ਸਿਆਸਤਖਬਰਾਂਦੁਨੀਆ

ਇਮਰਾਨ ਖ਼ਾਨ ਨੇ ਤੋਹਫ਼ੇ ’ਚ ਮਿਲੀ 10 ਲੱਖ ਡਾਲਰ ਦੀ ਘੜੀ ਵੇਚ’ਤੀ

ਇਸਲਾਮਾਬਾਦ-ਸੋਸ਼ਲ ਮੀਡੀਆ ’ਤੇ ਖ਼ਬਰਾਂ ਆ ਰਹੀਆਂ ਹਨ ਕਿ ਇਮਰਾਨ ਖਾਨ ਨੂੰ ਖਾੜੀ ਦੇਸ਼ ਦੇ ਇਕ ਰਾਜਕੁਮਾਰ ਨੇ 10 ਲੱਖ ਡਾਲਰ ਦੀ ਘੜੀ ਭੇਂਟ ਕੀਤੀ ਸੀ। ਇਹ ਘੜੀ ਨੂੰ ਕਥਿਤ ਤੌਰ ’ਤੇ ਦੁਬਈ ਵਿਚ ਖਾਨ ਦੇ ਇਕ ਨਜ਼ਦੀਕੀ ਸਹਿਯੋਗੀ ਨੇ ਵੇਚ ਕੇ ਪ੍ਰਧਾਨ ਮੰਤਰੀ ਨੂੰ 10 ਲੱਖ ਡਾਲਰ ਦਿੱਤੇ ਸਨ। ਰਾਜਕੁਮਾਰ ਖਾਨ ਨੂੰ ਭੇਟ ਕੀਤੀ ਘੜੀ ਦੀ ਵਿਕਰੀ ਬਾਰੇ ਜਾਣਦੇ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਪੰਜਾਬ ਦੇ ਪ੍ਰਧਾਨ ਰਾਣਾ ਸਨਾਉੱਲਾਹ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੂਜੇ ਦੇਸ਼ਾਂ ਦੇ ਮੁਖੀਆਂ ਵੱਲੋਂ ਪ੍ਰਾਪਤ ਕੀਤੇ ਗਏ ਤੋਹਫ਼ਿਆਂ ਦੀ ਕਥਿਤ ਵਿਕਰੀ ਕਾਰਨ ਪਾਕਿਸਤਾਨ ਨੂੰ ਬਦਨਾਮ ਕੀਤਾ ਗਿਆ ਹੈ।
ਦੇਸ਼ ਦੇ ਦੌਰਿਆਂ ਦੌਰਾਨ ਰਾਜ ਦੇ ਮੁਖੀਆਂ ਜਾਂ ਸੰਵਿਧਾਨਕ ਅਹੁਦਿਆਂ ’ਤੇ ਕਾਬਜ਼ ਅਧਿਕਾਰੀਆਂ ਵਿਚਾਲੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਨਿਯਮਿਤ ਤੌਰ ’ਤੇ ਹੁੰਦਾ ਹੈ। ਤੋਹਫ਼ਾ ਭੰਡਾਰ (ਤੋਸ਼ਾਖਾਨਾ) ਦੇ ਨਿਯਮਾਂ ਅਨੁਸਾਰ, ਇਹ ਤੋਹਫ਼ੇ ਉਦੋਂ ਤੱਕ ਰਾਜ ਦੀ ਜਾਇਦਾਦ ਬਣੇ ਰਹਿੰਦੇ ਹਨ, ਜਦੋਂ ਤੱਕ ਇਨ੍ਹਾਂ ਨੂੰ ਖੁੱਲ੍ਹੀ ਨਿਲਾਮੀ ਵਿਚ ਵੇਚਿਆ ਨਹੀਂ ਜਾਂਦਾ।
ਦਿ ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਰਿਪੋਰਟ ਦਿੱਤੀ ਹੈ ਕਿ ਨਿਯਮ ਅਧਿਕਾਰੀਆਂ ਨੂੰ ਬਿਨਾਂ ਕੁੱਝ ਭੁਗਤਾਨ ਕੀਤੇ 10,000 ਰੁਪਏ ਤੋਂ ਘੱਟ ਦੇ ਬਾਜ਼ਾਰ ਮੁੱਲ ਦੇ ਤੋਹਫ਼ੇ ਰੱਖਣ ਦੀ ਇਜਾਜ਼ਤ ਦਿੰਦੇ ਹਨ। ਬਰਖ਼ਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਅਤੇ ਪੀ.ਐੱਮ.ਐੱਲ.-ਐੱਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਉਰਦੂ ਵਿਚ ਟਵੀਟ ਕੀਤਾ, ‘ਇਮਰਾਨ ਖਾਨ ਨੇ ਹੋਰਨਾਂ ਦੇਸ਼ਾਂ ਤੋਂ ਮਿਲੇ ਤੋਹਫ਼ੇ ਵੇਚ ਦਿੱਤੇ ਹਨ। ਖਲੀਫਾ ਹਜਰਤ ਉਮਰ (ਪੈਗੰਬਰ ਮੁਹੰਮਦ ਦੇ ਸਾਥੀ) ਆਪਣੀ ਕਮੀਜ਼ ਤੇ ਬਾਗੇ ਲਈ ਜਵਾਬਦੇਹ ਸਨ ਅਤੇ ਦੂਜੇ ਪਾਸੇ ਤੁਸੀਂ (ਇਮਰਾਨ ਖਾਨ) ਤੋਸ਼ਾਖਾਨੇ ਦੇ ਵਿਦੇਸ਼ੀ ਤੋਹਫ਼ੇ ਲੁੱਟੇ ਅਤੇ ਮਦੀਨਾ ਸਥਾਪਤ ਕਰਨ ਦੀ ਗੱਲ ਕਰਦੇ ਹੋ? ਕਿਵੇਂ ਕੋਈ ਵਿਅਕਤੀ ਇੰਨਾ ਅਸੰਵੇਦਨਸ਼ੀਲ, ਬੋਲ਼ਾ, ਗੂੰਗਾ ਤੇ ਅੰਨ੍ਹਾ ਹੋ ਸਕਦਾ ਹੈ?’ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਇਹ ਅਜਿਹੀਆਂ ਖ਼ਬਰਾਂ ਹਨ ਕਿ ਪ੍ਰਧਾਨ ਮੰਤਰੀ ਖਾਨ ਨੇ ਇਕ ਰਾਜਕੁਮਾਰ ਤੋਂ ਮਿਲੀ ਕੀਮਤੀ ਘੜੀ ਵੇਚ ਦਿੱਤੀ ਹੈ। ਉਨ੍ਹਾਂ ਕਿਹਾ, ’ਇਹ ਸ਼ਰਮਨਾਕ ਹੈ।’

Comment here