ਅਪਰਾਧਸਿਆਸਤਖਬਰਾਂ

ਇਰਾਨ ਹੁਣ ਤਕ ਚਾਰ ਪ੍ਰਦਰਸ਼ਨਕਾਰੀਆਂ ਨੂੰ ਲਗਾ ਚੁੱਕਾ ਫਾਂਸੀ

ਦੁਬਈ-ਈਰਾਨ ਵਿਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਸਤੰਬਰ ਤੋਂ ਸ਼ੁਰੂ ਹੋਏ ਪ੍ਰਦਰਸ਼ਨ ਜਾਰੀ ਹਨ। ਈਰਾਨ ਨੇ ਕਿਹਾ ਕਿ ਉਸ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਇਕ ਅਰਧ ਸੈਨਿਕ ਬਲ ਦੇ ਜਵਾਨ ਦੇ ਕਤਲ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ 2 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਈਰਾਨ ਦੀ ਨਿਆਂਪਾਲਿਕਾ ਨੇ ਫਾਂਸੀ ਦਿੱਤੇ ਗਏ ਲੋਕਾਂ ਦੀ ਪਛਾਣ ਮੁਹੰਮਦ ਕਰਮੀ ਅਤੇ ਮੁਹੰਮਦ ਹੁਸੈਨੀ ਵਜੋਂ ਕੀਤੀ ਹੈ। ਪ੍ਰਦਰਸ਼ਨਾਂ ਦੌਰਾਨ ਹੁਣ ਤੱਕ ਚਾਰ ਲੋਕਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਨਿਆਂਪਾਲਿਕਾ ਦੀ ਮਿਜ਼ਾਨ ਨਿਊਜ਼ ਏਜੰਸੀ ਦੇ ਅਨੁਸਾਰ, ਇਨ੍ਹਾਂ ਵਿਅਕਤੀਆਂ ਨੂੰ ਈਰਾਨੀ ਰੈਵੋਲਿਊਸ਼ਨਰੀ ਗਾਰਡ ਦੀ ਬਸੀਜ ਫੋਰਸ ਦੇ ਇੱਕ ਮੈਂਬਰ, ਰੂਹੁੱਲਾ ਅਜਮੀਆਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜਿਸਦੀ 3 ਨਵੰਬਰ ਨੂੰ ਤਹਿਰਾਨ ਦੇ ਬਾਹਰੀ ਇਲਾਕੇ ਕਾਰਜ ਸ਼ਹਿਰ ਵਿੱਚ ਮੌਤ ਹੋ ਗਈ ਸੀ।
ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਦੇ ਮੁਕੱਦਮੇ ਦੀ ਸੁਣਵਾਈ ਕਿਸ ਅਦਾਲਤ ਵਿੱਚ ਹੋਈ। ਹਾਲਾਂਕਿ ਅਦਾਲਤ ਦੇ ਬੰਦ ਕਮਰਿਆਂ ਵਿਚ ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਲਈ ਈਰਾਨ ਦੀ ਅੰਤਰਰਾਸ਼ਟਰੀ ਪੱਧਰ ‘ਤੇ ਆਲੋਚਨਾ ਵੀ ਹੋਈ ਹੈ। ਕਾਰਕੁਨਾਂ ਦਾ ਕਹਿਣਾ ਹੈ ਕਿ ਬੰਦ ਕਮਰੇ ਵਿਚ ਹੋਈ ਸੁਣਵਾਈ ਦੌਰਾਨ ਘੱਟੋ-ਘੱਟ 16 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਸਤੰਬਰ ਦੇ ਅੱਧ ਵਿੱਚ ਸ਼ੁਰੂ ਹੋਏ ਸਨ, ਜਦੋਂ 22 ਸਾਲਾ ਅਮੀਨੀ ਨੂੰ ਇਸਲਾਮਿਕ ਗਣਰਾਜ ਦੇ ਸਖ਼ਤ ਪਹਿਰਾਵੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਦੇ ਬਾਅਦ ਉਸ ਦੀ ਮੌਤ ਹੋ ਗਈ ਸੀ।

Comment here