ਸਿਆਸਤਖਬਰਾਂਖੇਡ ਖਿਡਾਰੀਦੁਨੀਆ

ਇਮਰਾਨ ਬੀਜਿੰਗ ਉਲੰਪਿਕ ਚ ਵਿਸ਼ੇਸ ਪ੍ਰਾਹੁਣਾ ਬਣ ਕੇ ਜਾਵੇਗਾ

ਯੂਰਪ ਦੇ ਕਈ ਸ਼ਹਿਰਾਂ ‘ਚ ਬੀਜਿੰਗ ਉਲੰਪਿਕਸ ਖਿਲਾਫ ਪ੍ਰਦਰਸ਼ਨ

ਬਾਈਕਾਟ ਦੀ ਮੰਗ ਨੂੰ ਲੈ ਕੇ ਧਰਮਸ਼ਾਲਾ ਪੁੱਜੀ ਤਿੱਬਤੀਆਂ ਦੀ ਬਾਈਕ ਰੈਲੀ

ਇਸਲਾਮਾਬਾਦ– ਕਰੋਨਾ ਮਹਾਮਾਰੀ ਦੇ ਦਰਮਿਆਨ ਚੀਨ ਵਿੱਚ ਉਲੰਪਿਕ ਖੇਡਾਂ ਹੋ ਰਹੀਆਂ ਹਨ, ਕਈ ਮੁੱਦਿਆਂ ਕਾਰਨ ਘਿਰੇ ਚੀਨ ਨਾਲ ਨਰਾਜ਼ ਬਹੁਤ ਸਾਰੇ ਮੁਲਕ ਬੀਜਿੰਗ ਉਲੰਪਿਕਸ ਦਾ ਬਾਈਕਾਟ ਕਰ ਚੁੱਕੇ ਹਨ, ਪਰ ਪਾਕਿਸਤਾਨ ਆਪਣੀ ਯਾਰੀ ਪੁਗਾਏਗਾ। ਪਾਕਿਸਤਾਨ ਵੈਸੇ ਵੀ ਦੁਨੀਆ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਚੀਨ ਨਾਲ ਦੋਸਤੀ ਨਿਭਾਉਂਦਾ ਆ ਰਿਹਾ ਹੈ। ਉਈਗਰਾਂ ਦੇ ਮਾਮਲੇ ਅਤੇ ਚੀਨ ਦੇ ਹਮਲਾਵਰ ਰੁੱਖ ਦੇ ਖਿਲਾਫ ਕਈ ਦੇਸ਼ਾਂ ਦੁਆਰਾ ਬਾਈਕਾਟ ਦੇ ਆਲਾਨ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬੀਜਿੰਗ ਓਲੰਪਿਕ ’ਚ ਬਤੌਰ ਮਹਿਮਾਨ ਸ਼ਾਮਲ ਹੋਣ ਜਾਣਗੇ। ਇਮਰਾਨ ਖਾਨ 4 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਬੀਜਿੰਗ ਓਲੰਪਿਕ 2022 ’ਚ ਭਾਗ ਲੈਣ ਵਾਲੇ ਪ੍ਰਮੁੱਖ ਵਿਅਕਤੀਆਂ ’ਚੋਂ ਇਕ ਹੋ ਸਕਦੇ ਹਨ। ਸੂਤਰਾਂ ਮੁਤਾਬਕ, ਚੀਨੀ ਸਰਕਾਰ ਅਤੇ ਚਾਈਨਾ ਸਪੋਰਟਸ ਅਥਾਰਟੀ ਦਾ ਉਦਘਾਟਨ ਜਾਂ ਸਮਾਪਤੀ ਸਮਾਰੋਹ ’ਚ ਜਾਂ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੀ ਮੌਜੂਦਗੀ ਲਈ ਉਤਸ਼ਾਹਿਤ ਹਨ। ਸਮਾਚਾਰ ਪਾਕਿਸਤਾਨ ਸਪੋਰਟ ਬੋਰਡ (ਪੀ.ਐੱਸ.ਬੀ.) ਦੇ ਇਕ ਅਧਿਕਾਰੀ ਨੇ ਸੱਦਾ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਸਪੋਰਟ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਂ, ਅਸੀਂ ਚੀਨੀ ਅਧਿਕਾਰੀਆਂ ਦੇ ਸੰਪਰਕ ’ਚ ਹਾਂ ਅਤੇ ਸਾਨੂੰ ਇਕ ਸੰਦੇਸ ਮਿਲਿਆ ਹੈ। ਅਸੀਂ ਅਧਿਕਾਰਤ ਚੈਨਲ ਰਾਹੀਂ ਇਸ ਨੂੰ ਵਿਦੇਸ਼ ਮੰਤਰਾਲਾ ਨੂੰ ਭੇਜ ਦਿੱਤਾ ਹੈ।  ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਮੌਜੂਦਗੀ ਬਹੁਤ ਮਹੱਤਵਪੂਰਨ ਹੋਵੇਗੀ ਕਿਉਂਕਿ ਕੁਝ ਪ੍ਰਮੁੱਖ ਪੱਛਮੀ ਦੇਸ਼ਾਂ ਨੇ ਮੇਗਾ ਆਯੋਜਨ ਦੇ ਕੂਟਨੀਤਕ ਬਾਈਕਾਟ ਦਾ ਫੈਸਲਾ ਕੀਤਾ ਹੈ। ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਕੈਨੇਡਾ ਨੇ ਇਸ ਆਯੋਜਨ ਦੇ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਹੈ, ਜਦਕਿ ਉੱਤਰ-ਕੋਰੀਆ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਬਾਹਰ ਨਿਕਲਣ ਵਾਲਾ ਨਵੀਨਤਮ ਦੇਸ਼  ਹੈ। ਹਾਲਾਂਕਿ, ਦੁਨੀਆ ਭਰ ਦੇ ਐਥਲੀਟ ਚਾਰ ਸਾਲ ਦੇ ਆਯੋਜਨ ’ਚ ਭਾਗ ਲੈਣ ਲਈ ਯਾਤਰਾ ਕਰਨਗੇ ਪਰ ਪੱਛਮੀ ਦੇਸ਼ਾਂ ਦੇ ਆਦਰਯੋਗ ਵਿਅਕਤੀਆਂ ਦੇ ਇਨ੍ਹਾਂ ਖੇਡਾਂ ’ਚ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ।

ਯੂਰਪ ਦੇ ਕਈ ਸ਼ਹਿਰਾਂ ‘ਚ ਬੀਜਿੰਗ ਉਲੰਪਿਕਸ ਖਿਲਾਫ ਪ੍ਰਦਰਸ਼ਨ

ਦੁਨੀਆ ਭਰ ਵਿਚ ਉਈਗਰ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਲੈ ਕੇ ਚੀਨ ਦਾ ਵਿਰੋਧ ਵਧਦਾ ਜਾ ਰਿਹਾ ਹੈ। ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਉਈਗਰ ਨਸਲਕੁਸ਼ੀ ਨੂੰ ਲੈ ਕੇ ਚੀਨ ਦੀ ਰਾਜਧਾਨੀ ਬੀਜਿੰਗ ‘ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਸਿਲਸਿਲੇ ਵਿਚ ਯੂਰਪ ਦੇ ਕਈ ਸ਼ਹਿਰਾਂ ਵਿਚ ਚੀਨ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਕਾਰੀਆਂ ਨੇ ਸ਼ਿਨਜਿਆਂਗ ਸੂਬੇ ‘ਚ ਮੁਸਲਿਮ ਘੱਟ ਗਿਣਤੀਆਂ ‘ਤੇ ਅੱਤਿਆਚਾਰਾਂ ਦੇ ਖ਼ਿਲਾਫ਼ ਆਗਾਮੀ ਸਰਦ ਰੁੱਤ ਓਲੰਪਿਕ ਦੇ ਬਾਈਕਾਟ ਦਾ ਸੱਦਾ ਦਿੱਤਾ। ਬੈਲਜੀਅਨ ਉਈਗਰ ਐਸੋਸੀਏਸ਼ਨ ਨੇ ਤਿੱਬਤ ਅਤੇ ਹਾਂਗਕਾਂਗ ਦੇ ਸਮੂਹਾਂ ਦੇ ਨਾਲ, ਯੂਰਪੀਅਨ ਯੂਨੀਅਨ ਦਫ਼ਤਰ ਦੇ ਸਾਹਮਣੇ ਬੀਜਿੰਗ ਸਰਦ ਰੁੱਤ ਓਲੰਪਿਕ ਦਾ ਵਿਰੋਧ ਕੀਤਾ ਅਤੇ ਬ੍ਰਸੇਲਜ਼ ਵਿਚ ਚੀਨੀ ਦੂਤਾਵਾਸ ਤੱਕ ਇਕ ਰੋਸ ਮਾਰਚ ਵੀ ਕੱਢਿਆ। ਐਂਟਵਰਪ, ਬ੍ਰਿਸਬੇਨ, ਬਰਲਿਨ, ਲੂਸਰਨ ਅਤੇ ਲੰਡਨ ਵਿਚ ਵੀ ਛੋਟੇ-ਛੋਟੇ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਪਹਿਲਾਂ, ਬੈਲਜੀਅਮ ਦੇ ਸ਼ਹਿਰ ਐਂਟਵਰਪ ਵਿਚ ਸਥਾਨਕ ਉਈਗਰ ਭਾਈਚਾਰੇ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਈਗਰਾਂ ਵਿਰੁੱਧ ਬੀਜਿੰਗ ਦੀਆਂ ਕਾਰਵਾਈਆਂ ਦਾ ਵਿਰੋਧ ਕੀਤਾ ਅਤੇ ਆਗਾਮੀ ਬੀਜਿੰਗ ਸਰਦ ਰੁੱਤ ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਐਂਟਵਰਪ ਵਿਚ ਉਈਗਰ ਭਾਈਚਾਰੇ ਦੇ ਸਥਾਨਕ ਨੇਤਾਵਾਂ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀਆਂ ਨੇ ਚੀਨ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਚੀਨੀ ਅਧਿਕਾਰੀਆਂ ਵੱਲੋਂ ਉਈਗਰ ਭਾਈਚਾਰੇ ਵਿਰੁੱਧ ਕੀਤੇ ਜਾ ਰਹੇ ਸਾਰੇ ਅੱਤਿਆਚਾਰਾਂ ਨੂੰ ਰੋਕਿਆ ਜਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਯੂਰਪੀ ਦੇਸ਼ਾਂ ਨੂੰ ਬੀਜਿੰਗ ‘ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਦੱਸ ਦੇਈਏ ਕਿ ਬੀਜਿੰਗ ਸਰਦ ਰੁੱਤ ਓਲੰਪਿਕ ਖੇਡਾਂ ਇਸ ਸਾਲ ਫਰਵਰੀ ਵਿਚ ਹੋਣ ਵਾਲੀਆਂ ਹਨ ਅਤੇ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਨੇ ਇਸ ਸਮਾਗਮ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਬਾਈਕਾਟ ਦੀ ਮੰਗ ਵੀ ਵਧ ਰਹੀ ਹੈ।

 ਬਾਈਕਾਟ ਦੀ ਮੰਗ ਨੂੰ ਲੈ ਕੇ ਧਰਮਸ਼ਾਲਾ ਪੁੱਜੀ ਤਿੱਬਤੀਆਂ ਦੀ ਬਾਈਕ ਰੈਲੀ

ਬੀਜਿੰਗ ਸਰਦਰੁੱਤ ਓਲੰਪਿਕ ਦੇ ਵਿਰੋਧ ‘ਚ ਕੱਢੀ ਜਾ ਰਹੀ ਬਾਈਕ ਰੈਲੀ ਸ਼ਨੀਵਾਰ ਨੂੰ ਭਾਰੀ ਵਰਖਾ ਤੇ ਜ਼ਬਰਦਸਤ ਠੰਡ ਦਰਮਿਆਨ ਧਰਮਸ਼ਾਲਾ ਪੁੱਜੀ। ਬੈਂਗਲੁਰੂ ਤੋਂ ਸ਼ੁਰੂ ਹੋਈ ਇਸ ਰੈਲੀ ‘ਚ 14 ਤਿੱਬਤੀ ਯੁਵਾ ਕਾਰਜਕਰਤਾ 7 ਬਾਈਕਸ ਨਾਲ ਹਿੱਸਾ ਲੈ ਰਹੇ ਹਨ। ਇਸ ਤੋਂ ਪਹਿਲਾਂ 10 ਦਸੰਬਰ ਨੂੰ, ਖੇਤਰੀ ਤਿੱਬਤੀ ਯੁਵਾ ਕਾਂਗਰਸ ਦਿੱਲੀ ਨੇ ਚੀਨ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਵਾਂ ਕਰਨ ‘ਤੇ ਬੀਜਿੰਗ 2022 ਓਲੰਪਿਕ ਦੇ ਬਾਈਕਾਟ ਕਰਨ ਲਈ ਬੈਂਗਲੁਰੂ ਤੋਂ ਦਿੱਲੀ ਤਕ ਆਪਣੀ ਕ੍ਰਾਸ ਕੰਟਰੀ ਬਾਈਕ ਰੈਲੀ ਨਾਲ ਸ਼ੁਰੂਆਤ ਕੀਤੀ। ਰੈਲੀ ਕਾਰਜਕਰਤਾਵਾਂ ਨੇ ਦੱਸਿਆ ਕਿ 10 ਦਸੰਬਰ, 2021 ਤੋਂ ਬੈਂਗਲੁਰੂ ਤੋਂ ਸ਼ੁਰੂ ਹੋਈ ਇਸ ਰੈਲੀ ਨੂੰ ਉਹ ਦਿੱਲੀ ‘ਚ ਖ਼ਤਮ ਕਰ ਰਹੇ ਹਨ। ਬਾਈਕ ਰੈਲੀ ਦੇ ਆਯੋਜਕ ਤੇ ਖੇਤਰੀ ਤਿੱਬਤੀ ਯੁਵਾ ਕਾਂਗਰਸ ਦਿੱਲੀ ਦੇ ਜਨਰਲ ਸਕੱਤਰ ਤੇਨਜ਼ਿਨ ਨੇ ਕਿਹਾ ਕਿ ਬੀਜਿੰਗ ਸਰਦਰੁੱਤ ਓਲੰਪਿਕ ਦੇ ਵਿਰੋਧ ਦੇ ਸੰਦੇਸ਼ ਦੇ ਨਾਲ 10 ਵੱਖ-ਵੱਖ ਸੂਬਿਆਂ ਤੇ 40 ਅਲਗ-ਅਲਗ ਸਥਾਨਾਂ ਨੂੰ ਕਵਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨਾ ਸਿਰਫ਼ ਭਾਰਤ ਸਰਕਾਰ ਸਗੋਂ ਪੂਰੀ ਦੁਨੀਆ ਇਸ ਬੀਜਿੰਗ ਸਰਦਰੁੱਤ ਓਲੰਪਿਕ ਦਾ ਬਾਈਕਾਟ ਕਰੇ। ਤੇਨਜ਼ਿਨ ਨੇ ਬੀਜਿੰਗ ਸਰਦਰੁੱਤ ਓਲੰਪਿਕ ਨੂੰ ‘ਕਤਲੇਆਮ ਦੀ ਖੇਡ’ ਕਰਾਰ ਦਿੱਤਾ। ਤੇਨਜਿਨ ਨੇ ਕਿਹਾ ਕਿ ਇਹ ਸਿਰਫ਼ ਓਲੰਪਿਕ ਖੇਡ ਨਹੀਂ ਹੈ, ਇਹ ਕਤਲੇਆਮ ਦਾ ਖੇਡ ਹੈ। ਤਿੱਬਤ ‘ਚ ਕੀ ਹੋ ਰਿਹਾ ਹੈ, ਉਈਗਰਾਂ ਦੇ ਨਾਲ ਕੀ ਹੋ ਰਿਹਾ ਹੈ, ਇਹ ਕਲਪਨਾ ਤੋਂ ਪਰੇ ਹੈ। ਇਸ ਲਈ ਅਸੀਂ ਭਾਰਤ ਸਰਕਾਰ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਇਸ ਬੀਜਿੰਗ ਓਲੰਪਿਕ ਦਾ ਬਾਈਕਾਟ ਕਰਨ ਤੇ ਜੋ ਸਹੀ ਹੈ ਉਸ ਨੂੰ ਕਰਨ ਦੀ ਬੇਨਤੀ ਕਰਦੇ ਹਾਂ।

Comment here