ਸਾਹਿਤਕ ਸੱਥ

ਇਹਨਾਂ ਜ਼ਖਮਾਂ ਦਾ ਕੀ ਕਹਿਣਾ… ਰਾਮਪੁਰੀ ਦਾ ਵਿਛੋੜਾ

-ਬੁੱਧ ਸਿੰਘ ਨੀਲੋਂ

ਪੰਜਾਬੀ ਦੇ ਚਰਚਿਤ ਕਵੀ ਅਤੇ ਸੁਰੀਲੇ ਗੀਤਕਾਰ ਸੁਖਮਿੰਦਰ ਰਾਮਪੁਰੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸਾਹਿਤ ਸਭਾ ਰਾਮਪੁਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਉੱਘੇ ਕਾਰਕੁਨ ਅਤੇ ਆਗੂ ਸਨ। ਉਹ ਪਿਛਲੇ ਦਹਾਕੇ ਤੋਂ ਕੈਨੇਡਾ ਵਿਚ ਰਹਿ ਰਹੇ ਸਨ। ਉਨ੍ਹਾਂ ਨੇ ਭਾਵੇਂ ਇਕ ਨਾਵਲ ਵੀ ਲਿਖਿਆ ਪਰ ਉਨ੍ਹਾਂ ਦੀ ਪਛਾਣ ਇਕ ਮਧੁਰ ਗੀਤਕਾਰ ਤੇ ਪ੍ਰਤੀਬੱਧ ਕਵੀ ਵਜੋਂ ਸੀ। ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਸੁਖਮਿੰਦਰ ਰਾਮਪੁਰੀ ਨੇ ਪੰਜਾਬੀ ਸਾਹਿਤ ਨੂੰ ‘ਯੁਗਾਂ ਯੁਗਾਂ ਦੀ ਪੀੜ‘’, ‘ਅਸੀਮਤ ਸਫ਼ਰ’, ‘ਮਿਹਰਬਾਨ ਹੱਥ’, ‘ਮੈਂ ਨਿਰੀ ਪਤਝੜ ਨਹੀਂ’, ‘ਧੀਆਂ’, ‘ਅੱਜ ਤੀਕ’, ‘ਇਹ ਸਫ਼ਰ ਜਾਰੀ ਰਹੇ’, ‘ਸਫ਼ਰ ਸਾਡੀ ਬੰਦਗੀ’, ਅਤੇ ‘ਪੈਰੋਲ ’ਤੇ ਆਈ ਕਵਿਤਾ’ ਆਦਿ ਕਾਵਿ ਸੰਗ੍ਰਹਿ ਦਿੱਤੇ। ਉਨ੍ਹਾਂ ਦਾ ਨਾਵਲ ‘ਗੁਲਾਬੀ ਛਾਂ ਵਾਲੀ ਕੁੜੀ’ ਪੰਜਾਬੀ ਹਲਕਿਆਂ ’ਚ ਖ਼ਾਸ ਚਰਚਿਤ ਰਿਹਾ। ਕੁਝ ਸੰਪਾਦਿਤ ਪੁਸਤਕਾਂ ‘ਕੂੜ ਨਿਖੁੱਟੇ’, ‘ਕਿਰਨਾਂ ਦੇ ਰੰਗ’, ‘ਕਤਰਾ-ਕਤਰਾ ਸੋਚ’ ਤੇ ‘ਨਿੱਕੇ-ਨਿੱਕੇ ਫੁੱਲ ਨਿੱਕੀ ਵਾਸ਼ਨਾ’ ਹਨ। ਉਹ ਆਪਣੇ ਸਮੇਂ ਦੇ ਉੱਘੇ ਖਿਡਾਰੀ ਵੀ ਸਨ। ਆਪਣੇ ਸਮਰੱਥ ਗੀਤਾਂ ਸਦਕਾ ਉਨ੍ਹਾਂ ਨੇ 19 ਵਾਰ ਕੌਮੀ ਕਵੀ ਦਰਬਾਰ ’ਚ ਹਾਜ਼ਰੀ ਭਰੀ। ਰਾਮਪੁਰੀ ਨੂੰ ਕੁਦਰਤ ਵੱਲੋਂ ਲਿਖਣ ਤੇ ਗਾਉਣ ਦਾ ਤੋਹਫ਼ਾ ਮਿਲਿਆ ਹੋਇਆ ਸੀ ਪਰ ਉਨ੍ਹਾਂ ਨੇ ਆਪਣੇ ਅਭਿਆਸ ਨਾਲ ਇਸ ਨੂੰ ਹਮੇਸ਼ਾ ਤਰਾਸ਼ਿਆ। ਲਿਖਾਰੀ ਸਭਾ ਰਾਮਪੁਰ ਤੇ ਆਲੇ-ਦੁਆਲੇ ਦੀਆਂ ਸਾਹਿਤਕ ਸੰਸਥਾਵਾਂ ਨੇ ਉਨ੍ਹਾਂ ਦੀ ਗੀਤਕਾਰੀ ਤੇ ਕਵਿਤਾਵਾਂ ਦਾ ਭਰਵਾਂ ਹੁੰਗਾਰਾ ਭਰਿਆ। ਲਿਖਣਾ, ਗਾਉਣਾ ਤੇ ਮੁਸਕਾਉਣਾ ਉਨ੍ਹਾਂ ਦੇ ਹਿੱਸੇ ਆਇਆ।ਸੁਖਮਿੰਦਰ ਰਾਮਪੁਰੀ ਕੇਵਲ ਸ਼ਾਇਰ ਹੀ ਨਹੀਂ, ਸਿੱਖਿਆ ਸ਼ਾਸਤਰੀ, ਵਾਰਤਕ ਲੇਖਕ, ਨਾਵਲਕਾਰ ਇਕ ਵਧੀਆ ਪ੍ਰਬੰਧਕ ਤੇ ਯਾਰਾਂ ਦਾ ਯਾਰ ਵੀ ਸੀ। ਉਨ੍ਹਾਂ ਨੇ ਪਚਾਸੀ ਬਸੰਤਾਂ ਪਿੰਡੇ ਹੰਢਾਈਆਂ ਸਨ। ਮਰਨਾ ਸਭ ਨੇ ਹੈ ਪਰ ਰਾਮਪੁਰੀ ਦੇ ਤੁਰ ਜਾਣ ਦਾ ਯਕੀਨ ਜਿਹਾ ਨਹੀਂ ਹੋ ਰਿਹਾ। ਉਸ ਦੀ ਆਵਾਜ਼ ਅੱਜ ਵੀ ਫਿਜ਼ਾ ਵਿਚ ਗੂੰਜਦੀ ਹੈ। ਰਾਮਪੁਰੀ ਨੇ ਇਕ ਸੰਸਥਾ ਵਾਂਗ ਆਪਣੇ ਪਿੰਡ ਤੇ ਇਲਾਕੇ ਲਈ ਲਿਖਣਾ ਤੇ ਲਿਖਣ ਲਗਾਉਣ ਦਾ ਕੰਮ ਕੀਤਾ। ਪੜ੍ਹਨਾ ਤੇ ਪੜ੍ਹਾਉਣਾ ਉਨ੍ਹਾਂ ਦਾ ਅਹਿਮ ਗੁਣ ਸੀ। ਰਾਮਪੁਰੀ ਗੁਣਾਂ ਦੀ ਗੁਥਲੀ ਸੀ। ਉਨ੍ਹਾਂ ਦੇ ਕੀਤੇ ਗਏ ਕੰਮਾਂ ਨੂੰ ਹੁਣ ਜਦ ਯਾਦ ਕਰਦੇ ਹਾਂ ਤਾਂ ਹੈਰਾਨੀ ਹੁੰਦੀ ਹੈ। ਕਿਸੇ ਕਾਰਜ ਦੀ ਅਗਵਾਈ ਕਰਨੀ ਤੇ ਫਿਰ ਉਸ ਨੂੰ ਸਿਰੇ ਚਾੜ੍ਹਨਾ ਬੜਾ ਮੁਸ਼ਕਲ ਹੁੰਦਾ ਹੈ ਪਰ ਰਾਮਪੁਰੀ ਨੇ ਹਰ ਮੁਸ਼ਕਲ ਕੰਮ ਨੂੰ ਆਸਾਨ ਕੀਤਾ। ਅਸੰਭਵ ਨੂੰ ਸੰਭਵ ਬਣਾਇਆ। ਸਾਡੇ ਇਲਾਕੇ ਨੂੰ ਇਸ ਗੱਲ ਦਾ ਮਾਣ ਹੈ ਕਿ ਰਾਮਪੁਰ ਇਕ ਅਜਿਹਾ ਪਿੰਡ ਹੈ ਜਿਸ ਨੇ ਕਈ ਸਾਹਿਤਕਾਰ ਪੈਦਾ ਕੀਤੇ। ਇਸ ਪਿੰਡ ਦੇ ਲੇਖਕਾਂ ਦੀ ਸੂਚੀ ਲੰਬੀ ਹੈ ਮਸਲਨ ‘ਪਿੰਗਲ ਤੇ ਅਰੂਜ’ ਦੇ ਲੇਖਕ ਗੁਰਚਰਨ ਸਿੰਘ, ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ ਕਹਾਣੀਕਾਰ ਸੁਰਿੰਦਰ ਰਾਮਪੁਰੀ, ਹਰਬੰਸ ਰਾਮਪੁਰੀ, ਮਹਿੰਦਰ ਰਾਮਪੁਰੀ, ਮੱਲ ਸਿੰਘ ਰਾਮਪੁਰੀ, ਰਾਹੀ ਰਾਮਪੁਰੀ, ਬਲਦੇਵ ਰਾਮਪੁਰੀ, ਹਰਚਰਨ ਮਾਂਗਟ, ਨੌਬੀ ਸੋਹਲ, ਗਗਨਦੀਪ ਸ਼ਰਮਾ ਆਦਿ। ‘ਪੰਜਾਬੀ ਲਿਖਾਰੀ ਸਭਾ ਰਾਮਪੁਰ’ ਵੀ ਪੰਜਾਬ ਦੀ ਸਿਰਕੱਢ ਸਾਹਿਤ ਸਭਾ ਹੈ। ਇਸ ਦੀ ਸਥਾਪਨਾ 1954 ’ਚ ਹੋਈ ਸੀ। ਇਸ ਦੇ ਮੈਂਬਰਾਂ ’ਚ ਪਿੰਡ ਰਾਮਪੁਰ ਪਰਿਵਾਰ ਤੋਂ ਇਲਾਵਾ ਇਸ ਇਲਾਕੇ ਦੇ ਸੁਰਜੀਤ ਖੁਰਸ਼ੀਦੀ, ਕੁਲਵੰਤ ਨੀਲੋਂ, ਸੱਜਣ ਗਰੇਵਾਲ, ਅਜਾਇਬ ਚਿੱਤਰਕਾਰ, ਹਰਭਜਨ ਮਾਂਗਟ, ਮਹਿੰਦਰ ਕੈਦੀ, ਨਰਿੰਜਨ ਸਾਥੀ, ਸੰਤੋਖ ਸਿੰਘ ਧੀਰ, ਸੁਖਦੇਵ ਮਾਦਪੁਰੀ, ਜਗਦੀਸ਼ ਨੀਲੋਂ, ਗੁਰਪਾਲ ਲਿੱਟ, ਤੇਲੂ ਰਾਮ ਕੁਹਾੜਾ, ਗੁਰਦਿਆਲ ਦਲਾਲ, ਕਿ੍ਰਸ਼ਨ ਭਨੋਟ, ਮੇਜਰ ਮਾਂਗਟ , ਸੁਖਜੀਤ, ਹਰਬੰਸ ਮਾਛੀਵਾੜਾ, ਗੁਲਜ਼ਾਰ ਮੁਹੰਮਦ ਗੋਰੀਆ, ਸਰੋਦ ਸੁਦੀਪ, ਭੁਪਿੰਦਰ ਮਾਂਗਟ, ਕਮਲਜੀਤ ਨੀਲੋਂ, ਬੁੱਧ ਸਿੰਘ ਨੀਲੋਂ, ਤੇਜਵੰਤ ਮਾਂਗਟ, ਨੀਤੂ ਰਾਮਪੁਰ ਤੇ ਹੋਰ ਬਹੁਤ ਸਾਰੇ ਡਾਕ ਮੈਂਬਰ ਸ਼ਾਮਲ ਹਨ। ਇਸ ਸੰਸਥਾ ਨਾਲ ਹੋਰ ਬਹੁਤ ਸਾਰੇ ਮੈਂਬਰ ਜੁੜਦੇ ਜਾ ਰਹੇ ਹਨ। ਸੁਖਮਿੰਦਰ ਰਾਮਪੁਰੀ ਨੇ ਚੜ੍ਹਦੀ ਉਮਰੇ ਹੀ ਇਨ੍ਹਾਂ ਲੇਖਕਾਂ ਦੀ ਸੰਗਤ ਕੀਤੀ ਤੇ ਲਿਖਣਾ ਸ਼ੁਰੂ ਕੀਤਾ। ਉਹ ਕਵਿਤਾਵਾਂ ਲਿਖਦਾ ਸੀ ਤਾਂ ਸੁਰਜੀਤ ਖੁਰਸ਼ੀਦੀ ਦੀ ਪ੍ਰੇਰਨਾ ਨੇ ਗੀਤਾਂ ਵੱਲ ਤੋਰਿਆ। ਉਨ੍ਹਾਂ ਨੇ ਕਵੀਆਂ ਦੇ ਨਾਲ-ਨਾਲ ਗੀਤਕਾਰਾਂ ’ਚ ਵੀ ਆਪਣਾ ਨਿਵੇਕਲਾ ਸਥਾਨ ਬਣਾਇਆ। ਉਨ੍ਹਾਂ ਦੀ ਇਹ ਖਾਸੀਅਤ ਸੀ ਕਿ ਜਦ ਵੀ ਉਹ ਮਿਲਦੇ ਤਾਂ ਹਰੇਕ ਨੂੰ ਪੁੱਛਦੇ ‘‘ਕੀ ਨਵਾਂ ਲਿਖਿਆ ਤੇ ਪੜਿ੍ਹਆ ਹੈ।’’ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ’ਚ ਹਰ ਰਚਨਾ ਉੱਪਰ ਬਿਨਾਂ ਲਿਹਾਜ਼ ਸਾਰਥਕ ਬਹਿਸ ਹੁੰਦੀ। ਕਿਸੇ ਰਚਨਾ ਨੂੰ ਹੋਰ ਖੂਬਸੂਰਤ ਕਿਵੇਂ ਬਣਾਇਆ ਜਾ ਸਕਦਾ ਹੈ, ਉਸ ਬਾਰੇ ਵੀ ਸੰਵੇਦਨਸ਼ੀਲ ਸੰਵਾਦ ਹੁੰਦਾ। ਹਰ ਵੇਲੇ ਮੁਸਕਰਾਉਂਦੇ ਰਹਿਣਾ ਅਤੇ ਆਪਣੀ ਖੂਬਸੂਰਤ ਆਵਾਜ਼ ਦਾ ਯਾਦੂ ਦਿਖਾਉਣਾ ਉਨ੍ਹਾਂ ਦੇ ਹੀ ਹਿੱਸੇ ਆਇਆ ਸੀ। ਸੁਖਮਿੰਦਰ ਰਾਮਪੁਰੀ ਨੇ ਜਿੱਥੇ ਸਾਹਿਤਕ ਸੰਸਥਾਵਾਂ ਦੀ ਅਗਵਾਈ ਕੀਤੀ, ਉੱਥੇ ਉਨ੍ਹਾਂ ਨੇ ਪਿੰਡ ਦੇ ਸਕੂਲ ਨੂੰ ਉਨ੍ਹਾਂ ਸਮਿਆਂ ’ਚ ਸਮਾਰਟ ਬਣਾਇਆ ਜਦੋਂ ਪੰਜਾਬ ’ਚ ਕੁਝ ਗਿਣਤੀ ਦੇ ਸਕੂਲ ਸਨ। ਉਨ੍ਹਾਂ ਨੇ ਕੁੜੀਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਅਤੇ ਕਈ ਪਿੰਡਾਂ ਦੇ ਸਕੂਲਾਂ ’ਚ ਪੜ੍ਹਾਇਆ ਵੀ। ਸਖ਼ਤ ਮਿਹਨਤ ਤੇ ਕੁਝ ਹਾਸਲ ਕਰਨ ਦੀ ਲਗਨ ਨੇ ਇਕ ਵਾਰ ਉਨ੍ਹਾਂ ਦੇ ਸਰਟੀਫਿਕੇਟ ਵੀ ਗੁੰਮ ਕਰਵਾਏ। ਸਰਹਿੰਦ ਰੇਲਵੇ ਸਟੇਸ਼ਨ ’ਤੇ ਕੋਈ ਗੱਠੜੀ ਚੋਰ ਕਿਸੇ ਦਾ ਸਾਮਾਨ ਲੈ ਕੇ ਭੱਜ ਗਿਆ ਤੇ ਰਾਮਪੁਰੀ ਉਸ ਦੇ ਮਗਰ ਦੌੜ ਪਿਆ। ਚੋਰ ਤਾਂ ਫੜਿਆ ਗਿਆ ਪਰ ਗੱਡੀ ਤੁਰ ਜਾਣ ਕਰ ਕੇ ਉਸਦਾ ਆਪਣਾ ਸਾਮਾਨ ਗੱਡੀ ਵਿਚ ਰਹਿ ਗਿਆ। ਇਸ ਦਾ ਉਸ ਨੂੰ ਕਾਫ਼ੀ ਨੁਕਸਾਨ ਹੋਇਆ। ਜੀਵਨ ’ਚ ਸਖ਼ਤ ਮਿਹਨਤ ਦੌਰਾਨ ਉਨ੍ਹਾਂ ਦੀ ਪਤਨੀ ਹਰਵਿੰਦਰ ਕੌਰ ਨੇ ਬਹੁਤ ਸਾਥ ਦਿੱਤਾ। ਉਨ੍ਹਾਂ ਦੇ ਤੁਰ ਜਾਣ ਦਾ ਸਾਹਿਤਕ ਹਲਕਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਰਾਮਪੁਰੀ ਦੀ ਸਮੁੱਚੀ ਕਵਿਤਾ ਲੋਕ ਪੱਖੀ ਹੋਣ ਕਾਰਨ ਸਦਾ ਦੱਬੇ-ਕੁਚਲੇ ਲੋਕਾਂ ਦੀ ਤਰਜਮਾਨੀ ਕਰਦੀ ਰਹੀ ਹੈ। ਉਸ ਦੇ ਕਈ ਗੀਤਾਂ ਦੇ ਮੁੱਖੜੇ ਲੋਕ ਮਨ ਦੀ ਵੇਦਨਾ ਹਨ।

‘ਇਨ੍ਹਾਂ ਜ਼ਖ਼ਮਾਂ ਦੀ ਕੀ ਕਹਿਣਾ

ਜਿਹਨਾਂ ਰੋਜ਼ ਹਰੇ ਰਹਿਣਾ!’’

‘ਸਾਨੂੰ ਕੱਲਿਆਂ ਨੂੰ ਛੱਡਕੇ ਨਾ ਜਾ

ਕੱਲਿਆਂ ਕੌਣ ਪੁੱਛਦਾ?’

ਉਹ ਸਾਨੂੰ ਸਾਰਿਆਂ ਨੂੰ ’ਕੱਲਿਆਂ ਛੱਡ ਕੇ ਤੁਰ ਗਿਆ। ਭਾਵੇਂ ਸੁਖਮਿੰਦਰ ਰਾਮਪੁਰੀ ਸਾਡੇ ਕੋਲੋਂ ਸਰੀਰਕ ਤੌਰ ’ਤੇ ਦੂਰ ਚਲਾ ਗਿਆ ਹੈ ਪਰ ਉਸ ਦੀਆਂ ਲਿਖਤਾਂ ਤੇ ਆਵਾਜ਼ ਹਮੇਸ਼ਾ ਮੌਜੂਦ ਰਹੇਗੀ!

Comment here