ਖਬਰਾਂਚਲੰਤ ਮਾਮਲੇਦੁਨੀਆ

ਇਸਰੋ ਨੇ ਚੰਦਰਮਾ ‘ਤੇ ਪ੍ਰਗਿਆਨ ਦਾ ਵੀਡੀਓ ਕੀਤਾ ਸਾਂਝਾ

ਨਵੀਂ ਦਿੱਲੀ-ਭਾਰਤ ਦੇ ਚੰਦਰਯਾਨ-3 ਮਿਸ਼ਨ ਦੇ ਪ੍ਰਗਿਆਨ ਰੋਵਰ ਦਾ ਚੰਦਰਮਾ ਦੀ ਸਤ੍ਹਾ ਦੀ ਖੋਜ ਕਰਨ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਰੋਵਰ ਖੋਜਣ ਦੀ ਬਜਾਏ ਸ਼ਰਾਰਤੀ ਬੱਚੇ ਵਾਂਗ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਰੋਵਰ ਦੇ ਘੁੰਮਦੇ-ਫਿਰਦੇ ਦੀ ਵੀਡੀਓ ਚੰਦਰਯਾਨ ਦੇ ਵਿਕਰਮ ਲੈਂਡਰ ਤੋਂ ਲਈ ਗਈ ਹੈ। ਇਸਰੋ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਐਕਸ ਅਕਾਊਂਟ (ਪਹਿਲਾਂ ਟਵਿੱਟਰ) ‘ਤੇ ਸਾਂਝਾ ਕੀਤਾ, ਜੋ ਕਿ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਿਆ ਹੈ। ਚੰਦਰਯਾਨ ਮਿਸ਼ਨ ਰੋਵਰ ਦੇ ਇਸ ਸ਼ਰਾਰਤੀ ਅੰਦਾਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਇਸਰੋ ਨੇ 24 ਸੈਕਿੰਡ ਦੇ ਇਸ ਵੀਡੀਓ ਦੇ ਨਾਲ ਸੋਸ਼ਲ ਮੀਡੀਆ ‘ਤੇ ਲਿਖਿਆ, ‘ਰੋਵਰ ਨੂੰ ਸੁਰੱਖਿਅਤ ਰੂਟ ਦੀ ਭਾਲ ਵਿੱਚ ਘੁੰਮਾਇਆ ਗਿਆ ਸੀ। ਇਸ ਰੋਟੇਸ਼ਨ ਨੂੰ ਲੈਂਡਰ ਇਮੇਜਰ ਕੈਮਰੇ ਦੁਆਰਾ ਕੈਪਚਰ ਕੀਤਾ ਗਿਆ ਸੀ। ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਬੱਚਾ ਚੰਦਮਾਮਾ ਦੇ ਵਿਹੜੇ ਵਿੱਚ ਖੇਡ ਰਿਹਾ ਹੋਵੇ ਅਤੇ ਮਾਂ ਪਿਆਰ ਨਾਲ ਦੇਖ ਰਹੀ ਹੋਵੇ। ਹੈ ਨਾ?’
ਚੰਦਰਯਾਨ-3 ਨੇ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲ ਲੈਂਡਿੰਗ ਕੀਤੀ ਸੀ। ਇਸ ਨਾਲ ਭਾਰਤ ਚੰਦ ‘ਤੇ ਉਤਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਇਸ ਦੇ ਨਾਲ ਹੀ ਭਾਰਤ ਦੱਖਣੀ ਧਰੁਵ ‘ਤੇ ਉਤਰਨ ਵਾਲਾ ਪਹਿਲਾ ਦੇਸ਼ ਹੈ। ਚੰਦਰਯਾਨ-3 ਵਿਕਰਮ ਲੈਂਡਰ ਦੀ ਮਦਦ ਨਾਲ ਚੰਦਰਮਾ ‘ਤੇ ਉਤਰਿਆ। ਪ੍ਰਗਿਆਨ ਰੋਵਰ ਹੁਣ ਵਿਕਰਮ ਲੈਂਡਰ ਤੋਂ ਬਾਹਰ ਆ ਰਿਹਾ ਹੈ ਅਤੇ ਚੰਦਰਮਾ ‘ਤੇ ਜਾਂਚ ਕਰ ਰਿਹਾ ਹੈ। ਇੱਕ ਦਿਨ ਪਹਿਲਾਂ, ਇਹ ਖਬਰ ਆਈ ਹੈ ਕਿ ਰੋਵਰ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਆਕਸੀਜਨ ਅਤੇ ਸਲਫਰ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ।

Comment here