਹੀਆਂ ਸਨ। ਉਹ ਹੋਰ ਕਈ ਦੁਕਾਨਾਂ ਫਿਰਿਆ। ਸੱਤਵੀਂ ਕਿ ਪਤਾ ਨਹੀਂ ਸਤ੍ਹਾਰਵੀਂ ਦੁਕਾਨ ‘ਤੇ ਉਸਨੂੰ ਆਪਣੇ ਸੁਆਲ ਦਾ ਕੁਝ ਹੋਰ ਤਰ੍ਹਾਂ ਦਾ ਜੁਆਬ ਮਿਲਿਆ।
“ਤੇ ਉਨ੍ਹਾਂ ਦਾ ਕੀ ਕਰੇਂਗਾ ਤੂੰ, ਭਲੇਮਾਣਸਾ?”, ਦੁਕਾਨਦਾਰ ਨੇ ਪੁੱਛਿਆ, ਜੋ ਇੱਕ ਬੁੱਢਾ ਜਿਹਾ ਆਦਮੀ ਸੀ ਅਤੇਜਿਸ ਕਈ ਦਿਨਾਂ ਤੋਂ ਦਾੜ੍ਹੀ ਵੀ ਨਹੀਂ ਸੀ ਬਣਾਈ ਹੋਈ। ਅਜ਼ੀਜ਼ੇ ਨੇ ਆਪਣੀ ਕਹਾਣੀ ਦੱਸੀ।
“ਤੇ ਜੇ ਤੂੰ ਇਹ ਚੀਜ਼ਾਂ ਆਪਣੇ ਮਾਲਿਕ ਮੂਹਰੇ ਨਾ ਰੱਖ ਸਕਿਆ ਤਾਂ ਤੈਨੂੰ ਆਪਣਾ ਪੈਸਾ ਨਹੀਂ ਮਿਲੇਗਾ, ਤੇਰੀ ਹੱਡ ਤੋੜ ਮਿਹਨਤ ਦੀ ਕਮਾਈ, ਹੈ ਨਾ?”
“ਬਿਲਕੁਲ, ਬਿਲਕੁਲ! ਮੈਨੂੰ ਇਹੋ ਕਿਹਾ ਗਿਆ ਹੈ।”
ਉਸ ਬੁੱਢੇ ਆਦਮੀ ਨੂੰ ਝੱਟ ਪਤਾ ਲੱਗ ਗਿਆ ਕਿ ਖਵਾਜਾ ਇਸ ਸਾਦਾ ਕਿਸਾਨ ਦੀ ਸਾਦਗੀ ਤੋਂ ਖੱਟਣਾ ਚਾਹੁੰਦਾ ਹੈ। ਉਹ ਆਪ ਵੀ ਚੰਗਾ ਖਿਡਾਰੀ ਸੀ ਇਨ੍ਹਾਂ ਚੀਜ਼ਾਂ ਦਾ ਅਤੇ ਉਸਨੂੰ ਆਪਣੀ ਅਕਲ ਲੜਾਉਣ ਦਾ ਸੁਆਦ ਆਉਂਦਾ ਸੀ।
“ਮੈਂ ਤੈਨੂੰ ਦੇ ਦਿਆਂਗਾ ਇਹ ਚੀਜ਼ਾਂ ਪਰ ਸ਼ਰਤ ਇਹ ਹੈ ਕਿ ਇਹ ਤੂੰ ਖਵਾਜੇ ਦੇ ਹੀ ਹੱਥਾਂ ਵਿਚ ਦੇਈਂ, ਕਿਸੇ ਹੋਰ ਨੂੰ ਨਾ ਦਿਖਾਈਂ। ਠੀਕ ਹੈ?”
ਅਜ਼ੀਜ਼ਾ ਮੰਨ ਗਿਆ।
“ਇਹ ਖਵਾਜਾ ਸਾਹਿਬ ਲਈ ਹੀ ਖਾਸ ਹੈ, ਨਾ ਇਸਨੂੰ ਆਪ ਹੀ ਦੇਖੀਂ ਨਾ ਛੇੜੀਂ,” ਦੁਕਾਨਦਾਰ ਨੇ ਕਿਹਾ।
“ਬਿਲਕੁਲ ਨਹੀਂ , ਜਨਾਬ! ਰੱਬ ਤੁਹਾਡਾ ਭਲਾ ਕਰੇ, ਤੁਸੀਂ ਤਾਂ ਮੈਨੂੰ ਬਚਾਅ ਲਿਆ ਹੈ। ਮੈਂ ਤਾਂ ਹੱਟੀਓ ਹੱਟੀ ਫਿਰਿਆ ਪਰ ਕਿਸੇ ਨੇ ਇਹ ਚੀਜ਼ਾਂ ਕਦੇ ਰੱਖੀਆਂ ਹੀ ਨਹੀਂ ਜਾਪਦੀਆ, ਅਜ਼ੀਜ਼ੇ ਨੇ ਰਾਹਤ ਨਾਲ ਕਿਹਾ।
“ਗੱਲ ਇਹ ਹੈ ਕਿ ਇਹੋ ਜਿਹੀਆਂ ਬੇਸ਼ਕੀਮਤੀ ਚੀਜ਼ਾਂ ਰੱਖਣੀਆਂ ਹਰੇਕ ਦਾ ਕੰਮ ਨਹੀਂ, ਮੈਂ ਵੀ ਗੁਦਾਮ ਵਿਚ ਹੀ ਰੱਖਦਾ ਹਾਂ। ਤੂੰ ਇਥੇ ਰਤਾ ਮੈਨੂੰ ਉਡੀਕੀਂ,” ਏਨਾ ਕਹਿ ਕੇ ਦੁਕਾਨਦਾਰ ਅੱਧਾ ਘੰਟਾ ਨਾ ਆਇਆ ਅਤੇ ਫੇਰ ਉਸਨੇ ਅਜ਼ੀਜ਼ੇ ਨੂੰ ਪੁਰਾਣੀ ਅਖ਼ਬਾਰ ਵਿਚ ਲਪੇਟਿਆ ਹੋਇਆ ਕੁਝ ਫੜਾਇਆ, ਜਿਸ ਨੂੰ ਸੇਬਾ ਮਾਰ ਕੇ ਬੰਨ੍ਹਿਆ ਹੋਇਆ ਸੀ।
ਆਪਣੇ ਮਾਲ ਲਈ ਉਸ ਨੇ ਅੱਠ ਆਨੇ ਲਏ ਅਤੇ ਅਜ਼ੀਜ਼ਾ ਬੜਾ ਖੁਸ਼ ਸੀ ਕਿ ਚਲੋ ਹੁਣ ਉਹ ਆਪਣਾ ਸਿਰ ਤਾਂ ਉੱਚਾ ਰੱਖ ਸਕੇਗਾ ਹੋਰ ਨੌਕਰਾਂ ਦੇ ਅੱਗੇ, ਅਤੇ ਉਹ ਉਸ ਨੂੰ ਦਿੱਤੇ ਗਏ ਕੰਮ ਵਿਚ ਨਾਕਾਮਯਾਬ ਤਾਂ ਨਹੀਂ ਸੀ ਹੋਇਆ।
ਖ਼ਵਾਜੇ ਦਾ ਖ਼ਿਆਲ ਸੀ ਕਿ ਅਜ਼ੀਜ਼ਾ ਖਾਲੀ ਹੱਥ ਪਰਤ ਆਏਗਾ ਅਤੇ ਨਾਕਾਮਯਾਬੀ ਲਈ ਮੁਆਫ਼ੀਆਂ ਮੰਗੇਗਾ, ਕਿਓਂਕਿ ਜਦੋਂ ਰੱਬ ਨੇ ਮਿਹਰ ਕਰ ਕੇ ਇਹ ਦੁਨੀਆ ਬਣਾਈ ਸੀ ਤਾਂ “ਇਹ!” ਤੇ “ਉਹ!” ਨਾਂ ਦੀਆਂ ਸ਼ੈਆਂ ਨੂੰ ਕੋਈ ਸ਼ਕਲ-ਸਰੀਰ ਦੇਣਾ ਤਾਂ ਉਹ ਉੱਕਾ ਭੁੱਲ ਗਿਆ ਸੀ।
ਮੂੰਹ-ਜ਼ਬਾਨੀ ਹੋਏ ਇਕਰਾਰ ਦੇ ਮੁਤਾਬਕ, ਜਿਹੜਾ, ਬੇਸ਼ਕ, ਅਜ਼ੀਜ਼ੇ ਦੇ ਲਈ ਸਹੁੰ ਖਾਣ ਵਰਗਾ ਸੀ, ਮਾਲਿਕ ਦੀ ਮੰਗ ‘ਤੇ ਪੂਰਾ ਨਾ ਉਤਰਨ ਕਰਕੇ ਉਸਦੀ ਤਨਖਾਹ ਕੱਟੀ ਜਾਣੀ ਸੀ। ਇਸੇ ਲਈ ਖ਼ਵਾਜਾ ਇਸ ਸਾਰੀ ਗੱਲ ਵਿਚੋਂ ਸੁਆਦ ਲੈਣ ਨੂੰ ਕਾਹਲਾ ਸੀ: ਉਹ ਫ਼ੈਸਲਾ ਸੁਣਾਏਗਾ ਕਿ ਅਜ਼ੀਜ਼ੇ ਨੂੰ ਹੁਣ ਕੋਈ ਪੈਸਾ ਨਹੀਂ ਮਿਲੇਗਾ, ਫੇਰ ਅਜ਼ੀਜ਼ਾ ਉਸਦੇ ਪੈਰੀਂ ਪੈ ਜਾਏਗਾ, ਫੇਰ ਵਾਹਵਾ ਭਕਾਈ ਕਰਾਅ ਕੇ ਉਹ ਕੁਝ ਪੈਸੇ ਦੇ ਛੱਡੇਗਾ….।
ਅਜ਼ੀਜ਼ਾ ਉਸ ਅੱਗੇ ਪੇਸ਼ ਹੋਇਆ ਤਾਂ ਖ਼ਵਾਜਾ ਬੜੀ ਖੁਸ਼ ਰੌਂਅ ਵਿਚ ਸੀ। ਬੈਠੇ ਹੋਏ ਜਣਿਆਂ ਦੇ ਵਿਚ ਹੁੱਕੇ ਦੀ ਨੜੀ ਕਦੇ ਕਿਸੇ ਕਦੇ ਕਿਸੇ ਦੇ ਮੂੰਹ ਨੂੰ ਲੱਗ ਰਹੀ ਸੀ (ਬਰਾਬਰੀ ਨਾਲ ਬੈਠੇ ਸੱਜਣਾਂ ਵੱਲ ਇਸ਼ਾਰਾ-ਸੰ.)। ਅਜ਼ੀਜ਼ੇ ਨੂੰ ਵੇਖਦੇ ਸਾਰ ਹੀ ਖ਼ਵਾਜਾ ਨੇ ਝੂਠ ਮੂਠ ਤਿਊੜੀਆਂ ਚੜ੍ਹਾਅ ਲਈਆਂ।
“ਰੱਬ ਦਾ ਵਾਸਤਾ, ਕਿੱਥੇ ਰਹਿ ਗਿਆ ਸੀ ਤੂੰ?” ਉਹ ਝੂਠੇ ਗੁੱਸੇ ਨਾਲ ਚੀਖ ਕੇ ਬੋਲਿਆ,” ਨਿੱਕੇ ਜਿਹੇ ਕੰਮ ਤੈਨੂੰ ਭੇਜਿਆ ਸੀ ਤੇ ਤੂੰ ਪਤਾ ਨਹੀਂ ਨਾਨਕੇ ਆਰਾਮ ਕਰਨ ਚਲਾ ਗਿਆ ਸੀ!
ਵੇਖੋ ਤਾਂ ਸਹੀ ਕਿੰਨਾ ਮੋਟਾ ਹੋ ਗਿਆ ਹੈ ਇਹ ਮੇਰੇ ਪੱਕੇ ਪਕਾਏ ਚੌਲ ਖਾ ਖਾ ਕੇ!”
“ਜਨਾਬ, ਮੈਂ ਤਾਂ ਗਲੀ ਗਲੀ ਫਿਰਦਾ ਰਿਹਾ ਹਾਂ ਚੀਜ਼ਾਂ ਲੱਭਦਾ ਤੇ ਮੇਰੀਆਂ ਲੱਤਾਂ ਹੀ ਜੁਆਬ ਦੇ ਗਈਆਂ ਹਨ।” ਅਜ਼ੀਜ਼ੇ ਨੇ ਜੁਆਬ ਦਿੱਤਾ।
“ਅੱਛਾ, ਤਾਂ ਏਨੀਆਂ ਨਾਜ਼ੁਕ ਹਨ ਤੇਰੀਆਂ ਲੱਤਾਂ ਤਾਂ ਨੌਕਰੀ ਕਰਨ ਕਿਓਂ ਆਇਆ ਸੀ? ਮਾਲ ਲਿਆਂਦਾ ਹੈ ਕਿ ਨਹੀਂ?”
“ਹਾਂ ਜੀ, ਜਨਾਬ, ਲਿਆਂਦਾ ਹੈ,” ਅਜ਼ੀਜ਼ੇ ਨੇ ਅਰਜ਼ ਕੀਤੀ।
ਖ਼ਵਾਜਾ ਨੇ ਆਰਾਮ ਦਾ ਸਾਹ ਲਿਆ ਕਿ ਹੁਣ ਉਹ ਬੈਠੇ ਹੋਏ ਲੋਕਾਂ ਨੂੰ ਨਾਟਕ ਵਿਖਾਏਗਾ ਤੇ ਹਾਸਾ ਪੁਆਏਗਾ ਕਿ ਆਹ ਵੇਖੋ ਅਜ਼ੀਜ਼ਾ ਕੀ ਲਿਆਇਆ ਹੈ।
“ਲਿਆ ਵਿਖਾਅ ਕੀ ਲਿਆਂਦਾ ਹੈ?” ਉਸ ਨੇ ਚਾਂਭਲੀ ਆਵਾਜ਼ ਵਿਚ ਕਿਹਾ।
ਅਜ਼ੀਜ਼ੇ ਨੇ ਨਿੱਕਾ ਜਿਹਾ ਪੈਕਟ ਆਦਰ ਨਾਲ ਫੜਾਅ ਦਿੱਤਾ। ਹਾਜ਼ਰ ਲੋਕਾਂ ਦੀ ਸਭ ਮਾਜਰਾ ਕੀ ਹੈ, ਇਹ ਜਾਣਨ ਦੀ ਇੱਛਾ ਵੀ ਸਿਖਰਾਂ ‘ਤੇ ਸੀ। ਸੇਬੇ ਦੀ ਡੋਰੀ ਖੋਲ੍ਹੀ ਗਈ ਅਤੇ ਕਾਗ਼ਜ਼ ਹਟਾਇਆ ਗਿਆ।ਹੇਠਾਂ ਦੋ ਨਿੱਕੇ ਨਿੱਕੇ ਮਿੱਟੀ ਦੇ ਭਾਂਡੇ, ਦਰਮਿਆਨੇ ਕੱਦ ਦੀ ਸਿਆਹੀਦਾਨੀ ਤੋਂ ਵੱਡੇ ਨਹੀਂ ਸਨ ਜੋ, ਲੱਭੇ। ਦੋਹਾਂ ਦਾ ਮੂੰਹ ਚੌੜੇ ਸੀ ਤੇ ਕਾਗਜ਼ ਦੇ ਟੁਕੜੇ ਨੂੰ ਲੇਵੀ ਲਾ ਕੇ ਬੰਦ ਕੀਤੇ ਹੋਏ ਸੀ। ਸਾਰਿਆਂ ਦੀ ਹੈਰਾਨੀ ਹੋਰ ਵਧ ਗਈ।
ਇਨ੍ਹਾਂ ਵਿਚੋਂ ਇੱਕ ਭਾਂਡੇ ਦਾ ਕਾਗਜ਼ ਦਾ ਢੱਕਣ ਤੋੜਿਆ ਗਿਆ ਤੇ ਖ਼ਵਾਜਾ ਨੇ ਉਸ ਵਿਚ ਝਾਕਿਆ। ਇਹ ਤਾਂ ਖਾਲੀ ਜਾਪਦਾ ਸੀ। ਉਹ ਇਸਨੂੰ ਚਲਾਅ ਕੇ ਸੁੱਟਣ ਹੀ ਲੱਗਾ ਸੀ ਕਿ ਇਸ ਵਿਚੋਂ ਇੱਕ ਮਧੂਮੱਖੀ ਬਾਹਰ ਨਿਕਲ ਆਈ ਜੋ ਖ਼ਵਾਜਾ ਦੇ ਹੱਥ ਦੇ ਲਾਗੇ ਭੂੰ ਭੂੰ ਕਰਨ ਲੱਗ ਪਈ ਜੋ “ਇਹ!” ਕਹਿਣੋਂ ਆਪਣੇ ਆਪ ਨੂੰ ਰੋਕ ਨਾ ਸਕਿਆ।
ਲਓ ਜੀ, ਜਦੋਂ ਦੂਜੇ ਭਾਂਡੇ ਤੋਂ ਢੱਕਣ ਲਾਹਿਆ ਗਿਆ ਤੇ ਇਸ ਤੋਂ ਪਹਿਲਾਂ ਕਿ ਖ਼ਵਾਜਾ ਕੁਝ ਕਹਿੰਦਾ, ਇੱਕ ਭੂੰਡ ਉਸ ਵਿਚੋਂ ਬਾਹਰ ਨਿਕਲ ਆਇਆ ਜੋ ਸਿੱਧਾ ਉਸਦੇ ਮੱਥੇ ‘ਤੇ ਜਾ ਬੈਠਾ, ਤੇ ਖ਼ਵਾਜੇ ਦੇ ਮੂਹੋਂ ਤਕਲੀਫ਼ ਭਰਿਆ “ਓਹ!” ਨਿਕਲ ਗਿਆ। ਭੈਠੇ ਹੋਏ ਲੋਕਾਂ ਨੂੰ ਇਹ ਮੰਨਣਾ ਪਿਆ ਕਿ ਅਜ਼ੀਜ਼ਾ ਉਹ ਵਿਰਲਾ ਲੱਭਦਾ ਮਾਲ ਲਿਆਉਣ ਵਿਚ ਨਾਕਾਮਯਾਬ ਵੀ ਤਾਂ ਨਹੀਂ ਸੀ ਹੋਇਆ।

-ਐੱਸ ਐੱਲ ਸਾਧੂ (‘ਪ੍ਰੀਤਲੜੀ’ ਤੋਂ ਧੰਨਵਾਦ ਸਹਿਤ)

Comment here