ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਇਸ ਵਾਰ ਪੰਜਾਬ ਚੋਣਾਂ ਚ ਕਈ ਧਿਰਾਂ ਮੈਦਾਨ ਚ ਦਿਸਣਗੀਆਂ

ਕਿਸੇ ਵੇਲੇ ਪੰਜਾਬ ਦੀਆਂ ਚੋਣਾਂ ਦੋ ਧਿਰਾਂ ਵਿਚ ਵੰਡੀਆਂ ਹੁੰਦੀਆਂ ਸਨ ਤੇ ਇਸ ਕਾਰਨ ਦੋ ਸਿਆਸੀ ਪਾਰਟੀਆਂ ਵਿਚ ਖੇਡੀ ਗਈ ਗੇਮ, ਦੋਸਤਾਨਾ ਮੈਚ ਆਖੀ ਜਾਣ ਲੱਗੀ ਸੀ | ਦੋਸਤਾਨਾ ਮੈਚ ਆਖਣ ਵਾਲਿਆਂ ਵਿਚ ਜਨਤਾ ਵੀ ਪੇਸ਼ ਪੇਸ਼ ਸੀ ਤੇ ਪਾਰਟੀਆਂ ਦੇ ਅਪਣੇ ਅੰਦਰੋਂ ਵੀ ਇਹੀ ਆਵਾਜ਼ ਆ ਰਹੀ ਹੁੰਦੀ ਸੀ | ਇਸ ਅੰਦਰੋਂ ਮਿਲ ਕੇ ਖੇਡੀ ਜਾਂਦੀ ਸਿਆਸੀ ਕਬੱਡੀ ਦੇ ਪ੍ਰਤੀਕਰਮ ਵਜੋਂ ਪਿਛਲੀ ਵਿਧਾਨ ਸਭਾ ਵਿਚ ਪੰਜਾਬ ਨੇ ਪਹਿਲੀ ਵਾਰ ਇਕ ਅਜਿਹਾ ਤੀਜਾ ਧੜਾ ਉਭਰਦਾ ਵੇਖਿਆ ਜਿਸ ਨੇ ਪਹਿਲੇ ਚੋਣ ਹੱਲੇ ਵਿਚ ਹੀ ਪੰਜਾਬ ਦੀ 100 ਸਾਲ ਪੁਰਾਣੀ ਪਾਰਟੀ ਨੂੰ  ਹਟਾ ਕੇ ਸੂਬੇ ਦੀ ਦੂਜੇ ਨੰਬਰ ਦੀ ਪਾਰਟੀ ਹੋਣ ਦਾ ਦਰਜਾ ਪ੍ਰਾਪਤ ਕਰ ਲਿਆ | ਹੁਣ ਉਸੇ ਨੂਰਾ ਕੁਸ਼ਤੀ ਦੇ ਅਗਲੇ ਪ੍ਰਤੀਕਰਮ ਵਜੋਂ ਇਕ ਚੌਥਾ ਧੜਾ ਪੰਜਾਬ ਵਿਚ ਭਾਜਪਾ ਦੇ ਨਾਮ ਤੇ ਨਮੂਦਾਰ ਹੋ ਰਿਹਾ ਹੈ | ਕਿਸਾਨ ਅੰਦੋਲਨ ਦੀ ਅੱਧੀ ਜਿੱਤ ਦੇ ਬਾਅਦ ਅੱਜ ਪੰਜਾਬ ਵਿਚ ਭਾਜਪਾ ਦੀ ਪਹਿਲੀ ਸਿਆਸੀ ਰੈਲੀ ਹੋਈ ਜਿਸ ਨੂੰ ਵੇਖ ਕੇ ਸਾਫ਼ ਹੋ ਗਿਆ ਕਿ ਹੁਣ ਪੁਰਾਣੇ ਆਗੂ ਵੀ ਪੰਜਾਬ ਚੋਣ ਮੈਦਾਨ ਵਿਚ ਉਤਰ ਆਏ ਹਨ | ਜਦ ਬਲਬੀਰ ਸਿੰਘ ਰਾਜੇਵਾਲ ਨੇ ਸ੍ਰੀ ਦਰਬਾਰ ਸਾਹਿਬ ਵਿਚ ਆਖ ਦਿਤਾ ਕਿ ਅੰਦੋਲਨ ਅਜੇ ਖ਼ਤਮ ਨਹੀਂ ਹੋਇਆ, ਉਸ ਨੂੰ  ਕੁੱਝ ਸਮੇਂ ਲਈ ਰੋਕਿਆ ਗਿਆ ਹੈ ਤਾਂ ਕਈ ਕਿਸਾਨ ਆਗੂਆਂ ਦੀ ਸੋਚ ਵੀ ਸਾਫ਼ ਹੋ ਗਈ ਕਿ ਉਹ ਵੀ ਚੋਣ ਮੈਦਾਨ ਵਿਚ ਆਉਣ ਦੀ ਤਿਆਰੀ ਵਿਚ ਹਨ, ਤਾਂ ਹੀ ਤਾਂ ਰਾਕੇਸ਼ ਟਿਕੈਤ ਐਮ.ਐਸ.ਪੀ. ਦਾ ਮੁੱਦਾ ਅਤੇ ਲਖਮੀਰਪੁਰ ਦਾ ਇਨਸਾਫ਼ ਸੁਲਝਾਏ ਬਿਨਾਂ ਵਾਪਸ ਨਹੀਂ ਜਾਣਾ ਚਾਹੁੰਦੇ ਸਨ ਪਰ ਅੰਦੋਲਨ ਰੋਕਣ ਦੀ ਲੋੜ ਕਈਆਂ ਨੂੰ  ਸੀ | ਹੁਣ ਆਉਣ ਵਾਲੇ ਦਿਨਾਂ ਵਿਚ ਹੀ ਇਹ ਗੱਲ ਸਾਫ਼ ਹੋਵੇਗੀ ਕਿ ਇਸ ਵਾਰ ਦੀਆਂ ਚੋਣਾਂ ਵਿਚ ਚਾਰ ਤੋਂ ਵੱਧ ਧਿਰਾਂ ਵੀ ਮੈਦਾਨ ‘ਚ ਉਤਰਨਗੀਆਂ | ਕੀ ਕਿਸਾਨ ਆਗੂ ਅਪਣੀ ਪਾਰਟੀ ਬਣਾਉਣਗੇ ਜਾਂ ਕਿਸੇ ਹੋਰ ਪਾਰਟੀ ਦਾ ਹਿੱਸਾ ਬਣਨਗੇ? ਅਜੇ ਨਵੇਂ ਰੂਪ ਵਿਚ ਕੇ.ਸੀ. ਸਿੰਘ ਦੀ ਪਾਰਟੀ ਵੀ ਮੈਦਾਨ ਵਿਚ ਉਤਰ ਕੇ ਇਕ ਛੋਟਾ ਜਿਹਾ ਕੋਨਾ ਅਪਣੇ ਲਈ ਬਣਾਉਣਾ ਚਾਹ ਰਹੀ ਹੈ | ਲੱਖਾ ਸਿਧਾਣਾ, ਸੋਨੀਆ ਮਾਨ, ਸੋਨੂੰ ਸੂਦ, ਦੀਪ ਸਿੱਧੂ ਵਰਗੇ ਨਾਮ ਹਨ ਜਿਨ੍ਹਾਂ ਨੇ ਅਪਣਾ ਭਵਿੱਖ ਅਜੇ ਦਸਣਾ ਹੈ | ਇਨ੍ਹਾਂ ਸਾਰਿਆਂ ਵਿਚਕਾਰ ਜਦ ਵੋਟ-ਪ੍ਰਾਪਤੀ ਦੀ ਜੰਗ ਛਿੜ ਗਈ ਤਾਂ ਲੋਕਾਂ ਨੂੰ  ਬਹੁਤ ਮੁਸ਼ਕਲ ਪੇਸ਼ ਆਉਣੀ ਹੈ | ਇਸ ਵਾਰ ਦੀ ਚੋਣ ਵਿਚ ਇਕ ਜਾਗਰੂਕ ਵੋਟਰ ਦਾ ਆਉਣਾ ਸਪੱਸ਼ਟ ਤਾਂ ਸੀ ਪਰ ਹੁਣ ਜਾਗਰੂਕ ਵੋਟਰਾਂ ਨੂੰ  ਰਸਤਾ ਵਿਖਾਉਣ ਵਾਸਤੇ ਵੀ ਕੁੱਝ ਮੰਚ ਅੱਗੇ ਆ ਰਹੇ ਹਨ | ਮੰਚਾਂ ‘ਤੇ ਕਲਾਕਾਰਾਂ ਨਾਲ ਬੁੱਧੀਜੀਵੀ ਬੈਠ ਕੇ ਅਪਣੇ ਪੰਜਾਬ ਦੀ ਯੋਜਨਾ ਸਾਂਝੀ ਕਰ ਰਹੇ ਹਨ ਹੁਣ ਪੰਜਾਬ ਸਾਹਮਣੇ ਕਈ ਪੰਜਾਬ ਮਾਡਲ ਤੇ ਕਈ ਇਸ ਮਾਡਲ ਨੂੰ  ਚਲਾਉਣ ਵਾਲੇ ਚਿਹਰੇ ਪੇਸ਼ ਕੀਤੇ ਜਾਣਗੇ | ਕਿਸਾਨੀ ਅੰਦੋਲਨ ਵਿਚ ਸਿਰਫ਼ ਇਕ ਰਸਤਾ ਸੀ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਤੇ ਹਰ ਵਖਰਾ ਰਸਤਾ ਰੱਦ ਹੋਣ ਤੇ ਆ ਕੇ ਖ਼ਤਮ ਹੋ ਜਾਂਦਾ ਸੀ | ਪਰ ਅੱਜ ਦਾ ਹਰ ਮਾਡਲ, ਵਿਕਾਸ ਤੇ ਆ ਕੇ ਖੜਾ ਨਹੀਂ ਹੁੰਦਾ |ਹਰ ਰਸਤਾ ਸੱਤਾ ਦੇ ਗਲਿਆਰਿਆਂ ਵਿਚੋਂ ਨਿਕਲ ਕੇ ਜਾਂਦਾ ਹੈ ਤੇ ਅਸੀ ਵਾਰ ਵਾਰ ਵੇਖ ਲਿਆ ਹੈ ਕਿ ਸੱਤਾ ਵਿਚ ਅਜਿਹਾ ਨਸ਼ਾ ਹੈ ਕਿ ਉਹ ਵੱਡੇ ਵੱਡਿਆਂ ਨੂੰ  ਅਪਣੇ ਵਸ ਵਿਚ ਕਰ ਲੈਂਦੀ ਹੈ | ਕੋਈ ਤਾਕਤ ਤੇ ਕੁਰਸੀ ਪਿਛੇ ਪਾਗਲ ਹੋ ਜਾਂਦਾ ਹੈ ਤੇ ਕੋਈ ਪੈਸੇ ਪਿਛੇ ਅਪਣਾ ਈਮਾਨ ਵੇਚ ਦਿੰਦਾ ਹੈ | ਅਸੀ ਪਿਛਲੇ ਛੇ ਸਾਲਾਂ ਵਿਚ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਵੀ ਵੇਖੀ ਤੇ ਅੰਦਰੋਂ ਹੱਥ ਮਿਲਾ ਕੇ ਖੇਡੀ ਜਾ ਰਹੀ ਸਿਆਸਤ ਕਾਰਨ ਹਰ ਮਸਲੇ ਨੂੰ  ਰੁਲਦੇ ਵੀ ਵੇਖਿਆ |ਅੱਜ ਜਿਹੜਾ ਪੰਜਾਬ ਮਾਡਲ, ਪੰਜਾਬ ਬਚਾਉ ਦਾ ਨਾਹਰਾ ਸ਼ੁਰੂ ਹੋਇਆ ਹੈ, ਕਲ ਤਕ ਉਸ ਵਿਚ ਵੀ ਮਿਲਾਵਟਾਂ ਨਜ਼ਰ ਆ ਜਾਣੀਆਂ ਹਨ | ਹਰ ਇਕ ਦਾ ਇਹੀ ਕਹਿਣਾ ਹੋਵੇਗਾ ਕਿ ਮੇਰੀ ਗੱਲ ਸੁਣੋ, ਮੈਂ ਪੰਜਾਬ ਨੂੰ  ਜ਼ਿਆਦਾ ਪਿਆਰ ਕਰਦਾ ਹਾਂ | ਇਸ ਗੁੱਥੀ ਨੂੰ  ਸੁਲਝਾਉਣ ਦੀ ਜ਼ਿੰਮੇਵਾਰੀ ਅੱਜ ਪੰਜਾਬ ਦੇ ਆਮ ਵੋਟਰ ਉਤੇ ਆ ਪਈ ਹੈ | ਸਿਆਸਤਦਾਨਾਂ ਤੋਂ ਵੱਧ ਔਖਾ ਸਮਾਂ ਪੰਜਾਬ ਦੇ ਵੋਟਰਾਂ ਸਾਹਮਣੇ ਆ ਬਣਿਆ ਹੈ ਕਿਉਂਕਿ ਚੋਣ ਤਾਂ ਤੁਹਾਨੂੰ ਕਰਨੀ ਹੀ ਪੈਣੀ ਹੈ, ਠੀਕ ਕਰੋ ਭਾਵੇਂ ਗ਼ਲਤ |

 -ਨਿਮਰਤ ਕੌਰ

Comment here